ਸੰਗਤ ਤੇ ਪੰਗਤ


ਪ੍ਰਸ਼ਨ. ਸੰਗਤ ਤੇ ਪੰਗਤ ਦੇ ਮਹੱਤਵ ‘ਤੇ ਇੱਕ ਨੋਟ ਲਿਖੋ।

ਉੱਤਰ : 1. ਸੰਗਤ : ਸੰਗਤ ਸੰਸਥਾ ਤੋਂ ਭਾਵ ਇਕੱਠੇ ਮਿਲ ਬੈਠਣ ਤੋਂ ਸੀ। ਇਹ ਸੰਗਤ ਸਵੇਰੇ ਸ਼ਾਮ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਇਕੱਠੀ ਹੁੰਦੀ ਸੀ। ਇਸ ਸੰਗਤ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ। ਗੁਰੂ ਅੰਗਦ ਸਾਹਿਬ ਨੇ ਇਸ ਸੰਸਥਾ ਨੂੰ ਵਧੇਰੇ ਸੰਗਠਿਤ ਕੀਤਾ। ਸੰਗਤ ਵਿੱਚ ਕੋਈ ਵੀ ਇਸਤਰੀ ਜਾਂ ਪੁਰਸ਼ ਬਿਨਾਂ ਕਿਸੇ ਜਾਤ-ਪਾਤ ਜਾਂ ਧਰਮ ਦੇ ਵਿਤਕਰੇ ਦੇ ਸ਼ਾਮਲ ਹੋ ਸਕਦਾ ਸੀ। ਸੰਗਤ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ। ਸੰਗਤ ਵਿੱਚ ਜਾਣ ਵਾਲੇ ਵਿਅਕਤੀ ਦੀ ਕਾਇਆ ਪਲਟ ਜਾਂਦੀ ਸੀ। ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਸਨ। ਉਹ ਭਵਸਾਗਰ ਤੋਂ ਪਾਰ ਹੋ ਜਾਂਦਾ ਸੀ। ਨਿਰਸੰਦੇਹ ਇਹ ਸੰਸਥਾ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਈ।

2. ਪੰਗਤ : ਪੰਗਤ (ਲੰਗਰ) ਸੰਸਥਾ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਜਾਰੀ ਰੱਖਿਆ ਅਤੇ ਗੁਰੂ ਅਮਰਦਾਸ ਜੀ ਨੇ ਇਸ ਸੰਸਥਾ ਨੂੰ ਵਧੇਰੇ ਵਿਕਸਿਤ ਕੀਤਾ। ਪਹਿਲੇ ਪੰਗਤ ਤੇ ਪਿੱਛੇ ਸੰਗਤ ਦਾ ਨਾਅਰਾ ਦਿੱਤਾ ਗਿਆ। ਮੁਗ਼ਲ ਬਾਦਸ਼ਾਹ ਅਕਬਰ ਅਤੇ ਹਰੀਪੁਰ ਦੇ ਰਾਜੇ ਨੇ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਛਕਿਆ ਸੀ। ਲੰਗਰ ਹਰ ਧਰਮ ਅਤੇ ਜਾਤੀ ਦੇ ਲੋਕਾਂ ਲਈ ਖੁੱਲ੍ਹਾ ਸੀ। ਸਿੱਖ ਧਰਮ ਦੇ ਪ੍ਰਸਾਰ ਵਿੱਚ ਲੰਗਰ ਪ੍ਰਥਾ ਦਾ ਯੋਗਦਾਨ ਬੜਾ ਮਹੱਤਵਪੂਰਨ ਸੀ। ਇਸ ਸੰਸਥਾ ਨੇ ਸਮਾਜ ਵਿੱਚ ਜਾਤੀ ਪ੍ਰਥਾ ਅਤੇ ਛੂਆ-ਛੂਤ ਦੀਆਂ ਭਾਵਨਾਵਾਂ ਨੂੰ ਸਮਾਪਤ ਕਰਨ ਵਿੱਚ ਵੀ ਬੜੀ ਸਹਾਇਤਾ ਕੀਤੀ। ਇਸ ਸੰਸਥਾ ਕਾਰਨ ਸਿੱਖਾਂ ਵਿੱਚ ਆਪਸੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ।