ਸੰਖੇਪ ਰਚਨਾ
ਵਿਦਿਆਰਥੀ ਦੀ ਪਰੇਸ਼ਾਨੀ
ਰਾਹਨੁਮਾਈ ਤੋਂ ਵਾਂਝੇ ਵਿਦਿਆਰਥੀ ਪਰੇਸ਼ਾਨ ਹੋਏ ਭਟਕ ਰਹੇ ਸਨ। ਆਖਿਆ ਜਾਂਦਾ ਹੈ ਕਿ ਉਹ ਸਰਕਾਰੀ ਦਫ਼ਤਰ ਦੇ ਸ਼ੀਸ਼ੇ ਤੋੜ ਦੇਂਦੇ ਹਨ ਤੇ ਕਿਸੇ ਥਾਂ ਉਹਨਾਂ ਕੋਈ ਸਰਕਾਰੀ ਬੱਸ ਵੀ ਸਾੜ ਦਿੱਤੀ ਹੈ। ਇਹ ਵੀ ਹੋ ਸਕਦਾ ਹੈ ਕਿ ਜਵਾਨਾਂ ਨੂੰ ਲੋਕ-ਹਮਦਰਦੀ ਤੋਂ ਮਹਿਰੂਮ ਕਰਨ ਲਈ ਪੁਲਿਸ ਜਾਂ ਵਿਦਿਆਰਥੀ-ਦੁਸ਼ਮਣ ਕਈ ਏਜੰਸੀ ਆਪਣੇ ਵੱਲੋਂ ਖ਼ਰੂਦੀ ਤੇ ਸ਼ਰਾਰਤੀ ਅਨਸਰ ਵਿਦਿਆਰਥੀਆਂ ਦੀਆਂ ਸਫ਼ਾਂ ਵਿੱਚ ਰਲਾ ਦੇਂਦੀ ਹੋਵੇ। ਏਸ ਅਵਸਥਾ ਉੱਤੇ ਕਾਬੂ ਪਾਉਣ ਲਈ ਸਰਕਾਰ ਕੋਲ ਮੱਸਲਾਹ ਪੁਲਿਸ ਤੋਂ ਛੂਟ ਕੋਈ ਹੋਰ ਸਲਾਹਕਾਰ ਹੈ ਹੀ ਨਹੀਂ। ਕੋਈ ਸੁਹਿਰਦ ਵਿਦਿਆ-ਮੰਤਰੀ ਨਹੀਂ, ਕੋਈ ਵਾਇਸ ਚਾਂਸਲਰ ਨਹੀਂ, ਕੋਈ ਪ੍ਰਿੰਸੀਪਲ ਨਹੀਂ, ਜਿਹੜਾ ਵਿਦਿਆਰਥੀਆਂ ਨੂੰ ਆਪਣੇ ਬੱਚੇ ਸਮਝ ਕੇ ਉਨ੍ਹਾਂ ਦੀ ਗੱਲ ਗਹੁ ਨਾਲ ਸੁਣ ਸਕੇ ਤੇ ਉਨ੍ਹਾਂ ਦਾ ਭਰੋਸਾ ਜਿੱਤ ਸਕੇ। ਵਿਦਿਆਰਥੀ ਕੋਈ ਸਿਆਸੀ ਜਮਾਤ ਨਹੀਂ, ਕੋਈ ਤਿਜਾਰਤੀ ਸੰਗਠਨ ਨਹੀਂ। ਇਹ ਨੌਜਵਾਨ ਭਵਿੱਖ ਦੀ ਜ਼ਿੰਦਗੀ ਦੇ ਮਾਲਕ ਹਨ, ਜਿਨ੍ਹਾਂ ਦੀ ਆਤਮਾ ਆਪਣਾ ਦਿਸ-ਹੱਦਾ ਆਬਾ ਤੋਂ ਸੱਖਣਾ ਵੇਖ ਕੇ ਬਿਹਬਲ ਹੋ ਗਈ ਹੈ। ਤੁਸੀਂ ਕਈ ਵਾਰੀ ਟਾਂਗੇ ਵਿੱਚ ਬੈਠਿਆਂ ਘੋੜੇ ਦਾ ਰੁੱਸ ਜਾਣਾ ਵੇਖਿਆ ਹੋਵੇਗਾ। ਸਿਆਣਾ ਮਾਲਕ ਆਪਣੇ ਘੋੜੇ ਨੂੰ ਥਪਕ, ਲਡਿਆ ਕੇ ਛੇਤੀ ਹੀ ਚੈਨ ਵਿੱਚ ਲੈ ਆਉਂਦਾ ਹੈ। ਪਰ ਮੂਰਖ ਮਾਲਕ ਰੋਹ ਵਿੱਚ ਆ ਕੇ ਰੁੱਸੋ ਘੋੜੇ ਉੱਤੇ ਚਾਬਕ ਮਾਰ ਕੇ ਹੋਰ ਰੂਸਾ ਲੈਂਦਾ ਹੈ ਤੇ ਕਦੇ ਆਪਣੀਆਂ ਟੰਗਾਂ ਤੇ ਟਾਂਗਾ ਦੋਵੇਂ ਤੁੜਵਾ ਲੈਂਦਾ ਹੈ, ਤੇ ਵੇਖਣ ਵਾਲਿਆਂ ਵਿੱਚ ਹਾਸੋਹੀਣਾ ਬਣ ਜਾਂਦਾ ਹੈ। ਆਪਣੀ ਸਰਕਾਰ ਨੂੰ ਹਾਸੋ-ਹੀਣੇ ਟਾਂਗਾ ਮਾਲਕ ਨਾਲ ਤੁਲਨਾ ਨਾ ਦਿਆਂ, ਤਾਂ ਹੋਰ ਇਹਨੂੰ ਕੀ ਸਮਝਾਂ ?
ਸਿਰਲੇਖ : ਵਿਦਿਆਰਥੀ ਦੀ ਪਰੇਸ਼ਾਨੀ
ਸੰਖੇਪ : ਵਿਦਿਆਰਥੀ ਕੋਈ ਸਿਆਸੀ ਜਮਾਤ ਨਹੀਂ, ਇਹ ਤਾਂ ਆਪਣੇ ਅਨਿਸਚਿਤ ਭਵਿੱਖ ਤੋਂ ਪ੍ਰੇਸ਼ਾਨ ਹੋਏ, ਯੋਗ ਰਹਿਨੁਮਾਈ ਤੋਂ ਵਾਂਝੇ, ਕਈ ਵਾਰ ਕਈ ਕਿਸਮ ਦਾ ਨੁਕਸਾਨ ਕਰ ਦੇਂਦੇ ਹਨ ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਅਜਿਹੀ ਸਥਿਤੀ ਲਈ ਸਰਕਾਰ ਕੋਲ ਛੁੱਟ ਪੁਲਿਸ ਕਾਰਵਾਈ ਦੇ ਕੋਈ ਵੀ ਅਜਿਹਾ ਯੋਗ ਅਧਿਕਾਰੀ ਨਹੀਂ ਜੋ ਇਨ੍ਹਾਂ ਦੀਆਂ ਯੋਗ ਮੰਗਾਂ ਨੂੰ ਸੁਣੇ ਅਤੇ ਇਨ੍ਹਾਂ ਦਾ ਭਰੋਸਾ ਜਿੱਤ ਸਕੇ। ਵਾਸਤਵ ਵਿੱਚ ਇਹ ਨੌਜੁਆਨ ਆਪਣਾ ਭਵਿੱਖ ਨਿਰਾਸ਼ਾ-ਭਰਪੂਰ ਵੇਖ ਕੇ ਖ਼ਰਮਸਤੀਆਂ ਕਰਦੇ ਹਨ।
ਮੂਲ-ਰਚਨਾ ਦੇ ਸ਼ਬਦ = 219
ਸੰਖੇਪ-ਰਚਨਾ ਦੇ ਸ਼ਬਦ = 73