ਸੰਖੇਪ ਰਚਨਾ : ਬੱਚਿਆਂ ਦੀ ਪਾਲਣਾ
ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ-
ਕੀ ਘਰ ਵੱਡਿਆਂ ਲਈ ਹੈ ਜਾਂ ਬੱਚਿਆਂ ਵਾਸਤੇ? ਕੀ ਘਰ ਦਾ ਪ੍ਰੋਗਰਾਮ ਬੱਚਿਆਂ ਨੂੰ ਮੁੱਖ ਰੱਖ ਕੇ ਬਣਾਉਣਾ ਚਾਹੀਦਾ ਹੈ ਕਿ ਮਾਪਿਆਂ ਤੇ ਹੋਰ ਵੱਡਿਆਂ ਨੂੰ? ਕਹਿਣ ਨੂੰ ਤਾਂ ਸਾਰੇ ਇਹ ਕਹਿਣਗੇ ਕਿ ਬੱਚੇ ਦੀ ਸਹੂਲਤ ਬੱਚੇ ਦਾ ਆਰਾਮ ਤੇ ਬੱਚੇ ਦੀਆਂ ਲੋੜਾਂ ਸਭ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਹਨ, ਪਰ ਅਸਲ ਵਿਚ ਇਹ ਨਹੀਂ ਹੁੰਦਾ। ਜਦ ਬੱਚੇ ਨੂੰ ਆਰਾਮ ਦੀ ਲੋੜ ਹੁੰਦੀ ਹੈ, ਤਾਂ ਵੱਡੇ ਸ਼ੋਰ ਮਚਾ ਸਕਦੇ ਹਨ, ਪਰ ਜਦ ਵੱਡੇ ਆਰਾਮ ਕਰ ਰਹੇ ਹੁੰਦੇ ਹਨ, ਤਾਂ ਬੱਚੇ ਨੂੰ ਸ਼ੋਰ ਮਚਾਣ ਦਾ ਹੱਕ ਨਹੀਂ ਹੁੰਦਾ। ਜੇ ਸ਼ੋਰ ਮਚਾਏ ਤਾਂ ਉਸ ਨੂੰ ਬਾਹਰ ਭੇਜ ਦਿੱਤਾ ਜਾਂਦਾ। ਜੇ ਬੱਚਾ ਬਾਹਰ ਜਾਣਾ ਚਾਹੇਗਾ, ਤਾਂ ਸਾਡੀ ਮਰਜ਼ੀ ਹੋਵੇਗੀ ਭੇਜਾਂਗੇ, ਪਰ ਜਦ ਅਸਾਂ ਬਾਹਰ ਸੈਰ ਕਰਨ ਜਾਣਾ ਹੋਵੇ, ਤਾਂ ਬੱਚੇ ਨੂੰ ਉਸ ਦੀ ਮਰਜ਼ੀ ਦੇ ਖਿਲਾਫ਼ ਵੀ ਧਰੀਕ ਕੇ ਲੈ ਜਾਵਾਂਗੇ। ਦੂਜੇ ਮਹਾਨ ਯੁੱਧ ਵਿਚ ਜਦੋਂ ਇੰਗਲਿਸਤਾਨ ਦੇ ਤਬਾਹ ਹੋ ਜਾਣ ਦਾ ਖਤਰਾ ਸੀ, ਤਾਂ ਸਰਕਾਰ ਨੇ ਸਭ ਤੋਂ ਪਹਿਲਾਂ ਇੰਤਜ਼ਾਮ ਬੱਚਿਆਂ ਨੂੰ ਬਚਾਣ ਦਾ ਕੀਤਾ। ਬੱਚਿਆਂ ਨੂੰ ਸਕੂਲਾਂ ਵਿੱਚੋਂ ਹਟਾ ਕੇ ਬਚਾਓ ਵਾਲੀਆਂ ਥਾਂਵਾਂ ‘ਤੇ ਭੇਜ ਦਿੱਤਾ ਗਿਆ, ਤਾਂ ਜੋ ਮੁਲਕ ਦਾ ਭਵਿੱਖਤ ਤਬਾਹ ਨਾ ਹੋ ਜਾਵੇ। ਮਾਂਵਾਂ ਕੋਲੋਂ ਨਖੇੜ ਕੇ ਬੱਚਿਆਂ ਨੂੰ ਬਚਾਣ ਵਾਸਤੇ ਜ਼ਿੰਦਾ ਰੱਖਣ ਵਾਸਤੇ ਪੂਰਾ-ਪੂਰਾ ਇੰਤਜ਼ਾਮ ਕੀਤਾ ਗਿਆ ਸੀ।
ਉੱਤਰ : ਸਿਰਲੇਖ-ਬੱਚਿਆਂ ਦੀ ਪਾਲਣਾ ।
ਸੰਖੇਪ-ਰਚਨਾ : ਆਮ ਕਰਕੇ ਘਰੇਲੂ ਪ੍ਰੋਗਰਾਮ ਬੱਚਿਆਂ ਨੂੰ ਮੁੱਖ ਰੱਖ ਕੇ ਨਹੀਂ ਬਣਾਏ ਜਾਂਦੇ। ਘਰਾਂ ਵਿਚ ਵੱਡਿਆਂ ਦੀ ਮਰਜ਼ੀ ਚਲਦੀ ਹੈ ਤੇ ਬੱਚਿਆਂ ਨੂੰ ਉਨ੍ਹਾਂ ਦੀ ਮਰਜ਼ੀ ਨਹੀਂ ਕਰਨ ਦਿੱਤੀ ਜਾਂਦੀ। ਦੂਜੇ ਮਹਾਨ ਜੰਗ ਦੇ ਸਮੇਂ ਇੰਗਲਿਸਤਾਨ ਵਿਚ ਸਰਕਾਰ ਨੇ ਬੱਚਿਆਂ ਨੂੰ ਮਾਂਵਾਂ ਤੇ ਸਕੂਲਾਂ ਤੋਂ ਵੱਖ ਕਰ ਕੇ ਬਚਾਓ ਵਾਲੀਆਂ ਥਾਂਵਾਂ ਉੱਤੇ ਭੇਜ ਕੇ ਦੇਸ਼ ਦੇ ਭਵਿੱਖ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਸੀ।