ਸੰਖੇਪ ਰਚਨਾ

ਘਰ ਦਾ ਪਿਆਰ

ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ‘ਘਰ’ ਤੋਂ ਭਾਵ ਉਹ ਥਾਂ ਹੈ, ਜਿੱਥੇ ਮਨੁੱਖ ਦਾ ਪਿਆਰ ਤੇ
ਸੱਧਰਾਂ ਪਲਦੀਆਂ ਹਨ, ਜਿੱਥੇ ਬਾਲਪਨ ਵਿੱਚ ਮਾਂ, ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿੱਥੇ ਜਵਾਨੀ ਵਿੱਚ
ਸਾਰੇ ਜਹਾਨ ਨੂੰ ਗਾਹ ਕੇ, ਲਿਤਾੜ ਕੇ, ਖੱਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿੱਥੇ ਬੁਢੇਪੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਆਰਾਮ ਨਾਲ ਕੱਟਣ ਵਿੱਚ ਇਉਂ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦੇ ਆਚਰਨ ਬਨਾਉਣ ਵਿੱਚ ਜਿੱਥੇ ਸਮਾਜਕ ਤੇ ਮੁਲਕੀ ਆਲੇ – ਦੁਆਲੇ ਦਾ ਅਸਰ ਕੰਮ ਕਰਦਾ ਹੈ, ਉੱਥੇ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ। ਸਗੋਂ ਮਨੁੱਖ ਦਾ ਆਚਰਨ ਬਣਦਾ ਹੀ ਘਰ ਵਿੱਚ ਹੈ। ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਉ ਦਾ ਸਾਂਚਾ ਹੈ। ਕਈ ਵਾਰੀ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਵਾਲਾ ਦੇਖਦਾ ਹਾਂ ਤਾਂ ਮੈਂ ਦਿਲ ਵਿੱਚ ਕਹਿੰਦਾ ਹਾਂ ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।

ਸਿਰਲੇਖ : ਘਰ ਦਾ ਪਿਆਰ

ਸੰਖੇਪ : ਘਰ ਦੀ ਅਸਲੀਅਤ ਇੱਟਾਂ ਵੱਟਿਆਂ ਦੇ ਬਣੇ ਢਾਂਚੇ ਦੀ ਥਾਂ ਇਥੋਂ ਮਿਲੇ ਪਿਆਰ ਵਿੱਚ ਹੈ। ਦੂਰ-ਦੁਰਾਡੇ ਗਏ ਜਵਾਨਾਂ ਲਈ ਘਰ ਵਾਪਸੀ ਦੀ ਤਾਂਘ ਰੱਖਦਾ ਹੈ ਅਤੇ ਬੁਢਾਪੇ ਵਿੱਚ ਵਿਹਲ ਨੂੰ ਬਿਤਾਉਣ ਵਿੱਚ ਆਨੰਦ ਮਿਲਦਾ ਹੈ। ਘਰ ਦਾ ਮਨੁੱਖੀ ਆਚਰਨ ਬਣਾਉਣ ਵਿੱਚ ਵੱਡਾ ਹੱਥ ਹੁੰਦਾ ਹੈ। ਘਰ ਦੇ ਪਿਆਰ ਤੋਂ ਸੱਖਣੇ ਲੋਕ ਅਕਸਰ ਖਿਝੂ ਸੁਭਾਅ ਦੇ ਮਾਲਕ ਹੋ ਜਾਂਦੇ ਹਨ।

ਮੂਲ-ਰਚਨਾ ਦੇ ਸ਼ਬਦ = 178
ਸੰਖੇਪ-ਰਚਨਾ ਦੇ ਸ਼ਬਦ = 60