ਸੰਖੇਪ ਰਚਨਾ : ਵਕਤ ਦੀ ਕਦਰ
ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਨਾਲ ਹੀ ਢੁੱਕਵਾਂ ਸਿਰਲੇਖ ਵੀ ਦਿਓ-
ਅਸੀਂ ਅਜੇ ਤਕ ਵਕਤ ਦਾ ਮੁੱਲ ਪਾਣਾ ਨਹੀਂ ਸਿੱਖੇ। ਜੇ ਘਰਾਂ ਵਿਚ ਅਸੀਂ ਵਕਤ ਦੀ ਕਦਰ ਕਰਨ ਦੀ ਆਦਤ ਪਾਵਾਂਗੇ, ਤਾਂ ਹੀ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਸਾਡੇ ਪਬਲਿਕ ਜਲਸੇ ਤੇ ਦੀਵਾਨ ਵੇਲੇ ਸਿਰ ਸ਼ੁਰੂ ਹੋਇਆ ਕਰਨਗੇ। ਇਸ ਗੱਲ ਦੀ ਬਦਨਾਮੀ ਖੱਟ ਲਓ ਕਿ ਤੁਸੀਂ ਵਕਤ ਦੇ ਬੜੇ ਪੱਕੇ ਹੋ, ਜਿੱਥੇ ਤੁਸਾਂ ਜਾਣਾ ਹੋਵੇਗਾ, ਉੱਥੇ ਤੁਹਾਡੀ ਵਕਤ ਸਿਰ ਉਡੀਕ ਹੋਵੇਗੀ, ਜਿਸ ਨੇ ਤੁਹਾਡੇ ਘਰ ਆਉਣਾ ਹੋਵੇਗਾ, ਉਹ ਵੀ ਡਰਦਾ ਮਾਰਿਆ ਵੇਲੇ ਸਿਰ ਪਹੁੰਚੇਗਾ। ਤੁਸੀਂ ਲੋਕਾਂ ਨੂੰ ਸਬਕ ਸਿਖਾਓ, ਉਨ੍ਹਾਂ ਨਾਲ ਆਉਣ-ਜਾਣ ਦਾ ਵਕਤ ਮੁਕੱਰਰ ਕਰੋ, ਆਪ ਪੂਰੇ ਵਕਤ ਤੇ ਪਹੁੰਚੋ ਤੇ ਜੇ ਦੂਜਾ ਨੀਅਤ ਵਕਤ ‘ਤੇ ਨਾ ਆਵੇ, ਤਾਂ ਤੁਸੀਂ ਉਡੀਕ ਨਾ ਕਰੋ, ਆਪਣੇ ਕੰਮ ਲੱਗ ਜਾਓ। ਤੁਹਾਨੂੰ ਭੈੜਾ-ਚੰਗਾ ਕਹਿ ਕੇ ਲੋਕ-ਆਪ ਸਿੱਧੇ ਹੋ ਜਾਣਗੇ। ਜਿਨ੍ਹਾਂ ਜਲਸਿਆਂ-ਮੀਟਿੰਗਾਂ ਦੇ ਪ੍ਰਬੰਧ ਵਿਚ ਤੁਹਾਡਾ ਹੱਥ ਹੈ, ਉਹ ਵਕਤ ਸਿਰ ਆਰੰਭ ਕਰ ਦਿਓ, ਸਰੋਤਿਆਂ ਦੀ ਉਡੀਕ ਨਾ ਕਰੋ। ਇਕ ਦੋ ਵਾਰੀ ਤੁਹਾਨੂੰ ਤਕਲੀਫ਼ ਹੋਵੇਗੀ, ਫਿਰ ਤੁਹਾਡੇ ਜਲਸਿਆਂ ਤੇ ਲੋਕ ਆਪ ਵਕਤ ਸਿਰ ਪਹੁੰਚ ਜਾਇਆ ਕਰਨਗੇ। ਅਜਿਹੇ ਲੈਕਚਰਾਰ ਤੇ ਪ੍ਰਧਾਨ ਨਾ ਚੁਣੋ, ਜੋ ਵਕਤ ਦੀ ਕਦਰ ਕਰਨਾ ਨਹੀਂ ਜਾਣਦੇ। ਜੇ ਉਹ ਵੇਲੇ ਸਿਰ ਨਾ ਪਹੁੰਚਣ, ਤਾਂ ਤੁਸੀਂ ਉਨ੍ਹਾਂ ਦੀ ਉਡੀਕ ਨਾ ਕਰੋ, ਕਾਰਵਾਈ ਸ਼ੁਰੂ ਕਰ ਦਿਓ। ਇਸੇ ਤਰ੍ਹਾਂ ਹੀ ਅਸੀਂ ਆਮ ਜਨਤਾ ਨੂੰ ਵਕਤ ਦੀ ਕਦਰ ਕਰਨਾ ਸਿਖਾ ਸਕਦੇ ਹਾਂ। ਕਿਸੇ ਵੱਡੇ-ਛੋਟੇ ਦੀ ਪਰਵਾਹ ਨਾ ਕਰੋ, ਅਸੂਲ ਸਭ ਤੋਂ ਵੱਡੀ ਚੀਜ਼ ਹੈ। ਵਕਤ ਤੋਂ ਖੁੰਝਣਾ ਰੁਝੇਵੇਂ ਦੀ ਨਿਸ਼ਾਨੀ ਨਹੀਂ, ਇਹ ਅਣਗਹਿਲੀ ਦੀ ਨਿਸ਼ਾਨੀ ਹੈ ਜਾਂ ਬੇਸਮਝੀ ਤੇ ਬੇਤਰੀਕਾ ਰੁਝੇਵਿਆਂ ਦੀ। ਜਦੋਂ ਇਹ ਸਭ ਕੁੱਝ ਸਿੱਖ ਲਵਾਂਗੇ, ਤਾਂ ਸਮਝ ਲਓ ਅਸੀਂ ਵੀ ਸੱਭਿਅਤਾ ਦੀ ਪੌੜੀ ‘ਤੇ ਚੜ੍ਹ ਰਹੇ ਹਾਂ।
ਉੱਤਰ : ਸਿਰਲੇਖ-ਵਕਤ ਦੀ ਕਦਰ
ਸੰਖੇਪ-ਰਚਨਾ : ਸਾਨੂੰ ਘਰਾਂ ਵਿਚ ਹੀ ਵਕਤ ਦੀ ਕਦਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਜੇਕਰ ਤੁਸੀਂ ਵਕਤ ਦੇ ਪੱਕੇ ਰਹੋਗੇ, ਤਾਂ ਅਗਲੇ ਥਾਂ ਤੁਹਾਡੀ ਵਕਤ ਸਿਰ ਉਡੀਕ ਹੋਵੇਗੀ। ਤੁਹਾਡੇ ਘਰ ਆਉਣ ਵਾਲਾ ਵੇਲੇ ਸਿਰ ਆਵੇਗਾ। ਆਪ ਵਕਤੋਂ ਖੁੰਝੋ ਨਾ ਤੇ ਵਕਤੋਂ ਖੁੰਝਣ ਵਾਲੇ ਦੀ ਉਡੀਕ ਨਾ ਕਰੋ। ਜਲਸੇ-ਮੀਟਿੰਗਾਂ, ਵਕਤ ਸਿਰ ਆਰੰਭੋ ਤੇ ਕਿਸੇ ਦੀ ਉਡੀਕ ਨਾ ਕਰੋ। ਇਸ ਨਾਲ ਸਭ ਨੂੰ ਸਬਕ ਮਿਲ ਜਾਵੇਗਾ। ਵਕਤੋਂ ਖੁੰਝਣ ਦਾ ਕਾਰਨ ਰੁਝੇਵਾਂ ਨਹੀਂ, ਸਗੋਂ ਅਣਗਹਿਲੀ ਤੇ ਬੇਸਮਝੀ ਹੈ। ਵਕਤ ਦੀ ਕਦਰ ਨਾਲ ਹੀ ਅਸੀਂ ਸਭਿਅਕ ਬਣ ਸਕਦੇ ਹਾਂ।