ਸੰਖੇਪ ਸਾਰ : ਢੋਲ ਢਮੱਕਾ
ਪ੍ਰਸ਼ਨ. ‘ਢੋਲ-ਢਮੱਕਾ’ ਲੇਖ ਦਾ ਸਾਰ ਲਿਖੋ ।
ਉੱਤਰ : ਦੁਨੀਆ ਵਿਚ ਅਜਿਹੇ ਲੋਕ ਬਹੁਤ ਹਨ, ਜਿਹੜੇ ਆਲੇ-ਦੁਆਲੇ ਦੇ ਸੁਖ ਤੇ ਸ਼ਾਂਤੀ ਦੀ ਪਰਵਾਹ ਨਾ ਕਰਦੇ ਹੋਏ ਖੂਬ ਰੌਲਾ ਪਾਉਂਦੇ ਹਨ, ਜਿਸ ਨਾਲ ਉਹ ਲੋਕਾਂ ਨੂੰ ਮਗਰ ਲਾ ਕੇ ਆਪਣਾ ਕੋਈ ਚੋਣ ਜਿੱਤਣ ਜਾਂ ਮਾਲ ਵੇਚਣ ਦਾ ਮਤਲਬ ਪੂਰਾ ਕਰਦੇ ਹਨ। ਪਿਛਲੀ ਜੰਗ ਵਿਚ ਜਦੋਂ ਜਰਮਨਾਂ ਨੇ ਇੰਗਲੈਂਡ ਦੇ ਜਹਾਜ਼ੀ ਬੇੜੇ ਨੂੰ ਰੋਕਣ ਲਈ ਡੈਨਮਾਰਕ, ਹਾਲੈਂਡ ਤੇ ਨਾਰਵੇ ਦੇ ਕੰਢੇ ਰੇ ਕੰਢੇ ਮੱਲਣ ਦੀ ਕਾਰਵਾਈ ਕੀਤੀ, ਤਾਂ ਜਰਮਨੀ ਫ਼ੌਜੀ ਬੈਂਡ-ਵਾਜੇ ਵਜਾਉਂਦੇ ਨਾਰਵੇ ਦੇ ਓਸਲੋ ਸ਼ਹਿਰ ਵਿਚ ਦਾਖ਼ਲ ਹੋਏ ਤੇ ਲੋਕਾਂ ਨੂੰ ਇਆ। ਤਮਾਸ਼ੇ ਦੇ ਭੁਲੇਖੇ ਵਿਚ ਪਾ ਕੇ ਸ਼ਹਿਰ ਉੱਤੇ ਕਾਬਜ਼ ਹੋ ਗਏ। ਅਸਲ ਵਿਚ ਦੋ ਆਦਮੀਆਂ ਦੀ ਟੱਕਰ ਵਿਚ ਇਹ ਸੁਆਲ ਉੱਠਦਾ ਹੈ ਕਿ ਕੌਣ ਦੂਜੇ ਨੂੰ ਉੱਲੂ ਬਣਾ ਸਕਦਾ ਹੈ। ਮਨੁੱਖ ਕੋਲ ਟੱਕਰ ਲੈਣ ਲਈ ਪਸ਼ੂਆਂ ਵਾਂਗ ਨਹੁੰਦਰਾਂ ਤੇ ਸਿੰਙ ਨਹੀਂ। ਇਸ ਕਰਕੇ ਉਹ ਫ਼ਰੇਬ ਜਾਂ ਨੀਤੀ ਨਾਲ ਦੂਜਿਆਂ ਨੂੰ ਦਬਾਉਣ ਦਾ ਯਤਨ ਕਰਦਾ ਹੈ। ਉਹ ਪਸ਼ੂਆਂ ਵਾਂਗ ਖੁੱਲ੍ਹੇ ਨਹੀਂ, ਸਗੋਂ ਲੁਕਵੇਂ ਹਥਿਆਰਾਂ ਦੀ ਵਰਤੋਂ ਕਰਦਾ ਹੈ। ਇੱਥੇ ਤਾਂ ਜਿਹੜਾ ਫ਼ਰੇਬ ਨਾ ਵਰਤ ਸਕੇ, ਉਹ ਅਸੱਭਿਆ ਕਹਾਉਂਦਾ ਹੈ।
