CBSEEducationPunjab School Education Board(PSEB)ਸੰਖੇਪ ਰਚਨਾ (Precis writing)

ਸੰਖੇਪ ਰਚਨਾ : ਬੁੱਧ ਧਰਮ ਦੇ ਸਿਧਾਂਤ


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਅਤੇ ਢੁੱਕਵਾਂ ਸਿਰਲੇਖ ਵੀ ਲਿਖੋ-

ਮਨੁੱਖੀ ਸਭਿਅਤਾ ਤੇ ਸਮਾਜਿਕ ਅਚਾਰ ਵਿਚ ਇਹ ਮੱਤ (ਬੁੱਧ ਮੱਤ) ਸਚਮੁੱਚ ਹੀ ਇੱਕ ਵੱਡਮੁੱਲਾ ਅਗੇਰਾ ਕਦਮ ਸੀ। ਇਸ ਦੇ ਪ੍ਰਧਾਨ ਅੰਗ ਇਹ ਸਨ : ਪਹਿਲਾ ਇਹ ਕਿ ਮਨੁੱਖੀ ਜੀਵਨ ਦੁੱਖ ਤੇ ਬਿਪਤਾ ਦਾ ਗ੍ਰਸਿਆ ਹੋਇਆ ਹੈ ਤੇ ਮਨੁੱਖ ਦਾ ਧਰਮ ਹੈ, ਇਸ ਦੁੱਖ ਤੇ ਬਿਪਤਾ ਨੂੰ ਘਟਾਉਣ ਦਾ ਯਤਨ ਕਰਨਾ। ਇਸ ਮਨੋਰਥ ਦੀ ਪ੍ਰਾਪਤੀ ਦਾ ਮੁੱਖ ਸਾਧਨ ਇਹ ਹੈ ਕਿ ਮਨੁੱਖ ਆਪ ਕਿਸੇ ਮਨੁੱਖ, ਪਸ਼ੂ, ਪੰਛੀ ਕੀੜੇ ਤਕ ਨੂੰ ਦੁੱਖ ਨਾ ਦੇਵੇ। ਇਹ ਅਹਿੰਸਾ ਦਾ ਸਿਧਾਂਤ ਹੈ। ਇਹ ਸਿਧਾਂਤ ਪ੍ਰਗਟ ਭਾਂਤ ਉਸ ਸਮੇਂ ਦੀ ਧਾਰਮਿਕ ਰੀਤੀ ਉੱਤੇ ਇਕ ਤਕੜਾ ਵਾਰ ਸੀ। ਇਸ ਰੀਤੀ ਅਨੁਸਾਰ ਕੀਤੀਆਂ ਪਸ਼ੂ-ਬਲੀਆਂ ਆਦਿ, ਇਸ ਅਹਿੰਸਾ ਦੇ ਸਿਧਾਂਤ ਅਨੁਸਾਰ ਅਨੁਚਿਤ ਤੇ ਵਿਵਰਜਤ ਸਨ। ਮਾਸ ਖਾਣਾ ਵੀ ਇਸ ਸਿਧਾਂਤ ਅਨੁਸਾਰ ਵਿਵਰਜਤ ਸੀ। ਦੂਜਾ ਇਹ ਕਿ ਮਨੁੱਖ ਦੀ ਸਾਰੀ ਚੇਸ਼ਟਾ ਕਰਮ, ਕਾਰਨ ਤੇ ਫਲ ਦੇ ਨਿਯਮਾਂ ਵਿਚ ਬੱਧੀ ਹੋਈ ਹੈ। ਕੋਈ ਕਿਸੇ ਸਮੇਂ ਤੇ ਕਿਸੇ ਥਾਉਂ ਕੁੱਝ ਵੀ ਕਰੇ, ਉਸ ਨੂੰ ਕਦੀ ਤੇ ਕਿਤੇ ਨਾ ਕਿਤੇ ਜ਼ਰੂਰ ਇਸ ਦਾ ਫਲ ਭੁਗਤਣਾ ਪਵੇਗਾ। ਇਸ ਕਰਮ ਦਾ ਨਿਯਮ ਕੇਵਲ ਪਦਾਰਥਕ ਜੀਵਨ ਉੱਤੇ ਹੀ ਨਹੀਂ, ਅਧਿਆਤਮਿਕ ਤੇ ਆਚਰਣਕ ਜੀਵਨ ਉੱਤੇ ਵੀ ਲਾਗੂ ਹੈ। ਇਸ ਕਾਰਨ ਇਸ ਬੁਰੇ ਜਾਂ ਹਿੰਸਾ ਭਰੇ ਕਰਮ ਦਾ ਫਲ ਜੀਵ ਨੂੰ ਜ਼ਰੂਰ ਭੁਗਤਣਾ ਪਵੇਗਾ। ਅਸੀਂ ਆਪਣੇ ਪਾਪਾਂ ਦਾ ਫਲ ਭੁਗਤਣ ਤੋਂ ਬਿਨਾਂ ਛੁੱਟ ਨਹੀਂ ਸਕਦੇ। ਇਸ ਨਿਯਮ ਦੇ ਅਧੀਨ ਵੀ ਸਮਾਜ ਵਿਚ ਅਹਿੰਸਾ, ਆਚਰਨ ਦੀ ਸ਼ੁੱਧੀ ਤੇ ਸਮਾਜਿਕ ਨਿਆਇ ਦੀ ਪੁਸ਼ਟੀ ਹੁੰਦੀ ਸੀ। ਤੀਜੇ ਜੀਵ ਨੂੰ ਮਨ, ਬਚਨ, ਕਰਮ, ਤਿੰਨਾਂ ਦੀ ਸ਼ੁੱਧੀ ਬਾਰੇ ਯਤਨ ਕਰਨਾ ਚਾਹੀਦਾ ਹੈ। ਇਹ ਨਿਯਮ ਪਹਿਲੇ ਦੋ ਨਿਯਮਾਂ ਦਾ ਸਮਰਥਨ ਕਰਦਾ ਹੈ।


