ਸੰਖੇਪ ਰਚਨਾ
ਸਿੱਖ ਪੰਥ ਦੇ ਮਹਾਨ ਉਸਰਈਏ
ਗੁਰੂ ਅਰਜਨ ਦੇਵ ਜੀ ਸਿੱਖ ਪੰਥ ਦੇ ਮਹਾਨ ਉਸਰਈਏ ਸਨ, ਜਿਨ੍ਹਾਂ ਨੇ ਆਪਣੇ ਅਣਥੱਕ ਯਤਨਾਂ ਦੁਆਰਾ ਸਿੱਖਾਂ ਦੇ ਮਹਾਨ ਧਾਰਮਕ ਗ੍ਰੰਥ ਨੂੰ ਸੰਪਾਦਿਤ ਕੀਤਾ ਅਤੇ ਇਸ ਅਰਸ਼ੀ ਬਾਣੀ ਨੂੰ ਹਰ ਤਰ੍ਹਾਂ ਦੇ ਰਲੇ ਤੋਂ ਬਚਾਇਆ। ਆਪ ਨੇ ਸਿੱਖਾਂ ਵਿੱਚ ਦਸਵੰਧ ਕੱਢਣ ਦੀ ਪ੍ਰਥਾ ਚਲਾਈ। ਇਹ ਰਕਮ ਮਸੰਦਾਂ ਰਾਹੀਂ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਪੁਚਾਈ ਜਾਂਦੀ ਸੀ, ਜਿਸ ਨਾਲ ਆਪ ਭਵਨ-ਉਸਾਰੀ ਆਦਿ ਦੇ ਕੰਮ ਕਰਿਆ ਕਰਦੇ ਸਨ।ਆਪ ਨੇ 1589 ਈ: ਨੂੰ ਅੰਮ੍ਰਿਤਸਰ ਵਿੱਚ ਅੰਮ੍ਰਿਤ – ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਨੂੰ ਬਣਵਾਇਆ। ਆਪ ਨੇ ਸਿੱਖੀ ਪ੍ਰਚਾਰ ਕਰਦਿਆਂ ਤਰਨਤਾਰਨ (ਜ਼ਿਲ੍ਹਾ ਅੰਮ੍ਰਿਤਸਰ), ਕਰਤਾਰਪੁਰ (ਜ਼ਿਲ੍ਹਾ ਜਲੰਧਰ) ਤੇ ਸ੍ਰੀ ਹਰਗੋਬਿੰਦਪੁਰ (ਜ਼ਿਲ੍ਹਾ ਗੁਰਦਾਸਪੁਰ) ਆਦਿ ਨਗਰਾਂ ਨੂੰ ਵਸਾਇਆ। ਆਪ ਨੇ ਗੁਰੂ ਨਾਨਕ ਦੇਵ ਜੀ ਦੇ ਸਰਬ-ਸਾਂਝੇ ਧਰਮ ਤੇ ਚਲਦਿਆਂ ਹੋਇਆਂ ਨਾ ਕੇਵਲ ਆਪਣਾ ਉਪਦੇਸ਼ ‘ਚਹੁੰ ਵਰਨਾਂ ਕਉ ਸਾਂਝਾ’ ਦਿੱਤਾ, ਸਗੋਂ ਸਿੱਖਾਂ ਦੇ ਮਹਾਨ ਮੰਦਰ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫ਼ਕੀਰ ਮੀਆਂ ਮੀਰ ਪਾਸੋਂ ਰਖਵਾਈ। ਆਪ ਰੋਗੀਆਂ ਦੇ ਦਰਦੀ ਸਨ। ਆਪ ਨੇ ਕੋਹੜਿਆਂ ਦੀ ਦੇਖ-ਭਾਲ ਲਈ ਤਰਨ ਤਾਰਨ ਵਿੱਚ ਇੱਕ ਆਸ਼ਰਮ ਖੋਲ੍ਹਿਆ ਜੋ ਹੁਣ ਤੀਕ ਚਲ ਰਿਹਾ ਹੈ।
ਸਿਰਲੇਖ : ਸਿੱਖ ਪੰਥ ਦੇ ਮਹਾਨ ਉਸਰਈਏ
ਸੰਖੇਪ : ਗੁਰੂ ਅਰਜਨ ਦੇਵ ਸਿੱਖ ਪੰਥ ਦੇ ਮਹਾਨ ਉਸਰਈਏ ਸਨ। ਇਨ੍ਹਾਂ ਆਦਿ ਬੀੜ ਨੂੰ ਸੰਪਾਦਿਤ ਕੀਤਾ, ਦਸਵੰਧ ਪ੍ਰਥਾ ਨੂੰ ਚਲਾਇਆ, ਹਰਿਮੰਦਰ ਸਾਹਿਬ ਨੂੰ ਬਣਵਾਇਆ, ਤਰਨ ਤਾਰਨ ਆਦਿ ਨਗਰਾਂ ਨੂੰ ਵਸਾਇਆ ਅਤੇ ਕੋਹੜਿਆਂ ਲਈ ਆਸ਼ਰਮ ਖੋਲ੍ਹਿਆ। ਆਪ ਨੇ ਨਾ ਕੇਵਲ ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ, ਸਗੋਂ ਮੁਸਲਮਾਨ ਫ਼ਕੀਰ ਮੀਆਂ ਮੀਰ ਪਾਸੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ।
ਮੂਲ-ਰਚਨਾ ਦੇ ਸ਼ਬਦ = 153
ਸੰਖੇਪ-ਰਚਨਾ ਦੇ ਸ਼ਬਦ = 52