ਸੰਖੇਪ ਰਚਨਾ
ਨੱਚਣਾ ਕੁੱਦਣਾ
ਨੱਚਣਾ ਵੀ ਗਾਉਣ ਵਾਂਗ ਦਿਲੀ ਖ਼ੁਸ਼ੀ ਦਾ ਇੱਕ ਆਪ-ਮੁਹਾਰਾ ਉਛਾਲ ਹੈ। ਸੰਸਾਰ ਦੇ ਸਭਨਾਂ ਦੇਸ਼ਾਂ ਵਿੱਚ ਸੰਗੀਤ ਦੇ ਨਾਲ-ਨਾਲ ਨ੍ਰਿਤਕਾਰੀ ਦਾ ਜਨਮ ਹੋਇਆ ਹੈ। ਜਿੱਥੇ-ਜਿੱਥੇ ਸਭਿਅਤਾ ਦਾ ਖਿਲਾਰ ਹੁੰਦਾ ਗਿਆ, ਉੱਥੇ ਨ੍ਰਿਤਕਾਰੀ ਦੇ ਮੁਢਲੇ ਉਛਾਲ ਤੇ ਬਣਤਰ ਵਿੱਚ ਹੇਰ-ਫੇਰ ਹੁੰਦਾ ਚਲਾ ਗਿਆ ਤੇ ਜਿਨ੍ਹਾਂ ਸਥਾਨਾਂ ਵਿੱਚ ਮਨੁੱਖ ਕੁਦਰਤ ਦੀ ਗੋਦੀ ਵਿੱਚ ਹੀ ਮੌਜਾਂ ਲੁੱਟਦੇ ਰਹੇ ਤੇ ਸਭਿਅਤਾ ਦੇ ਖਿਲਾਰ ਤੋਂ ਅਜ਼ਾਦ ਰਹੇ, ਉੱਥੇ ਨਾਚ ਆਪਣੇ ਅਸਲੀ ਰੰਗ ਵਿੱਚ ਹੀ ਜਿਉਂਦਾ ਰਿਹਾ |
ਜਿਸ ਦੇ ਸਰੀਰ ਵਿੱਚ ਰੱਤ ਨਹੀਂ, ਦਿਲ ਵਿੱਚ ਚਾਉ ਅਤੇ ਉਮਾਹ ਨਹੀਂ, ਜੀਵਨ ਵਿੱਚ ਰੀਝਾਂ-ਮੱਤੇ ਸੁਫ਼ਨਿਆਂ ਦਾ ਉਸਾਰ ਨਹੀਂ, ਉਹ ਨੱਚਣ ਲਈ ਕਿਵੇਂ ਖੀਵਾ ਹੋ ਸਕਦਾ ਹੈ ? ਜਦ ਦਿਲ ਵਿੱਚ ਆਨੰਦ ਦੀ ਸਵਰਗੀ ਮਸਤੀ ਛਣਕਦੀ ਹੈ, ਸਰੀਰ ਆਪਣੇ-ਆਪ ਝੂਮਣ ਲੱਗ ਪੈਂਦਾ ਹੈ, ਰਗ-ਰਗ ਵਿੱਚੋਂ ਥਿਰਕਦੀ ਹੋਈ ਲੈਅ ਨਿਕਲਦੀ ਹੈ ਜੋ ਸਾਡੇ ਤਨ-ਮਨ ਨੂੰ ਨਚਾ ਦੇਂਦੀ ਹੈ।
ਪਿੰਡ ਦੇ ਸਰਲ ਜੀਵਨ ਵਿੱਚ ਉਹ ਸਭ ਕੁਝ ਮੌਜੂਦ ਰਹਿੰਦਾ ਹੈ ਜੋ ਪਿੰਡ-ਵਾਸੀਆਂ ਨੂੰ ਖ਼ੁਸ਼ੀ ਤੇ ਪ੍ਰੀਤ-ਮਸਤੀ ਦੀਆਂ ਘੜੀਆਂ ਵਿੱਚ ਨੱਚਣ ਦਾ ਸੱਦਾ ਦੇ ਸਕੇ। ਪਰ ਪਿੰਡਾਂ ਵਿੱਚ ਵੀ ਨੱਚਦੇ ਹਨ ਓਹੀ, ਜਿਨ੍ਹਾਂ ਦੇ ਦਿਲ ਜੀਉਂਦੇ ਹੋਣ।
ਸਿਰਲੇਖ : ਨੱਚਣਾ ਕੁੱਦਣਾ
ਸੰਖੇਪ : ਆਦਿ ਕਾਲ ਤੋਂ ਸੰਸਾਰ ਵਿੱਚ ਨੱਚਣ-ਕੁੱਦਣ ਦੀ ਰੁਚੀ ਚਲਦੀ ਆ ਰਹੀ ਹੈ। ਸਭਿਅਤਾ ਦੇ ਵਿਕਾਸ ਕਾਰਨ ਇਸ ਵਿੱਚ ਪਰਿਵਰਤਨ ਹੁੰਦਾ ਰਿਹਾ ਹੈ। ਪਿੰਡਾਂ ਵਿੱਚ ਇਹ ਰੁਚੀ ਆਪਣੇ ਮੁਢਲੇ ਰੂਪ ਵਿੱਚ ਹੁਣ ਵੀ ਮਿਲਦੀ ਹੈ। ਸਰੀਰ ਵਿੱਚ ਤਾਕਤ, ਦਿਲ ਵਿੱਚ ਚਾਉ ਤੇ ਉਮਾਹ ਉਤਸ਼ਾਹ ਪੈਦਾ ਕਰਦਾ ਹੈ। ਇਸ ਤੋਂ ਬਿਨਾਂ ਨੱਚਣਾ-ਕੁੱਦਣਾ ਸੰਭਵ ਨਹੀਂ।
ਮੂਲ-ਰਚਨਾ ਦੇ ਸ਼ਬਦ = 169
ਸੰਖੇਪ-ਰਚਨਾ ਦੇ ਸ਼ਬਦ = 53