ਸੰਖੇਪ ਰਚਨਾ
ਲਿੰਗ-ਕਾਮਨਾ ਅਤੇ ਮਨੁੱਖੀ ਜੀਵਨ
ਅਗਿਆਨਤਾ ਨਾਲ, ਚਾਰ-ਦੀਵਾਰੀ ਤੇ ਬੰਦਸ਼ਾਂ ਵਿੱਚ ਕਦੇ ਵੱਡਾ ਇਖ਼ਲਾਕ ਪੈਦਾ ਨਹੀਂ ਹੋ ਸਕਦਾ। ਵੱਡਾ ਇਖ਼ਲਾਕ ਲਿੰਗ-ਸੁਤੰਤਰਤਾ ਨਾਲ ਵਧਦੇ ਗਿਆਨ ਵਿੱਚ ਹੀ ਪੈਦਾ ਹੋ ਸਕਦਾ ਹੈ। ਖ਼ਰਾਬੀਆਂ ਵੀ ਏਸ ਸੁਤੰਤਰਤਾ ਵਿੱਚ ਹਨ, ਪਰ ਕਿਉਂਕਿ ਪਰਬਤੀ ਆਚਾਰ ਸੁਤੰਤਰਤਾ ਵਿੱਚੋਂ ਹੀ ਪੈਦਾ ਹੋ ਸਕਦੇ ਹਨ, ਇਸ ਲਈ ਇਹ ਖ਼ਰਾਬੀਆਂ ਕੋਈ ਮਹਿੰਗਾ ਸੌਦਾ ਨਹੀਂ। ਅਣ-ਅਜ਼ਮਾਈ ਪਵਿੱਤਰਤਾ ਦਾ ਭਰੋਸਾ ਕੋਈ ਨਹੀਂ, ਨਾ ਉਹਦੇ ਵਿੱਚ ਤਾਕਤ ਦੀ ਤਸੱਲੀ ਹੁੰਦੀ ਹੈ।
ਵਰਤਮਾਨ ਸਾਇੰਸ ਦੱਸਦੀ ਹੈ ਕਿ ਲਗਪਗ ਸਾਡੇ ਸਾਰੇ ਵਲਵਲੇ, ਸਾਰੀਆਂ ਅਕਲਾਂ ਤੇ ਅਮਲਾਂ ਦਾ ਮਨੋਰਥ ਲਿੰਗ-ਕਾਮਨਾ ਵਿੱਚ ਹੁੰਦਾ ਹੈ। ਜਦ ਤੱਕ ਮਨੁੱਖ ਇਸ ਕਾਮਨਾ ਦੇ ਕੇਂਦਰ ਦਾ ਅਧਿਐਨ ਨਹੀਂ ਕਰਦਾ, ਉਹਨੂੰ ਮਨੁੱਖੀ ਸੁਭਾਅ ਦੀ ਕੁੰਜੀ ਨਹੀਂ ਮਿਲ ਸਕਦੀ। ਵਰਤਮਾਨ ਡਾਕਟਰੀ ਵਿੱਦਿਆ ਨੇ ਕਈ ਮੁਸ਼ਕਲ ਬਿਮਾਰੀਆਂ ਦਾ ਇਲਾਜ ਏਸ ਕੇਂਦਰ ਵਿੱਚੋਂ ਲੱਭਿਆ ਹੈ ਤੇ ਹੁਣ ਕੋਈ ਡਾਕਟਰੀ ਦਾ ਕੋਰਸ ਮੁਕੰਮਲ ਨਹੀਂ, ਕੋਈ ਡਾਕਟਰ ਸਫਲ ਪ੍ਰੈਕਟਸ ਨਹੀਂ ਕਰ ਸਕਦਾ, ਜੇ ਉਸ ਨੇ ਲਿੰਗ-ਕਾਮਨਾ ਦਾ ਪੂਰਾ ਅਧਿਐਨ ਨਹੀਂ ਕੀਤਾ। ਇਹ ਵੀ ਮੰਨਿਆ ਗਿਆ ਹੈ ਕਿ ਬੱਚੇ ਵਿੱਚ ਵੀ ਲਿੰਗ-ਕਾਮਨਾ ਹੁੰਦੀ ਹੈ। ਦੁੱਧ ਚੁੰਘਦਾ ਬੱਚਾ ‘ ਇਸ ਕਾਮਨਾ ਦਾ ਸੁਆਦ ਲੈਂਦਾ ਹੈ। ਖ਼ਾਲੀ ਬੁੱਲ੍ਹਾਂ ਦੇ ਪਚਾਕੇ ਮਾਰਨੇ, ਆਪਣੇ ਪਿੰਡੇ ਉੱਤੇ ਨਹੁੰ ਮਾਰਨੇ ਤੇ ਅੰਗਾਂ ਨੂੰ ਹੱਥ ਲਾਉਣਾ, ਬੱਚੇ ਦੇ ਯਤਨ ਹਨ ਜਿਨ੍ਹਾਂ ਨਾਲ ਉਹ ਕਾਮਨਾ ਨੂੰ ਪੂਰਾ ਕਰਦਾ ਹੈ। ਏਸ ਖੋਜ ਦੇ ਬਾਅਦ ਸਿਆਣੇ ਏਸ ਸਿੱਟੇ ਉੱਤੇ ਪੁੱਜੇ ਹਨ ਕਿ ਬੱਚੇ ਦੀਆਂ ਇਹਨਾਂ ਰੁਚੀਆਂ ਨੂੰ ਏਸ ਉਮਰੇ ਸਿਆਣੀਆਂ ਲੀਹਾਂ ਵਿੱਚ ਪਾਇਆਂ ਇੱਕ ਜ਼ਬਰਦਸਤ ਸ਼ਖ਼ਸੀਅਤ ਦਾ ਮੁੱਢ ਬੰਨ੍ਹਿਆ ਜਾ ਸਕਦਾ ਹੈ।
ਅੱਧਿਓਂ ਬਹੁਤੇ ਸ਼ੁਦਾਈ (ਪਾਗ਼ਲ) ਇਸ ਕਾਮਨਾ ਦੀ ਬੇਸੋਝੀ ਕਰਕੇ ਹਨ, ਲੱਖਾਂ ਮੁਜਰਮ ਏਸ ਕਾਮਨਾ ਦੀ ਬੇਤਰਤੀਬ ਵਰਤੋਂ ਕਰਕੇ ਹਨ। ਅਨੇਕਾਂ ਬਰਬਾਦ ਸਰੀਰ ਏਸ ਕਰਕੇ ਹਨ ਕਿ ਅਸੀਂ ਵੇਲੇ ਸਿਰ ਜੋ ਆਖਣਾ ਚਾਹੀਦਾ ਸੀ, ਨਹੀਂ ਆਖਿਆ।
ਸਿਰਲੇਖ : ਲਿੰਗ-ਕਾਮਨਾ ਅਤੇ ਮਨੁੱਖੀ ਜੀਵਨ
ਸੰਖੇਪ : ਲਿੰਗ-ਕਾਮਨਾ, ਜੋ ਹਰ ਉਮਰ ਦੇ ਵਿਅਕਤੀ ਵਿੱਚ ਪਾਈ ਜਾਂਦੀ ਹੈ, ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹਾਨਤਾ ਹੈ। ਨਿਰਸੰਦੇਹ ਲਿੰਗ-ਸੁਤੰਤਰਤਾ ਨਾਲ ਖ਼ਰਾਬੀਆਂ ਪੈਦਾ ਹੁੰਦੀਆਂ ਹਨ, ਪਰ ਵੱਡਾ ਇਖ਼ਲਾਕ ਵੀ ਏਸੇ ਸੁਤੰਤਰਤਾ ਤੋਂ ਹੀ ਪੈਦਾ ਹੁੰਦਾ ਹੈ। ਇਸ ਲਈ ਇਹ ਖ਼ਰਾਬੀਆਂ ਕੋਈ ਮਹਿੰਗਾ ਸੌਦਾ ਨਹੀਂ। ਅੱਜ ਮਨੁੱਖ ਦੀਆਂ ਅਨੇਕਾਂ ਮਾਨਸਕ ਅਤੇ ਸਰੀਰਕ ਬਿਮਾਰੀਆਂ ਦੇ ਇਲਾਜ ਲਿੰਗ-ਕਾਮਨਾ ਦੇ ਗਿਆਨ ਨੇ ਦੱਸੇ ਹਨ। ਲਿੰਗ – ਕਾਮਨਾ ਦੀ ਜਾਣਕਾਰੀ ਤੋਂ ਬਿਨਾਂ ਡਾਕਟਰੀ ਵਿੱਦਿਆ ਸੰਪੂਰਨ ਨਹੀਂ ਸਮਝੀ ਜਾਣੀ ਚਾਹੀਦੀ।
ਮੂਲ-ਰਚਨਾ ਦੇ ਸ਼ਬਦ = 254
ਸੰਖੇਪ-ਰਚਨਾ ਦੇ ਸ਼ਬਦ = 75