ਸੰਖੇਪ ਰਚਨਾ

ਜਹਾਂਗੀਰ ਦਾ ਤਅੱਸਬੀ ਸੁਭਾਅ

ਜਹਾਂਗੀਰ ਵੱਡੀ ਉਮਰੇ ਭਾਵੇਂ ਜ਼ਰਾ ਖੁੱਲ੍ਹ-ਦਿਲਾ ਹੋ ਗਿਆ ਸੀ ਪਰ ਚੜ੍ਹਦੀ ਉਮਰੇ ਇੱਕ ਤਅੱਸਬੀ ਮੁਸਲਮਾਨ ਸੀ, ਗੱਲ ਦੀ ਗਵਾਹੀ ਲਈ ਉਸ ਦੀ ਲਿਖਤ ਵਿੱਚੋਂ ਬਹੁਤ ਸਾਰੇ ਹਵਾਲੇ ਦਿੱਤੇ ਜਾ ਸਕਦੇ ਹਨ। ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੇ ਮੰਨਣ ਵਾਲਿਆਂ ਨੂੰ ਬਿਲਕੁਲ ਚੰਗਾ ਨਹੀਂ ਸੀ ਸਮਝਦਾ ਕਿਉਂਕਿ ਆਪਣੀ ਲਿਖਤ ਵਿੱਚ ਉਹ ਦੂਜਿਆਂ ਨੂੰ ਗਾਲ੍ਹੀਆਂ ਕੱਢਣੋਂ ਵੀ ਸੰਕੋਚ ਨਹੀਂ ਸੀ ਕਰਦਾ, ਜੋ ਕਿ ਇਤਨੇ ਵੱਡੇ ਬਾਦਸ਼ਾਹ ਨੂੰ ਕਦਾਚਿਤ ਨਹੀਂ ਸੋਭਦਾ। ਦੂਜੇ ਧਰਮਾਂ ਵਾਲਿਆਂ ਨੂੰ ਮੁਸਲਮਾਨ ਬਨਾਉਣ ਦੀ ਉਸ ਦੇ ਦਿਲ ਵਿੱਚ ਡਾਢੀ ਲਾਲਸਾ ਦਿੱਸਦੀ ਹੈ। ਸਿੱਖ ਧਰਮ ਸਬੰਧੀ ਉਹ ਸੁਣ ਚੁੱਕਾ ਸੀ ਤੇ ਉਹ ਇਹ ਨਹੀਂ ਸੀ ਚਾਹੁੰਦਾ ਕਿ ਪਵਿੱਤਰਤਾ ਤੇ ਵਡਿਆਈ ਵਾਲੇ ਬੰਦੇ ਇਸਲਾਮ ਤੋਂ ਬਿਨਾਂ ਕਿਸੇ ਦੂਜੇ ਮੱਤ ਵਿੱਚ ਵੀ ਹੋਣ। ਇਸ ਕਰਕੇ ਉਹ ਕਿੰਨੇ ਚਿਰ ਤੋਂ ਗੁਰੂ ਅਰਜਨ ਸਾਹਿਬ ਨੂੰ ਇਸਲਾਮ ਵਿੱਚ ਲਿਆਉਣ ਦਾ ਖ਼ਿਆਲ ਧਾਰੀ ਬੈਠਾ ਸੀ, ਪਰ ਮੌਕਾ ਹੱਥ ਆਉਂਦਾ ਨਹੀਂ ਸੀ ਦਿੱਸਦਾ। ਉਹ ਕਿਸੇ ਬਹਾਨੇ ਦੀ ਆੜ ਵਿੱਚ ਇਹ ਕਰਨਾ ਚਾਹੁੰਦਾ ਸੀ ਤੇ ਹਰ ਵੇਲੇ ਉਸ ਮੌਕੇ ਦੀ ਭਾਲ ਵਿੱਚ ਸੀ ਜੋ ਉਸ ਨੂੰ ਖ਼ੁਸਰੋ ਦੀ ਬਗ਼ਾਵਤ ਵੇਲੇ ਮਿਲ ਗਿਆ।

ਸਿਰਲੇਖ : ਜਹਾਂਗੀਰ ਦਾ ਤਅੱਸਬੀ ਸੁਭਾਅ

ਸੰਖੇਪ : ਜਹਾਂਗੀਰ ਦੀਆਂ ਲਿਖਤਾਂ ਦੱਸਦੀਆਂ ਹਨ ਕਿ ਉਹ ਤਅੱਸਬੀ ਸੀ, ਦੂਜੇ ਧਰਮਚਾਰੀਆਂ ਨੂੰ ਘ੍ਰਿਣਾ ਕਰਦਾ ਤੇ ਮੁਸਲਮਾਨ ਬਣਾਉਂਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਆਦਰਸ਼ਕ ਅਧਿਆਤਮਵਾਦੀ ਇਸਲਾਮ ਤੋਂ ਛੁੱਟ ਕਿਸੇ ਹੋਰ ਧਰਮ ਵਿੱਚ ਹੋਵੇ। ਗੁਰੂ ਅਰਜਨ ਦੇਵ ਜੀ ਨੂੰ ਮੁਸਲਮਾਨ ਬਣਾਉਣ ਲਈ ਉਹ ਮੌਕੇ ਦੀ ਤਾੜ ਵਿੱਚ ਸੀ ਜੋ ਖੁਸਰੋ ਦੀ ਬਗ਼ਾਵਤ ਵੇਲੇ ਮਿਲ ਗਿਆ।

ਮੂਲ-ਰਚਨਾ ਦੇ ਸ਼ਬਦ = 166
ਸੰਖੇਪ-ਰਚਨਾ ਦੇ ਸ਼ਬਦ = 55