ਸੰਖੇਪ-ਰਚਨਾ : ਕਵੀ ਤੇ ਕਵਿਤਾ
ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਅਤੇ ਢੁੱਕਵਾਂ ਸਿਰਲੇਖ ਵੀ ਦਿਓ-
ਇਕ ਪੁਰਖ, ਭਾਵੇਂ ਉਹ ਕਿੱਡਾ ਵੀ ਯੋਧਾ, ਪ੍ਰਾਕਰਮੀ ਤੇ ਪ੍ਰਤਿਭਾਸ਼ੀਲ ਕਿਉਂ ਨਾ ਹੋਵੇ, ਜਾਂ ਇਕ ਇਸਤਰੀ ਜਿਹੜੀ ਪਦਮਨੀ ਜਿਹੀ ਸੁੰਦਰ ਜਾਂ ਸੀਤਾ ਜਿਹੀ ਸਥਿਰ ਤੇ ਸਾਵਿਤਰੀ ਜਿਹੀ ਸਤੀ ਕਿਉਂ ਨਾ ਹੋਵੇ, ਸਮੂਹ ਦੇ ਟਾਕਰੇ ਵਿਚ ਤੁੱਛ ਹੈ। ਮਨੁੱਖ ਦਾ ਜੀਵਨ, ਸੋਝੀਵਾਨ ਜੀਵਨ, ਜਿਸ ਨੂੰ ਉਹ ਕਲਾ ਜਾਂ ਕਵਿਤਾ ਦੀ ਸੇਵਾ ਵਿਚ ਵਰਤ ਸਕਦਾ ਹੈ, ਵੱਧ ਤੋਂ ਵੱਧ ਚਾਲੀ ਕੁ ਸਾਲ ਦਾ, ਹੱਦ ਪੰਜਾਹ ਸਾਲ ਦਾ ਹੋ ਸਕਦਾ ਹੈ ਤੇ ਮਨੁੱਖੀ ਸਭਿਅਤਾ ਦੇ ਦਸ ਕੁ ਹਜ਼ਾਰ ਸਾਲ ਲੰਮੇ ਜੀਵਨ ਦੇ ਟਾਕਰੇ ‘ਚ ਇਸ ਪੰਜਾਹ ਵਰਸ਼ੀ ਅਨੁਭਵ ਦਾ ਕਿੰਨਾ ਕੁੱਝ ਮੁੱਲ ਹੋ ਸਕਦਾ ਹੈ? ਇਸੇ ਲਈ ਉਹ ਕਵਿਤਾ ਜੋ ਕਵੀ ਦੇ ਜੀਵਨ ਨਾਲ ਹੀ ਆਸਕਤ ਹੈ, ਜਾਂ ਆਪਣੇ ਦੁਆਲੇ ਦੀਆਂ ਘਟਨਾਵਾਂ ਨਾਲ ਹੀ, ਬਹੁ-ਅਨੁਭਵੀ ਕਵਿਤਾ ਨਹੀਂ ਹੋ ਸਕਦੀ। ਇਸ ਲਈ ਅਨੁਭਵ ਨੂੰ ਕਲਪਨਾ ਦੀ ਸਹਾਇਤਾ ਦੀ ਲੋੜ ਪੈਂਦੀ ਹੈ। ਪਰ ਕਲਪਨਾ ਵੀ ਆਪਣੇ ਆਪ ਵਿਚ ਇਕ ਬੱਦਲ-ਛਾਉਂ ਤੋਂ ਵੱਧ ਬਹੁਤ ਕੁੱਝ ਨਹੀਂ ਹੋ ਸਕਦੀ। ਜੇਡਾ ਵੱਡਾ ਇਹਦੇ ਪਿੱਛੇ ਅਨੁਭਵ ਦਾ ਆਕਾਰ ਹੋਵੇਗਾ, ਓਡੀ ਵੱਡੀ ਇਹ ਛਾਇਆ ਹੋਵੇਗੀ। ਇਹ ਵੱਡਾ ਆਕਾਰ ਜਾਤੀ ਦਾ ਇਤਿਹਾਸ ਹੈ। ਉਹ ਹੀ ਕਵੀ ਮਹਾਨ ਹੋ ਸਕਦਾ ਹੈ, ਜੋ ਆਪਣੇ ਨਿੱਜੀ ਅਨੁਭਵ ਨੂੰ ਆਪਣੇ ਸਮੇਂ ਦੇ ਅਨੁਭਵ ਵਿਚ ਰਚਾ ਦੇਵੇ ਤੇ ਆਪਣੇ ਸਮੇਂ ਦੇ ਅਨੁਭਵ ਨੂੰ ਆਪਣੀ ਜਾਤੀ ਦੇ ਇਤਿਹਾਸਿਕ ਅਨੁਭਵ ਵਿਚ ਰਚਾ ਦੇਵੇ। ਕਿਸੇ ਜਾਤੀ ਜਾਂ ਇਤਿਹਾਸਿਕ ਅਨੁਭਵ ਉਸ ਦੀ ਸੰਸਕ੍ਰਿਤੀ ਹੈ। ਜਾਤੀ ਦੇ ਇਸ ਇਤਿਹਾਸਿਕ ਅਨੁਭਵ, ਸੰਸਕ੍ਰਿਤੀ ਦੇ ਇਸ ਸਮੁੱਚੇ ਅਨੁਭਵ ਤੋਂ ਬਿਨਾਂ ਕਵਿਤਾ ਮਹਾਨ ਨਹੀਂ ਹੋ ਸਕਦੀ।
ਉੱਤਰ : ਸਿਰਲੇਖ-ਕਵੀ ਤੇ ਕਵਿਤਾ
ਸੰਖੇਪ-ਰਚਨਾ : ਇਕ ਗੁਣਵਾਨ ਮਨੁੱਖ ਸਮੂਹ ਦੇ ਟਾਕਰੇ ਤੁੱਛ ਹੈ। ਇਸੇ ਕਰਕੇ ਆਪਣੇ ਜੀਵਨ ਤੇ ਆਲੇ-ਦੁਆਲੇ ਨਾਲ ਸੰਬੰਧਿਤ ਕਿਸੇ ਕਵੀ ਦੀ ਕਵਿਤਾ ਬਹੁ-ਅਨੁਭਵੀ ਨਹੀਂ ਹੋ ਸਕਦੀ। ਇਸ ਅਨੁਭਵ ਲਈ ਕਲਪਨਾ ਦੀ ਲੋੜ ਹੁੰਦੀ ਹੈ। ਉਹ ਹੀ ਕਵੀ ਮਹਾਨ ਹੋਵੇਗਾ, ਜੋ ਆਪਣੇ ਨਿੱਜੀ ਅਨੁਭਵ ਨੂੰ ਸਮੇਂ ਦੇ ਅਨੁਭਵ ਵਿਚ ਤੇ ਸਮੇਂ ਦੇ ਅਨੁਭਵ ਨੂੰ ਜਾਤੀ ਦੇ ਇਤਿਹਾਸਿਕ ਅਨੁਭਵ ਵਿਚ ਰਚਾ ਦੇਵੇ। ਜਾਤੀ ਦੇ ਇਤਿਹਾਸਿਕ ਅਨੁਭਵ ਬਿਨਾਂ ਕਵਿਤਾ ਮਹਾਨ ਨਹੀਂ ਹੋ ਸਕਦੀ।