ਉੱਤਰ : ਸਿਰਲੇਖ – ਬੁੱਧ ਧਰਮ ਦੇ ਸਿਧਾਂਤ

ਸੰਖੇਪ-ਰਚਨਾ : ਬੁੱਧ ਧਰਮ ਨੇ ਮਨੁੱਖੀ ਜੀਵਨ ਨੂੰ ਇਕ ਤਾਂ ਦੁੱਖਾਂ ਭਰਿਆ ਦੱਸ ਕੇ ਇਸ ਦੇ ਉਪਚਾਰ ਲਈ ਮਨੁੱਖ ਨੂੰ ਕਿਸੇ ਵੀ ਜੀਵ ਨੂੰ ਦੁੱਖ ਦੇਣ ਤੋਂ ਵਰਜਦਿਆਂ ਅਹਿੰਸਾ ਦਾ ਸਿਧਾਂਤ ਦਿੱਤਾ, ਜੋ ਉਸ ਵੇਲੇ ਦੀ ਪਸ਼ੂ-ਬਲੀ ਵਾਲੀ ਧਾਰਮਿਕ ਰੀਤੀ ਉੱਤੇ ਕਰੜਾ ਵਾਰ ਸੀ। ਦੂਸਰੇ ਇਹ ਦੱਸਿਆ ਕਿ ਮਨੁੱਖ ਦੀ ਸਾਰੀ ਚੇਸ਼ਟਾ ਕਰਮ, ਕਾਰਨ ਤੇ ਫਲ ਦੇ ਨਿਯਮਾਂ ਵਿਚ ਬੱਝੀ ਹੋਈ ਹੈ। ਉਸ ਨੂੰ ਆਪਣੇ ਕੀਤੇ ਦਾ ਫਲ ਜ਼ਰੂਰ ਭੁਗਤਣਾ ਪਵੇਗਾ। ਤੀਸਰੇ ਜੀਵ ਨੂੰ ਮਨ, ਬਚਨ ਤੇ ਕਰਮ ਤਿੰਨਾਂ ਦੀ ਸ਼ੁੱਧੀ ਕਰਨ ਲਈ ਕਿਹਾ।