ਸਾਡੇ ਦੇਸ਼ ਵਿਚ ਦੂਜਿਆਂ ਨੂੰ ਕਾਬੂ ਕਰਨ ਲਈ ਵਿੰਗੇ-ਟੇਢੇ ਤਰੀਕੇ ਘੱਟ, ਪਰ ਸੰਘ ਪਾੜਨ ਵਰਗੇ ਸੌਖੇ ਤੇ ਸਸਤੇ ਤਰੀਕੇ ਵਧੇਰੇ ਵਰਤੇ ਜਾਂਦੇ ਹਨ। ਇਸ ਪੱਖੋਂ ਸਾਡਾ ਦੇਸ਼ ਬਹੁਤ ਸਹਿਣਸ਼ੀਲ ਹੈ। ਇੱਥੇ ਸੰਘ ਪਾੜ ਕੇ ਬਹੁਤ ਸਾਰੇ ਲੋਕ ਇਕੱਠੇ ਕਰ ਲਏ ਜਾਂਦੇ ਹਨ ਜਾਂ ਆਪਣੇ ਵਲ ਖਿੱਚ ਲਏ ਜਾਂਦੇ ਹਨ। ਇਸ ਮੰਤਵ ਲਈ ਸਵੇਰ ਤੋਂ ਹੀ ਸਮਾਨ ਵੇਚਣ ਵਾਲੇ ਤੇ ਸਿਨਮੇ ਦੀ ਮਸ਼ਹੂਰੀ ਵਾਲੇ ਢੋਲ, ਬੈਂਡ-ਵਾਜੇ ਤੇ ਟੱਲ ਲੈ ਕੇ ਸੜਕਾਂ ਉੱਤੇ ਗੇੜਾ ਲਾਉਣਾ ਸ਼ੁਰੂ ਕਰ ਦਿੰਦੇ ਹਨ। ਦੁਪਹਿਰੇ ਦੁਕਾਨਾਂ ਉੱਤੇ ਇਕ-ਦੂਜੇ ਤੋਂ ਵਧ ਕੇ ਰੇਡੀਓ ਵਜਾਏ ਜਾਂਦੇ ਹਨ। ਦੁਪਹਿਰੋਂ ਬਾਅਦ ਬਜ਼ਾਰ ਵਿਚ ਰੇੜੀਆਂ ਤੇ ਛਾਬੜੀਆਂ ਵਾਲੇ ਆਪਣਾ ਬਚਿਆ-ਖੁਚਿਆ ਤੇ ਗਲਿਆ-ਸੜਿਆ ਮਾਲ ਵੇਚਣ ਲਈ ਖ਼ੂਬ ਰੌਲਾ ਪਾਉਂਦੇ ਹਨ ਤੇ ਇਸ ਰੌਲੇ-ਗੌਲੇ ਦੇ ਬੇਸੁਰਤ ਕੀਤੇ ਲੋਕ ਵੀ ਸਭ ਕੁੱਝ ਖ਼ਰੀਦ ਲਿਜਾਂਦੇ ਹਨ।
