ਸੰਖੇਪ ਰਚਨਾ : ਸੱਚੀ ਖੁਸ਼ਹਾਲੀ


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਇਸ ਦਾ ਢੁੱਕਵਾਂ ਸਿਰਲੇਖ ਵੀ ਦਿਓ :

ਮੇਰੀਆਂ ਨਜ਼ਰਾਂ ਵਿਚ ਸੱਚੀ ਖ਼ੁਸ਼ਹਾਲੀ ਉਹ ਹੈ, ਜਿਦ੍ਹੇ ਵਿਚ ਨਾ ਥੋੜ ਦੀ ਚਿੰਤਾ ਹੋਵੇ ਤੇ ਨਾ ਬਹੁਲਤਾ ਦਾ ਭਾਰ ਹੋਵੇ। ਮਨੁੱਖ ਆਪਣੀ ਚੰਗੀ ਖ਼ਿਦਮਤ ਦੁਨੀਆ ਨੂੰ ਦੇਵੇ ਤੇ ਉਸ ਖ਼ਿਦਮਤ ਲਈ ਲੋੜੀਂਦੇ ਸੁਆਦਾਂ ਸਾਮਾਨਾਂ ਨੂੰ ਹਕ ਸਮਝੇ। ਓਹਦੇ ਕੋਲ ਥੋੜ੍ਹੀ ਜਿਹੀ ਵਿਹਲ ਵੀ ਹੋਵੇ ਤੇ ਓਹਦੇ ਕੋਲ ਉਹ ਸਾਰੇ ਸਾਮਾਨ ਹੋਣ, ਜਿਨ੍ਹਾਂ ਨਾਲ ਆਪਣੀ ਆਤਮਾ ਦੇ ਅੰਦਰਲੇ ਦ੍ਰਿਸ਼ ਨੂੰ ਬਾਹਰ ਨਿਰੂਪਣ ਕੀਤਾ ਜਾ ਸਕੇ। ਜਦ ਤਕ ਏਨੀ ਕੁ ਖ਼ੁਸ਼ਹਾਲੀ ਮਨੁੱਖ ਕੋਲ ਨਹੀਂ ਹੁੰਦੀ, ਉਦੋਂ ਤਕ ਉਹ ਕਦੇ ਆਪਣੀ ਅਤਿ ਚੰਗੀ ਖ਼ਿਦਮਤ ਦੁਨੀਆ ਨੂੰ ਨਹੀਂ ਦੇ ਸਕਦਾ। ਨਾ ਧਨ ਜੋੜਨ ਵਿੱਚ ਖ਼ੁਸ਼ਹਾਲੀ ਹੈ, ਨਾ ਤਿਆਗ ਤੇ ਦਲਿੱਦਰ ਵਿਚ। ਸੱਚੀ ਖ਼ੁਸ਼ਹਾਲੀ ਇਹ ਹੈ ਕਿ ਸਿਹਤ ਚੰਗੀ ਹੋਵੇ, ਅਕਲ ਵਿਚ ਰੋਜ਼ਾਨਾ ਵਾਧਾ ਹੋਵੇ, ਘਰ ਸੋਹਣਾ, ਸਾਫ਼ ਤੇ ਨਾ ਲੋੜ ਨਾਲੋਂ ਛੋਟਾ ਤੇ ਨਾ ਲੋੜ ਨਾਲੋਂ ਵੱਡਾ ਹੋਵੇ, ਚੰਗਾ ਸਾਥ ਹੋਵੇ, ਭਾਵੇਂ ਇਹ ਸਾਥ ਪਤਨੀ ਦਾ ਹੋਵੇ ਤੇ ਭਾਵੇਂ ਕੋਈ ਹੋਰ। ਜੇ ਬੱਚੇ ਹੋਣ ਤਾਂ ਸਾਫ਼ ਕੱਪੜਿਆਂ ਵਿਚ ਹੱਸਦੇ-ਖੇਡਦੇ ਹੋਣ। ਕਰਨ ਲਈ ਕੰਮ ਹੋਵੇ, ਏਸ ਕੰਮ ਵਿਚ ਚਿਤ ਲਗਦਾ ਹੋਵੇ, ਇਹ ਕੰਮ ਦੁਨੀਆ ਦਾ ਕੁੱਝ ਸੁਆਰਦਾ ਹੋਵੇ, ਦੁਨੀਆ ਦਾ ਸੁਖ ਵਧਾਉਂਦਾ ਹੋਵੇ ਜਾਂ ਗਿਆਨ ਵਿਚ ਵਾਧਾ ਕਰਦਾ ਹੋਵੇ। ਮੁਹਤਾਜੀ ਦੀ ਚਿੰਤਾ ਨਾ ਹੋਵੇ, ਗੁਆਂਢੀ ਵੀ ਖ਼ੁਸ਼ਹਾਲ ਹੋਣ, ਆਲੇ-ਦੁਆਲੇ ਖੇੜਾ ਹੋਵੇ ਤੇ ਏਸ ਖੇੜੇ ਵਿਚ ਅਸਾਂ ਵੀ ਹਿੱਸਾ ਪਾਇਆ ਹੋਵੇ।


ਉੱਤਰ : ਸਿਰਲੇਖ : ਸੱਚੀ ਖ਼ੁਸ਼ਹਾਲੀ ।

ਸੰਖੇਪ-ਰਚਨਾ : ਸੱਚੀ ਖ਼ੁਸ਼ਹਾਲੀ ਨਾ ਚਿੰਤਾ ਬਣੀਆਂ ਥੁੜਾਂ, ਨਾ ਬੋਝ ਬਣਦੀ ਅਮੀਰੀ, ਨਾ ਤਿਆਗ ਤੇ ਨਾ ਧਨ ਜੋੜਨ ਵਿੱਚ ਹੈ। ਆਪਣੇ ਸੁਪਨੇ ਸਾਕਾਰ ਕਰਨ ਲਈ ਸਾਧਨ ਤੇ ਵਿਹਲ ਜ਼ਰੂਰੀ ਹਨ ਤੇ ਆਪਣਾ ਮਨ-ਪਸੰਦ ਸਮਾਜ-ਉਪਯੋਗੀ ਕੰਮ, ਚੰਗੀ ਸਿਹਤ, ਨਿੱਤ ਵਿਕਸਿਤ ਹੁੰਦੀ ਅਕਲ, ਲੋੜੀਂਦਾ ਸੋਹਣਾ ਘਰ, ਪਿਆਰਾ ਤੇ ਸੁਖੀ ਪਰਿਵਾਰ ਅਤੇ ਖ਼ੁਸ਼ਹਾਲ ਆਲਾ- ਦੁਆਲਾ ਵੀ ਚਾਹੀਦਾ ਹੈ। ਸੱਚੀ ਖ਼ੁਸ਼ਹਾਲੀ ਮਾਣਦਾ ਮਨੁੱਖ ਹੀ ਆਪਣੀਆਂ ਉੱਤਮ ਸੇਵਾਵਾਂ ਦੁਨੀਆ ਨੂੰ ਦੇ ਸਕਦਾ ਹੈ।