CBSEEducationPunjab School Education Board(PSEB)ਸੰਖੇਪ ਰਚਨਾ (Precis writing)

ਸੰਖੇਪ ਰਚਨਾ : ਭਾਈਚਾਰਕ ਲੈਣ-ਦੇਣ


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਅਤੇ ਢੁੱਕਵਾਂ ਸਿਰਲੇਖ ਵੀ ਦਿਓ-

ਅਜਿਹੇ ਹਨ ਸਾਡੇ ਭਾਈਚਾਰਕ ਰਿਵਾਜ। ਸਾਡੀ ਸਾਰੀ ਭਾਈਚਾਰਕ ਪ੍ਰਣਾਲੀ ਦੀ ਨੀਂਹ ਸਿਰਫ਼ ਦੋ ਗੱਲਾਂ ‘ਤੇ ਹੈ-ਬਦਲਾ ਤੇ ਨੱਕ। ਜਿਹੋ ਜਿਹਾ ਤੁਹਾਡੇ ਨਾਲ ਕੋਈ ਵਰਤੇ, ਉਹੋ ਜਿਹਾ ਤੁਸੀਂ ਉਸ ਨਾਲ ਵਰਤੋ, ਜੇ ਤੁਹਾਨੂੰ ਭਾਜੀਆਂ ਤੇ ਸ਼ਗਨ ਪੈਣ ਤਾਂ ਤੁਸੀਂ ਵੀ ਪਾਓ। ਅਦਲੇ ਦਾ ਬਦਲਾ। ਬਹੁਤ ਸਾਰੇ ਅੰਗਾਂ-ਸਾਕਾਂ ਨੂੰ ਆਪਣਾ ਨੱਕ ਰੱਖਣ ਦੀ ਖ਼ਾਤਰ ਕੱਪੜਾ, ਪੈਸਾ ਦਿੱਤਾ ਜਾਂਦਾ ਹੈ, ਤਾਂ ਜੋ ਕਿਧਰੇ ਨਮੋਸ਼ੀ ਨਾ ਹੋਵੇ। ਸਾਨੂੰ ਡਰ ਹੁੰਦਾ ਹੈ ਕਿ ਧੀ-ਭੈਣ ਇਹ ਨਾ ਆਖੇ ਪਈ ਦਿੱਤਾ ਕੁੱਝ ਨਹੀਂ ਤੇ ਗੁੱਸੇ ਨਾ ਹੋ ਜਾਏ। ਸਾਕਾਂ, ਸੰਬੰਧੀਆਂ ਆਦਿ ਨੂੰ ਦੇਣ ਲਈ ਸਾਡਾ ਸਦਾ ਦਿਲੋਂ ਖ਼ਿਆਲ ਨਹੀਂ ਹੁੰਦਾ। ਇਹ ਸਭ ਕੁੱਝ ਅਸੀਂ ਰਿਵਾਜਾਂ ਦੇ ਬੱਧੇ ਕਰਦੇ ਹਾਂ। ਬਹੁਤ ਵਾਰੀ ਜ਼ਨਾਨੀਆਂ ਦੇਣ ਲੱਗਿਆਂ ਸੌ ਵਾਰੀ ਖਿਝਦੀਆਂ ਤੇ ਕੁੜ੍ਹਦੀਆਂ ਹਨ ਤੇ ਗਾਲਾਂ ਤਕ ਕੱਢਣੋਂ ਗੁਰੇਜ਼ ਨਹੀਂ ਕਰਦੀਆਂ। ਅਸੀਂ ਕਦੇ ਆਪਣੇ ਸਾਕਾਂ ਨੂੰ ਵੇਖ ਕੇ ਖ਼ੁਸ਼ ਨਹੀਂ ਹੋਏ, ਕਿਉਂਕਿ ਰੁਪਏ ਕੱਪੜੇ ਦੇਣ ਦਾ ਖ਼ਿਆਲ ਸਾਡਾ ਲਹੂ ਸੁਕਾਈ ਰੱਖਦਾ ਹੈ। ਭਾਵੇਂ ਕਿਸੇ ਦੀ ਕੁੱਝ ਦੇਣ ਦੀ ਕਦਰ ਹੋਵੇ ਜਾਂ ਨਾ ਹੋਵੇ, ਪਰ ਜਿਨ੍ਹਾਂ ਸਾਕਾਂ ਨੂੰ ਦੇਣਾ ਹੈ, ਉਨ੍ਹਾਂ ਨੂੰ ਜ਼ਰੂਰ ਦੇਣਾ ਹੈ। ਇਸੇ ਵਾਸਤੇ ਸਾਡੀ ਸਾਕਾਂ ਨਾਲ ਬਣਦੀ ਨਹੀਂ ਕਿਉਂਕਿ ਜਿੱਥੇ ਲੈਣ-ਦੇਣ ਦਾ ਸਵਾਲ ਆ ਗਿਆ, ਉੱਥੇ ਜ਼ਰੂਰ ਦੋਵੇਂ ਧਿਰਾਂ ਗੁੱਸੇ ਰਹਿੰਦੀਆਂ ਹਨ। ਭੈਣ ਤੇ ਭਰਾ ਦੀ ਓਨਾ ਚਿਰ ਹੀ ਬਣਦੀ ਹੈ, ਜਿੰਨਾ ਚਿਰ ਉਹ ਆਪਣੇ ਮਾਪਿਆਂ ਦੇ ਘਰ ਹਨ। ਜਦ ਭਰਾ ਆਪਣੀ ਖੱਟੀ ਕਮਾਈ ਵਾਲਾ ਹੋ ਜਾਂਦਾ ਹੈ ਤੇ ਭੈਣ-ਸਹੁਰੇ ਟੁਰ ਜਾਂਦੀ ਹੈ, ਤਾਂ ਆਮ ਭੈਣਾਂ ਦੀ ਹਮੇਸ਼ਾ ਇਹ ਹੀ ਖ਼ਾਹਿਸ਼ ਹੁੰਦੀ ਹੈ ਕਿ ਭਰਾ ਦੇ ਘਰੋਂ ਕੁੱਝ ਲੈ ਕੇ ਆਉਣ। ਇਸੇ ਕਰਕੇ ਨਨਾਣ- ਭਰਜਾਈ ਦੀ ਕਦੇ ਬਣੀ ਨਹੀਂ। ਇਹੋ ਹਾਲ ਹੋਰਨਾਂ ਸਾਕਾਂ ਸੰਬੰਧੀਆਂ ਦਾ ਹੈ। ਸਾਡੇ ਸਾਕਾਂ-ਸੰਬੰਧੀਆਂ ਵਿਚ ਪ੍ਰੀਤ ਦੀ ਬੜੀ ਘਾਟ ਹੁੰਦੀ ਹੈ ਤੇ ਅਸੀਂ ਇਕ-ਦੂਜੇ ਸਾਕਾਂ ਨੂੰ ਮਿਲਣਾ-ਗਿਲਣਾ ਵੀ ਪਸੰਦ ਨਹੀਂ ਕਰਦੇ। ਜੇ ਮਿਲਦੇ ਵੀ ਹਾਂ, ਤਾਂ ਸਿਰਫ਼ ਇਸ ਲਈ ਕਿ ਮਤੇ ਨਰਾਜ਼ ਨਾ ਹੋਣ ਜਾਂ ਇਸ ਖ਼ਿਆਲ ਨਾਲ ਕਿ ਲੋਕ ਕੀ ਆਖਣਗੇ। ਇਹ ਸਭ ਲੈਣ-ਦੇਣ ਦੇ ਭੈੜੇ ਰਿਵਾਜਾਂ ਕਰਕੇ ਹੈ।


