CBSEClass 9th NCERT PunjabiEducationPunjab School Education Board(PSEB)

ਸੰਖੇਪ ਸਾਰ : ਜਨਮ ਦਿਨ


ਪ੍ਰਸ਼ਨ. ਕਹਾਣੀ ‘ਜਨਮ ਦਿਨ’ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਜਨਮ ਦਿਨ’ ਕਹਾਣੀ ਲੇਖਕ ਪ੍ਰੋ: ਸਵਿੰਦਰ ਸਿੰਘ ਉੱਪਲ ਦੀ ਰਚਨਾ ਹੈ ਜੋ ਕਿ ਉਸ ਦੇ ਕਹਾਣੀ ਸੰਗ੍ਰਹਿ ‘ਭਰਾ-ਭਰਾਵਾਂ ਦੇ’ ਵਿੱਚੋਂ ਲਈ ਗਈ ਹੈ। ਇਸ ਕਹਾਣੀ ਵਿੱਚ ਲੇਖਕ ਨੇ ਧਨਾਢ ਲੋਕ ਪੈਸੇ ਅਤੇ ਰੁਤਬੇ ਦੇ ਜ਼ੋਰ ਨਾਲ ਗ਼ਰੀਬਾਂ ਦੀਆਂ ਸੱਧਰਾਂ ਤੇ ਉਮੰਗਾਂ ਦਾ ਖੂਨ ਕਰਦੇ ਵਿਖਾਏ ਹਨ।

ਕਹਾਣੀ ਵਿਚਲਾ ਪਾਤਰ ਜੁਗਲ ਪ੍ਰਸ਼ਾਦ ਆਪਣੀ ਤਨਖ਼ਾਹ ਪੰਜ ਰੁਪਏ ਮਹੀਨਾ ਵਧਣ ’ਤੇ ਆਪਣੇ ਪੁੱਤਰ ਜੋਤੀ ਨੂੰ ਲੋਕਾਂ ਦੀ ਦੇਖਾ-ਦੇਖੀ ਅੰਗਰੇਜ਼ੀ ਸਕੂਲ ਵਿੱਚ ਦਾਖ਼ਲ ਕਰਵਾ ਦਿੰਦਾ ਹੈ। ਜੁਗਲ ਪ੍ਰਸ਼ਾਦ ਅਤੇ ਉਸ ਦੀ ਪਤਨੀ ਦੇਵਕੀ ਨੇ ਕਈ ਆਰਥਿਕ ਔਕੜਾਂ ਝੱਲ ਕੇ ਆਪਣੇ ਪੁੱਤਰ ਨੂੰ ਕੱਪੜੇ ਬਣਵਾ ਕੇ ਦਿੱਤੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਕੂਲ ਦੀ ਪ੍ਰਿੰਸੀਪਲ ਨੇ ਮੰਤਰੀ ਦੇ ਗਲ ਵਿੱਚ ਹਾਰ ਜੋਤੀ ਦੀ ਥਾਂ ਸੇਠ ਲਖਪਤ ਰਾਇ ਦੇ ਪੁੱਤਰ ਤੋਂ ਪੁਆ ਦਿੱਤਾ ਹੈ ਤਾਂ ਇਹ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਇਸ ਦੇ ਨਾਲ ਜੁਗਲ ਪ੍ਰਸ਼ਾਦ ਨੂੰ ਬੜਾ ਧੱਕਾ ਲੱਗਦਾ ਹੈ। ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਜਾਂਦੀਆਂ ਹਨ। ਉਹ ਗੁੱਸੇ ਵਿੱਚ ਆ ਕੇ ਇਸ ਬੇਇਨਸਾਫ਼ੀ ਦੇ ਖਿਲਾਫ਼ ਬੋਲਦਾ ਹੈ ਤੇ ਆਖਦਾ ਹੈ ਕਿ ਅੱਜ ਮੰਤਰੀ ਦਾ ਜਨਮ ਦਿਨ ਨਹੀਂ ਸਗੋਂ ਉਸ ਦੇ ਅੰਦਰ ਦੀ ਦਲੇਰੀ ਦਾ ਜਨਮ ਦਿਨ ਹੈ ਜੋ ਹੁਣ ਅਮੀਰਾਂ ਨੂੰ ਗ਼ਰੀਬਾਂ ਦੀਆਂ ਸੱਧਰਾਂ ਦਾ ਕਤਲ ਨਹੀਂ ਕਰਨ ਦੇਵੇਗੀ।