ਅਸਲ ਵਿਚ ਜਦੋਂ ਦੀ ਅਜ਼ਾਦੀ ਆਈ ਹੈ, ਉਦੋਂ ਦੀ ਰੌਲਾ ਪਾਉਣ ਦੀ ਵੀ ਪੂਰੀ ਅਜ਼ਾਦੀ ਮਿਲ ਗਈ ਜਾਪਦੀ ਹੈ। ਅੱਜ ਸ਼ਾਂਤ-ਚਿਤ ਕਹੇ ਜਾਣ ਵਾਲੇ ਸਾਡੇ ਮੁਲਕ ਵਿਚ ਪਤਾ ਨਹੀਂ ਲਗਦਾ ਕਿ ਸ਼ਾਂਤੀ ਕੀ ਚੀਜ਼ ਹੁੰਦੀ ਹੈ। ਇੰਨੇ ਰੌਲੇ-ਗੋਲੇ ਵਿਚ ਉੱਚੀ ਬੋਲੇ ਬਿਨਾਂ ਸਰਦਾ ਨਹੀਂ ਤੇ ਅਸੀਂ ਆਪਣੇ ਗਲਿਆਂ ਦੀ ਸੁਰੀਲੀ, ਮੱਧਮ ਤੇ ਖਿੱਚ ਭਰੀ ਤਾਲ ਭੁਲਾ ਰਹੇ ਹਾਂ। ਸਾਡੇ ਵਿਚ ਰੌਲਾ ਪਾਉਣ ਵਾਲਿਆਂ ਨੂੰ ਰੋਕਣ ਦਾ ਹੌਸਲਾ ਨਹੀਂ। ਜੇਕਰ ਇਹੋ ਹਾਲਤ ਰਹੀ, ਤਾਂ ਸਾਡੀ ਸੁਣਨ-ਸ਼ਕਤੀ ਦੀ ਸੂਖ਼ਮਤਾ ਜਾਂਦੀ ਰਹੇਗੀ। ਪਸ਼ੂਆਂ ਦੀਆਂ ਸੁਣਨ, ਸੁੰਘਣ ਤੇ ਵੇਖਣ ਦੀਆਂ ਸ਼ਕਤੀਆਂ ਇਸ ਕਰਕੇ ਸੂਖ਼ਮ ਹਨ, ਕਿਉਂਕਿ ਉਹ ਚੁੱਪ, ਸ਼ਾਂਤੀ ਤੇ ਇਕਾਂਤ ਵਿਚ ਵਸਦੇ ਹਨ, ਪਰ ਅਸੀਂ ਢੋਲ-ਢਮੱਕੇ ਤੇ ਰੌਲੇ ਵਿਚ ਰਹਿ ਕੇ ਖਹੁਰੇ ਤੇ ਡੰਡ-ਪਾਊ ਬਣ ਰਹੇ ਹਾਂ।
ਔਖੇ ਸ਼ਬਦਾਂ ਦੇ ਅਰਥ
ਅਲਗਰਜ : ਬੇਪਰਵਾਹ ।
ਪ੍ਰੈਜ਼ੀਡੰਟ : ਰਾਸ਼ਟਰਪਤੀ, ਸਭਾ ਦਾ ਪ੍ਰਧਾਨ ।
ਡੰਡ ਪਾਉਣੀ : ਰੌਲਾ ਪਾਉਣਾ ।
ਹੇਠ ਕਰਨਾ : ਨੀਵਾਂ ਦਿਖਾਉਣਾ ।
ਉਸਤਾਦੀ : ਚਲਾਕੀ।
ਚਿਤ ਕਰਨਾ : ਮਾਰ ਦੇਣਾ, ਪਛਾੜਨਾ ।
ਪ੍ਰਿਥਮ : ਪਹਿਲੀ ।
ਭੈਰਵੀ : ਸਵੇਰੇ ਵੇਲੇ ਗਾਉਣ ਵਾਲਾ ਰਾਗ ।
ਅਡੰਬਰ : ਦਿਖਾਵਾ ।
ਮਜਾਲ : ਜੁਅਰਤ, ਸ਼ਕਤੀ ।
ਸੀਲ : ਠੰਢਾ ਸੁਭਾ ਵਾਲਾ ।
ਭਮੱਕੜ : ਪਤੰਗਾ ।
ਖਹੁਰਾ : ਖੁਰਦਰਾ, ਖਰ੍ਹਵਾ ।