ਸੰਖੇਪ ਸਾਰ : ਕੱਲੋ


ਪ੍ਰਸ਼ਨ. ‘ਕੱਲੋ’ ਕਹਾਣੀ ਦਾ ਸੰਖੇਪ-ਸਾਰ ਲਿਖੋ।

ਉੱਤਰ : 1936 ਵਿਚ ਲੇਖਕ ਨੇ ਜਦੋਂ ‘ਕਾਗਤਾਂ ਦੀ ਬੇੜੀ’ ਨਾਵਲ ਲਿਖਣ ਲਈ ਜੇਬ ਦੀ ਤੰਗੀ ਕਾਰਨ ਧਰਮਸ਼ਾਲਾ ਵਿਚ ਮੈਕਲੋਡ ਗੰਜ ਦੇ ਕਿਸੇ ਹੋਟਲ ਦੀ ਥਾਂ ਇਕ ਮੁਹੱਲੇ ਵਿਚ ਡੇਰਾ ਲਾਇਆ, ਤਾਂ ਉੱਥੋਂ ਦੀ ਹਰ ਇਕ ਨਾਲ ਆਢ੍ਹਾ ਲਾਈ ਰੱਖਣ ਵਾਲੀ ਬੇਪਰਵਾਹ, ਸੜੀ ਭੁੱਜੀ ਤੇ ਢੀਠ ਸਫ਼ਾਈ-ਸੇਵਿਕਾ ਕੱਲੋ ਦੇ ਰੌਲੇ-ਰੱਪੇ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ। ਉਸ ਨੇ ਉਸ ਥਾਂ ਨੂੰ ਬਦਲ ਲੈਣ ਦਾ ਫੈਸਲਾ ਕੀਤਾ, ਪਰ ਅਗਲੇ ਦਿਨ ਜ਼ੋਰਦਾਰ ਬਾਰਸ਼ ਹੋਣ ਕਰਕੇ ਉਹ ਉੱਥੇ ਹੀ ਬੈਠਾ ਨਾਵਲ ਲਿਖਦਾ ਰਿਹਾ। ਜਦੋਂ ਦੁਪਹਿਰ ਵੇਲੇ ਉਹ ਅੰਬ ਚੂਪ ਰਿਹਾ ਸੀ, ਤਾਂ ਕੱਲੋ ਇਕ-ਦਮ ਆ ਧਮਕੀ ਤੇ ਉਸ ਨੂੰ ਬੂਹਿਓਂ ਬਾਹਰ ਗਿਟਕਾਂ ਤੇ ਛਿੱਲੜ ਸੁੱਟਣ ਕਾਰਨ ਬੁਰਾ ਭਲਾ ਬੋਲੀ, ਪਰੰਤੂ ਲੇਖਕ ਨੇ ਉਸ ਨੂੰ ‘ਬਹਿਨ’ ਕਹਿ ਕੇ ਆਪਣੀ ਗਲਤੀ ਮੰਨੀ ਤੇ ਆਪ ਹੀ ਸਫ਼ਾਈ ਕਰਨ ਲੱਗਾ। ਕੱਲੋ ਨੇ ਉਸ ਨੂੰ ਸਫ਼ਾਈ ਕਰਨੋਂ ਹਟਾ ਕੇ ਸਾਰਾ ਕੰਮ ਆਪ ਕਰ ਦਿੱਤਾ। ਅਗਲੇ ਦਿਨ ਕੱਲੋ ਨੇ ਸਭ ਤੋਂ ਪਹਿਲਾਂ ਉਸ ਦੇ ਬੂਹੇ ਅੱਗੇ ਸਫ਼ਾਈ ਕੀਤੀ ਤੇ ਨਾਲੀ ਦਾ ਗੰਦ ਕੱਢ ਦਿੱਤਾ। ਉਸ ਨੇ ਉਸ ਨੂੰ ‘ਦਾਦਾ’ ਕਹਿ ਕੇ ਘਰ ਦੇ ਅੰਦਰੋਂ ਕੂੜੇ ਨੂੰ ਬਾਹਰ ਸੁੱਟਣ ਬਾਰੇ ਪੁੱਛਿਆ। ਇਸ ਪਿੱਛੇ ਲੇਖਕ ਨੇ ਉਸ ਨੂੰ ਮਜ਼ਦੂਰੀ ਵਜੋਂ ਦੋ ਆਨੇ ਮਨਜੂਰ ਕਰਦੀ ਨਾ ਦੇਖ ਕੇ ਲਾਲਚਣ ਸਮਝਿਆ ਪਰ ਜਲਦੀ ਹੀ ਉਸ ਨੂੰ ਸਮਝ ਲੱਗੀ ਕਿ ਉਹ ਇਕ ਪਿਆਰ ਦੀ ਭੁੱਖੀ ਆਤਮਾ ਸੀ ਜੋ ਲੇਖਕ ਦੇ ਬਹਿਨ ਕਹਿਣ ‘ਤੇ ਪਸੀਜ ਗਈ ਸੀ, ਜਦ ਕਿ ਸਾਰਾ ਮੁਹੱਲਾ ਉਸ ਨੂੰ ਬੁਰਾ-ਭਲਾ ਬੋਲਦਾ ਸੀ। ਇਸ ਸਮੇਂ ਕੱਲੋ ਨੂੰ ਪਤਾ ਲੱਗਾ ਕਿ ਉਹ ਇਕ ਲੇਖਕ ਹੈ ਤੇ ਉੱਥੋਂ ਦੇ ਰੌਲੇ ਨੇ ਕਾਰਨ ਉਹ ਉੱਥੋਂ ਚਲਾ ਜਾਣਾ ਚਾਹੁੰਦਾ ਹੈ। ਇਸ ਪਿੱਛੇ ਕੱਲੋ ਨੇ ਨਾ ਕੇਵਲ ਲੋਕਾਂ ਨਾਲ ਲੜਨਾ-ਝਗੜਨਾ ਬੰਦ ਕਰ ਦਿੱਤਾ, ਸਗੋਂ ਉਹ ਬੱਚਿਆਂ ਨੂੰ ਵੀ ਪਿਆਰ ਨਾਲ ਰੋਲਾ ਪਾਉਣ ਤੋਂ ਰੋਕ ਦਿੰਦੀ, ਜਿਸ ਕਰਕੇ ਲੇਖਕ ਨੂੰ ਜਗ੍ਹਾ ਬਦਲਣ ਦੀ ਲੋੜ ਨਾ ਰਹੀ। ਨਾਵਲ ਦਾ ਕੰਮ ਖ਼ਤਮ ਹੋਣ ਮਗਰੋਂ ਲੇਖਕ ਨੇ ਕੱਲੋ ਨੂੰ ਆਪਣੇ ਵਾਪਸ ਜਾਣ ਬਾਰੇ ਦੱਸਿਆ ਤੇ ਅਗਲੇ ਦਿਨ ਜਦੋਂ ਉਹ ਕੱਲੋ ਨੂੰ ਮਿਲਣ ਦੀ ਉਡੀਕ ਕਰਦਾ ਬੱਸ ਵਿਚ ਜਾ ਬੈਠਾ, ਤਾਂ ਉਸੇ ਸਮੇਂ ਉਹ ਉਸ ਦੀ ਪਤਨੀ ਲਈ ਅੰਬਾਂ ਦੀ ਟੋਕਰੀ ਲੈ ਕੇ ਪੁੱਜੀ ਤੇ ਨਾਲ ਹੀ ਕਹਿਣ ਲੱਗੀ ਕਿ ਉਸ ਨੇ ਅੰਬਾ ਨੂੰ ਛੂਹਿਆ ਨਹੀਂ। ਲੇਖਕ ਨੇ ਟੋਕਰੀ ਖੁਸ਼ੀ-ਖੁਸ਼ੀ ਉਸ ਤੋਂ ਲੈ ਲਈ, ਜਿਸ ਨਾਲ ਉਹ ਖਿੜ ਗਈ। ਇਸ ਪਿੱਛੋਂ ਲੇਖਕ ਬੱਸ ਵਿਚ ਜਾ ਬੈਠਾ ਤੇ ਕੱਲੋ ਪਿਆਰ ਵਿਚ ਭਿੱਜੀ ਬੱਸ ਵਲ ਵੇਖ ਰਹੀ ਸੀ।