CBSEEducationਸੰਖੇਪ ਰਚਨਾ (Precis writing)

ਸੰਖੇਪ ਰਚਨਾ – ਪਿੰਡਾਂ ਦੀਆਂ ਪੰਚਾਇਤਾਂ


ਪੰਜਾਬ ਸਰਕਾਰ ਨੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਹਰੇਕ ਸਾਂਝੇ ਕੰਮ ਵਿਚ ਪ੍ਰਤਿਨਧਤਾ ਦੇਣ ਲਈ ਪਿੰਡ-ਪਿੰਡ ਵਿਚ ਪੰਚਾਇਤਾਂ ਕਾਇਮ ਕਰ ਦਿੱਤੀਆਂ ਹਨ, ਪ੍ਰੰਤੂ ਮੌਜੂਦਾ ਪੰਚਾਇਤਾਂ ਦੀ ਹਾਲਤ ਤਰਸਯੋਗ ਹੈ। ਪਿੰਡਾਂ ਵਿਚ ਅਣਪੜ੍ਹਤਾ ਦੇ ਕਾਰਨ ਚੋਰ ਉਚੱਕਾ ਚੌਧਰੀ ਬਣੇ ਹੋਏ ਹਨ। ਜੇਕਰ ਗਹੁ ਨਾਲ ਵਿਚਾਰਿਆ ਜਾਵੇ, ਤਾਂ ਅਜ ਦੇ ਸਮੇਂ ਪਿੰਡਾਂ ਵਿਚ ਪੰਚਾਇਤਾਂ ਦੀ ਵਾਗ ਡੋਰ ਚਲਦੇ-ਪੁਰਜ਼ੇ ਤੇ ਮੁਕੱਦਮੇ ਵਾਜ਼ਾ ਦੇ ਹੱਥ ਵਿਚ ਹੈ। ਸਾਡੀ ਚੋਣ ਬੜੀ ਅਧੂਰੀ ਹੈ। ਪਿੰਡਾਂ ਵਿਚਲੀਆਂ ਧੜੇਬੰਦੀਆਂ ਚੰਗੇ ਸਾਊ ਮਨੁੱਖਾਂ ਨੂੰ ਅੱਗੇ ਨਹੀਂ ਆਉਣ ਦੇਂਦੀਆਂ। ਚੰਗੀ ਚੋਣ ਨਾ ਹੋਣ ਕਰਕੇ ਸਾਰੇ ਉਸਾਰੂ ਕੰਮ ਰੁਕ ਜਾਂਦੇ ਹਨ। ਪਿੰਡ ਵਾਲਿਆਂ ਵਿਚ ਪ੍ਰਸਪਰ ਸਾਂਝ ਤੇ ਏਕਤਾ ਕਾਇਮ ਨਹੀਂ ਹੋ ਸਕਦੀ। ਕੋਈ ਵੀ ਸਾਂਝਾ ਕੰਮ ਸਿਰੇ ਨਹੀਂ ਚੜ੍ਹਦਾ। ਜਿੱਥੇ ਜਿੱਥੇ ਸਿਆਣੇ ਤੇ ਈਮਾਨਦਾਰ ਆਦਮੀ ਪੰਚਾਇਤਾਂ ਦੀ ਅਗਵਾਈ ਕਰ ਰਹੇ ਹਨ, ਉਹ ਪੰਚਾਇਤਾਂ ਦਿਨ ਦੁਗਣੀ ਉਨੱਤੀ ਕਰਦੀਆਂ ਪਿੰਡ ਨੂੰ ਸਵਰਗ ਦਾ ਨਮੂਨਾ ਬਣਾ ਰਹੀਆਂ ਹਨ। ਆਸ ਕੀਤੀ ਜਾਂਦੀ ਹੈ ਕਿ ਜਿਉਂ-ਜਿਉਂ ਪਿੰਡ ਵਿੱਚੋਂ ਅਣਪੜ੍ਹਤਾ ਦੂਰ ਹੁੰਦੀ ਜਾਵੇਗੀ, ਤਿਉਂ-ਤਿਉਂ ਪੰਚਾਇਤਾਂ ਦੀ ਵਾਗ-ਡੋਰ ਸਮਝਦਾਰ ਤੇ ਯੋਗ ਪੁਰਸ਼ਾਂ ਦੇ ਹੱਥਾਂ ਵਿਚ ਆਵੇਗੀ। ਉਹ ਦਿਨ ਦੂਰ ਨਹੀਂ, ਜਦੋਂ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਧੜੇਬੰਦੀਆਂ ਤੋਂ ਉਚਾ ਉਠ ਕੇ ਕੌਮੀ ਉਸਾਰੀ ਲਈ ਕਮਰ ਕਸੇ ਕਰ ਲੈਣਗੀਆਂ। (184 ਸ਼ਬਦ)


ਇਸ ਪੈਰੇ ਵਿਚ ਪਿੰਡਾ ਦੀਆਂ ਪੰਚਾਇਤਾਂ ਦਾ ਵਰਣਨ ਹੈ ਤੇ ਇਹੀ ਇਸ ਦਾ ਸਿਰਲੇਖ ਬਣੇਗਾ, ਦੱਸਿਆ ਇਹ ਹੈ ਕਿ ਪੰਚਾਇਤਾਂ ਤਾਂ ਹੀ ਕੋਈ ਨਿਗਰ ਕੰਮ ਕਰ ਸਕਦੀਆਂ ਹਨ, ਜੇ ਇਨ੍ਹਾਂ ਦੇ ਮੈਂਬਰ ਸਿਆਣੇ ਤੇ ਈਮਾਨਦਾਰ ਹੋਣ।


ਸਿਰਲੇਖ : ਪਿੰਡਾਂ ਦੀਆਂ ਪੰਚਾਇਤਾਂ

ਪਿੰਡਾਂ ਵਿਚ ਪੰਚਾਇਤਾਂ ਪਿੰਡਾਂ ਦੇ ਵਿਕਾਸ ਲਈ ਕਾਇਮ ਕੀਤੀਆਂ ਗਈਆਂ ਹਨ, ਪਰ ਅਨਪੜ੍ਹਤਾ ਤੇ ਧੜੇਬੰਦੀ ਦੇ ਕਾਰਨ ਚੰਗੇ ਬੰਦੇ ਪੰਚਾਇਤਾਂ ਦੇ ਮੈਂਬਰ ਨਹੀਂ ਚੁਣੇ ਜਾਂਦੇ। ਚਲਾਕ ਤੇ ਝਗੜਾਲੂ ਪੁਰਸ਼ ਮੈਂਬਰ ਚੁਣੇ ਜਾਣ ਤੇ ਉਸਾਰੂ ਕੰਮ ਕਰਦੇ ਹੀ ਨਹੀਂ। ਜਿਨ੍ਹਾਂ ਪੰਚਾਇਤਾਂ ਵਿਚ ਸਿਆਣੇ ਤੇ ਈਮਾਨਦਾਰ ਮੈਂਬਰ ਹਨ, ਉਥੇ ਚੋਖੀ ਉੱਨਤੀ ਹੋਈ ਹੈ। ਜੇ ਪੰਚਾਇਤਾਂ ਵਿਚ ਨੇਕ ਪੁਰਸ਼ ਮੈਂਬਰ ਚੁਣੇ ਜਾਣ, ਤਾਂ ਪਿੰਡ ਸਵਰਗ ਬਣ ਸਕਦੇ ਹਨ। (67 ਸ਼ਬਦ)