ਸੰਖੇਪ ਰਚਨਾ : ਕੰਮ ਦੀ ਚੋਣ


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ- 

ਸਾਡੇ ਅਨੇਕਾਂ ਨੌਜਵਾਨ ਜ਼ਿੰਦਗੀ ਦੇ ਚੌਰਸਤੇ ਉੱਤੇ ਡਾਵਾਂ-ਡੋਲ ਖੜੋਤੇ ਵਿਖਾਈ ਦੇ ਰਹੇ ਹਨ। ਉਹ ਹਰ ਪਾਸੇ ਵੇਖ ਰਹੇ ਹਨ, ਪਰ ਆਪਣੀ ਜ਼ਿੰਦਗੀ ਦੇ ਕੰਮ ਦੀ ਚੋਣ ਨਹੀਂ ਕਰ ਸਕਦੇ, ਪਹਿਲੋਂ ਤਾਂ ਉਨ੍ਹਾਂ ਨੂੰ ਕਰਨ ਵਾਲੇ ਕੰਮ ਹੀ ਬਹੁਤ ਨਹੀਂ ਦਿਸਦੇ ਤੇ ਫੇਰ ਉਨ੍ਹਾਂ ਨੂੰ ਇਹ ਪਤਾ ਨਹੀਂ ਲਗਦਾ ਕਿ ਉਹ ਕਿਸ ਕੰਮ ਲਈ ਯੋਗਤਾ ਰੱਖਦੇ ਹਨ। ਇਸ ਚੋਣ ਉੱਤੇ ਹੀ ਜ਼ਿੰਦਗੀ ਦੀ ਕਾਮਯਾਬੀ ਨਿਰਭਰ ਹੈ। ਅਨੇਕਾਂ ਕੀਮਤੀ ਜ਼ਿੰਦਗੀਆਂ ਸਿਰਫ਼ ਏਸ ਲਈ ਆਪਣਾ ਮੁੱਲ ਨਹੀਂ ਪੁਆ ਸਕੀਆਂ ਕਿ ਉਨ੍ਹਾਂ ਦੇ ਕੰਮ ਦੀ ਚੋਣ ਗ਼ਲਤ ਸੀ, ਸਾਰੀ ਉਮਰ ਗੋਲ ਸੁਰਾਖ ਵਿੱਚ ਜੋੜਨ ਲਈ ਉਹ ਆਪਣੇ ਚੌਰਸ ਕਿੱਲੇ ਦੀਆਂ ਨੁਕਰਾਂ ਛਿਲਦੇ ਰਹਿੰਦੇ ਹਨ। ਕੰਮ ਦੀ ਚੋਣ ਜ਼ਿੰਦਗੀ ਦੇ ਪਹਿਲੇ ਇੱਕ ਜਾਂ ਦੋ ਫੈਸਲਿਆਂ ਵਿੱਚੋਂ ਹੈ। ਹਜ਼ਾਰਾਂ ਜ਼ਿੰਦਗੀਆਂ ਗ਼ਲਤ ਚੋਣ ਕਰਕੇ ਨਿਕੰਮੀਆਂ ਤੇ ਨਾਖੁਸ਼ ਰਹਿ ਜਾਂਦੀਆਂ ਹਨ। ਜਦ ਤਕ ਇਕ ਕਾਰੀਗਰ ਨੂੰ ਆਪਣੇ ਹੱਥਲੇ ਕੰਮ ਵਿੱਚੋਂ ਰੋਜ਼ੀ ਤੋਂ ਛੁੱਟ ਹੋਰ ਕੋਈ ਆਨੰਦ ਪ੍ਰਾਪਤ ਨਹੀਂ ਹੁੰਦਾ, ਉਹ ਨਾ ਤਾਂ ਆਪਣੇ ਕੰਮ ਵਿੱਚ ਕਮਾਲ ਦੀ ਆਸ ਰੱਖ ਸਕਦਾ ਹੈ ਤੇ ਨਾ ਉਸ ਕੰਮ ਦੇ ਵਸੀਲੇ ਨਾਲ ਆਪਣੀ ਆਤਮਾ ਵਿਚ ਖੇੜਾ ਲਿਆ ਸਕਦਾ ਹੈ। ਜਿਸ ਦਿਲ ਵਿਚ ਉਸ ਦੇ ਹੱਥਾਂ ਦੀ ਕਾਰ ਕਈ ਵਾਰੀ ਹੁਲਾਸ ਤੇ ਖੇੜਾ ਨਹੀਂ ਲਿਆਉਂਦੀ, ਉਹ ਉਸ ਫੁੱਲ ਵਾਂਗ ਬੇ-ਨਿਖਾਰ ਰਹਿੰਦਾ ਹੈ, ਜਿਸ ਉੱਤੇ ਸ਼ਬਨਮ ਦਾ ਮੋਤੀ ਨਹੀਂ ਥਰਕਿਆ, ਨਾ ਅਕਾਸ਼ੋਂ ਚਿੱਟੇ ਮੀਂਹ ਦਾ ਕਤਰਾ ਕਦੇ ਡਿੱਗਾ ਹੈ।

ਉੱਤਰ : ਸਿਰਲੇਖ-ਕੰਮ ਦੀ ਚੋਣ।

ਸੰਖੇਪ-ਰਚਨਾ : ਅਨੇਕਾਂ ਨੌਜਵਾਨ ਜ਼ਿੰਦਗੀ ਦੇ ਕੰਮ ਦੀ ਚੋਣ ਵਿਚ ਡਾਵਾਂ-ਡੋਲ ਰਹਿੰਦੇ ਹਨ। ਕੰਮ ਦੀ ਚੋਣ ਜ਼ਿੰਦਗੀ ਦੀ ਕਾਮਯਾਬੀ ਦਾ ਆਧਾਰ ਹੈ। ਅਨੇਕਾਂ ਲੋਕ ਕੰਮ ਦੀ ਗ਼ਲਤ ਚੋਣ ਕਾਰਨ ਆਪਣਾ ਪੂਰਾ ਮੁੱਲ ਨਹੀਂ ਪੁਆ ਸਕੇ। ਉਨ੍ਹਾਂ ਨੂੰ ਉਸ ਕੰਮ ਵਿੱਚੋਂ ਨਾ ਖ਼ੁਸ਼ੀ ਮਿਲਦੀ ਹੈ ਤੇ ਨਾ ਕੰਮ ਵਿਚ ਕਮਾਲ ਪ੍ਰਾਪਤ ਹੁੰਦਾ ਹੈ। ਖੇੜੇ ਭਰੇ ਸਫਲ ਜੀਵਨ ਲਈ ਕੰਮ ਦੀ ਸਹੀ ਚੋਣ ਜ਼ਰੂਰੀ ਹੈ।