ਸੰਖੇਪ ਰਚਨਾ
ਲੋਕ-ਨਾਚ ਦੀ ਮੂਲ-ਖ਼ੁਸ਼ੀ
ਖ਼ੁਸ਼ੀ ਦਾ ਕੁਦਰਤੀ ਉਛਾਲ ਲੋਕਾਂ ਨੂੰ ਨਚਾ ਦਿੰਦਾ ਹੈ। ਖ਼ੁਸ਼ੀ ਦੀ ਤਰੰਗ ਦਾ ਅਸਰ ਅੱਜ ਵੀ ਮਨੁੱਖਾਂ ਉੱਤੇ ਉਵੇਂ ਹੀ ਹੁੰਦਾ ਹੈ ਜਿਵੇਂ ਕਿ ਆਦਿ ਕਾਲ ਵਿੱਚ ਕਿਸੇ ਮੁੱਢਲੇ ਮਨੁੱਖ ਉੱਤੇ ਹੁੰਦਾ ਹੋਵੇਗਾ, ਪਰ ਇਸ ਦਾ ਅਸਰ ਵੱਖ-ਵੱਖ ਲੋਕਾਂ ਉੱਤੇ ਵੱਖਰਾ-ਵੱਖਰਾ ਪੈਂਦਾ ਹੈ; ਜਿਵੇਂ ਆਮ ਤੌਰ ‘ਤੇ ਪੜ੍ਹੇ-ਲਿਖੇ ਦੀ ਵਿੱਦਿਆ ਤੇ ਗੰਭੀਰਤਾ ਦਾ ਬੋਝ ਉਸ ਦੇ ਮਨ ਉੱਤੇ ਇੰਨਾ ਹੁੰਦਾ ਹੈ ਕਿ ਖ਼ੁਸ਼ੀ ਦਾ ਉਛਾਲਾ ਉਸ ਦੇ ਸਰੀਰ ਨੂੰ ਉਛਾਲਾ ਨਹੀਂ ਦੇ ਸਕਦਾ। ਆਮ ਲੋਕਾਂ ਲਈ ਜੀਵਨ ਵਿੱਚ ਖ਼ੁਸ਼ੀ ਦਾ ਵਾਧਾ ਕਰਨਾ ਹੀ ਜੇ ਆਦਰਸ਼ ਸਮਝ ਲਿਆ ਜਾਵੇ, ਤਾਂ ਇਹ ਕੋਈ ਗ਼ਲਤ ਗੱਲ ਨਹੀਂ ਹੋਵੇਗੀ। ਮਨੁੱਖ ਖ਼ੁਸ਼ੀ ਵਿੱਚ ਆ ਕੇ ਨੱਚ ਪੈਂਦੇ ਹਨ ਅਤੇ ਜੇਕਰ ਖ਼ੁਸ਼ੀ ਨੂੰ ਲਿਆਉਣ ਲਈ ਮਨੁੱਖ ਨੱਚਣ ਲੱਗ ਜਾਣ ਤਾਂ ਇਹ ਅਨੋਖੀ ਗੱਲ ਨਹੀਂ ਹੋਵੇਗੀ। ਅਸਲ ਵਿੱਚ ਇਹ ਲੋਕ-ਨਾਚ ਦੀ ਅਸਲੀਅਤ ਹੈ।
ਮੁੱਢਲਾ ਮਨੁੱਖ ਖ਼ੁਸ਼ੀ ਵਿੱਚ ਆ ਕੇ ਨੱਚਣ ਲੱਗਾ ਤਾਂ ਉਸ ਦੇ ਸਾਥੀ ਉਸ ਨੂੰ ਖ਼ੁਸ਼ ਵੇਖ ਕੇ ਨਾਲ ਹੀ ਨੱਚਣ ਲੱਗ ਪਏ। ਇੱਕ ਦੀ ਖ਼ੁਸ਼ੀ ਵਧ ਕੇ ਕਈ ਗੁਣਾ ਹੋ ਗਈ ਜਦ ਉਸ ਦੂਜਿਆਂ ਨੂੰ ਵੀ ਖ਼ੁਸ਼ੀ ਵਿੱਚ ਮਸਤ ਹੋ ਕੇ ਆਪਣੇ ਨਾਲ ਨੱਚਦੇ ਵੇਖਿਆ। ਖ਼ੁਸ਼ੀਆਂ ਦੀਆਂ ਘੜੀਆਂ ਵਿੱਚ ਲੋਕ-ਨਾਚ ਲੋਕਾਂ ਦਾ ਇੱਕ ਸਹਿਜ ਵਸੀਲਾ ਬਣ ਗਿਆ। ਪੁੱਤਰ ਜੰਮਣ ’ਤੇ, ਵਿਆਹ-ਸ਼ਾਦੀ ਉੱਤੇ, ਤਿੱਥਾਂ-ਤਿਉਹਾਰਾਂ ਉੱਤੇ, ਮੇਲਿਆਂ-ਮੁਸਾਬਿਆਂ ਅਤੇ ਹੋਰ ਖ਼ੁਸ਼ੀਆਂ-ਭਰੇ ਇਕੱਠਾਂ ’ਤੇ ਨੱਚਣਾ ਇੱਕ ਜ਼ਰੂਰੀ ਅੰਗ ਸਮਝਿਆ ਜਾਣ ਲੱਗਾ। ਇਸ ਦੇ ਬਿਨਾਂ ਖ਼ੁਸ਼ੀ ਦਾ ਪ੍ਰਗਟਾਵਾ ਨਹੀਂ ਸੀ ਹੁੰਦਾ।
ਸਿਰਲੇਖ : ਲੋਕ-ਨਾਚ ਦੀ ਮੂਲ-ਖ਼ੁਸ਼ੀ
ਸੰਖੇਪ : ਖ਼ੁਸ਼ੀ ਵਿੱਚ ਨੱਚ ਉੱਠਣਾ, ਮਨੁੱਖ ਦਾ ਆਦਿ ਕਾਲ ਤੋਂ ਸੁਭਾਅ ਰਿਹਾ ਹੈ ਪਰ ਨਾਚ ਦੀ ਚਾਲ ਹਰ ਵਿਅਕਤੀ ਦੀ ਦਿਮਾਗ਼ੀ ਪੱਧਰ ਅਨੁਸਾਰ ਘੱਟ ਜਾਂ ਵੱਧ ਹੁੰਦੀ ਹੈ। ਜੀਵਨ ਦਾ ਅਸਲੀ ਆਦਰਸ਼ ਮਨੁੱਖ ਨੂੰ ਖ਼ੁਸ਼ੀਆਂ-ਭਰੇ ਨਾਚ ਵਿੱਚ ਲਿਆਉਣਾ ਹੀ ਹੈ। ਇੱਕ ਵਿਅਕਤੀ ਦੀ ਖ਼ੁਸ਼ੀ ਵਿੱਚ ਉਸ ਦੇ ਸਾਥੀਆਂ ਦੇ ਸ਼ਾਮਲ ਹੋਣ ਨਾਲ ਲੋਕ-ਨਾਚ ਦਾ ਪਿੜ ਵਡੇਰਾ ਹੋ ਗਿਆ। ਹੌਲੀ-ਹੌਲੀ ਲੋਕ-ਨਾਚ ਦੀ ਮਹੱਤਤਾ ਵਧਦੀ ਗਈ ਅਤੇ ਖ਼ੁਸ਼ੀ ਦੀਆਂ ਘੜੀਆਂ ਉੱਤੇ ਇਸ ਨੂੰ ਜ਼ਰੂਰੀ ਸਮਝਿਆ ਜਾਣ ਲੱਗਾ।
ਮੂਲ-ਰਚਨਾ ਦੇ ਸ਼ਬਦ = 230
ਸੰਖੇਪ-ਰਚਨਾ ਦੇ ਸ਼ਬਦ = 75