ਉੱਤਰ :

ਸਿਰਲੇਖ-‘ਬਦਲਾ ਤੇ ਨੱਕ’

ਜਾਂ

ਭਾਈਚਾਰਕ ਲੈਣ-ਦੇਣ

ਸੰਖੇਪ-ਰਚਨਾ : ਸਾਡੀ ਭਾਈਚਾਰਕ ਪ੍ਰਣਾਲੀ ਦਾ ਆਧਾਰ ਹੈ-ਬਦਲਾ ਤੇ ਨੱਕ। ਸਾਡੇ ਨਾਲ ਜਿਹਾ ਕੋਈ ਵਰਤੇ, ਅਸੀਂ ਉਸ ਨਾਲ ਉਹੋ ਜਿਹਾ ਵਰਤਦੇ ਹਾਂ। ਬਹੁਤੇ ਅੰਗਾਂ-ਸਾਕਾਂ ਨੂੰ ਨੱਕ ਰੱਖਣ ਦੀ ਖ਼ਾਤਰ ਕੱਪੜਾ-ਪੈਸਾ ਦਿੱਤਾ ਜਾਂਦਾ ਹੈ। ਅਸੀਂ ਸਾਕਾਂ-ਸੰਬੰਧੀਆਂ ਨੂੰ ਰਿਵਾਜਾਂ ਦੇ ਬੱਧੇ ਨਾ ਚਾਹੁੰਦਿਆਂ ਵੀ ਦਿੰਦੇ ਹਾਂ ਤੇ ਇਹ ਦੇਣ ਸਾਡਾ ਲਹੂ-ਸੁਕਾਈ ਰੱਖਦਾ ਹੈ। ਇਸ ‘ਲੈਣ-ਦੇਣ’ ਕਰਕੇ ਹੀ ਸਾਡੀ ਅੰਗਾਂ-ਸਾਕਾਂ ਨਾਲ ਬਣਦੀ ਨਹੀਂ। ਸਹੁਰੇ ਗਈ ਭੈਣ ਦੀ ਇਹੋ ਇੱਛਾ ਹੁੰਦੀ ਹੈ ਕਿ ਭਰਾ ਦੇ ਘਰੋਂ ਕੁੱਝ ਆਵੇ। ਇਸੇ ਕਰਕੇ ਨਨਾਣ-ਭਰਜਾਈ ਦੀ ਕਦੇ ਬਣਦੀ ਨਹੀਂ। ਸਾਡੇ ਸਾਕਾਂ-ਸੰਬੰਧੀਆਂ ਵਿਚ ਦਿਲੀ ਪ੍ਰੀਤ ਦੀ ਘਾਟ ਹੁੰਦੀ ਹੈ ਤੇ ਇਸ ਦਾ ਕਾਰਨ ਲੈਣ-ਦੇਣ ਦਾ ਭੈੜਾ ਰਿਵਾਜ ਹੀ ਹੈ।