ਸੰਖੇਪ ਰਚਨਾ : ਈਰਖਾ


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ:

ਬਹੁਤ ਸਦਗੁਣੀ ਮਨੁੱਖ ਨੂੰ ਤਰੱਕੀ ਕਰਦਾ ਦੇਖ ਕੇ ਲੋਕ ਘੱਟ ਈਰਖਾ ਕਰਦੇ ਹਨ, ਕਿਉਂਕਿ ਉਹ ਆਪਣੇ ਮਨ ਵਿਚ ਇਹ ਸਮਝਦੇ ਹਨ ਕਿ ਇਹ ਆਦਮੀ ਇਸ ਆਦਰ ਦਾ ਪਾਤਰ ਹੈ। ਕਰਜ਼ ਦੇਣ ਨਾਲ ਕੋਈ ਕਿਸੇ ਦੀ ਨਿੰਦਿਆ ਨਹੀਂ ਕਰਦਾ, ਪਰ ਉਦਾਰਤਾ ਨਾਲ ਕਿਸੇ ਨੂੰ ਕੁੱਝ ਦਿੰਦਾ ਦੇਖ ਕੇ ਮਨੁੱਖ ਈਰਖਾ ਕਰਨ ਲਗਦੇ ਹਨ। ਜਿਨ੍ਹਾਂ ਮਨੁੱਖਾਂ ਦੀ ਆਪਸ ਵਿਚ ਬਰਾਬਰੀ ਨਹੀਂ ਹੋ ਸਕਦੀ, ਉਨ੍ਹਾਂ ਵਿਚ ਈਰਖਾ ਵੀ ਕਦੇ ਨਹੀਂ ਜਾਗਦੀ। ਇਸੇ ਕਰਕੇ ਰਾਜਿਆਂ ਦੀ ਈਰਖਾ ਰਾਜੇ ਹੀ ਕਰਦੇ ਹਨ, ਹੋਰ ਨਹੀਂ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦ ਯੋਗਤਾ ਰਹਿਤ ਮਨੁੱਖਾਂ ਦੀ ਤਰੱਕੀ ਹੋ ਜਾਂਦੀ ਹੈ, ਤਦ ਉਹ ਪਹਿਲੇ ਪਹਿਲ ਵੱਡੀ ਭਾਰੀ ਨਿੰਦਿਆ ਦੇ ਪਾਤਰ ਬਣ ਜਾਂਦੇ ਹਨ। ਪਰ ਕੁੱਝ ਸਮੇਂ ਪਿੱਛੋਂ ਲੋਕ ਉਨ੍ਹਾਂ ਨੂੰ ਈਰਖਾ ਦੀ ਨਜ਼ਰ ਨਾਲ ਦੇਖਣਾ ਬੰਦ ਕਰ ਦਿੰਦੇ ਹਨ। ਉਨ੍ਹਾਂ ਦੀ ਬਾਬਤ ਉਸ ਵੇਲੇ ਸਭ ਨਾਲੋਂ ਵੱਧ ਨਿੰਦਿਆ ਹੁੰਦੀ ਹੈ, ਜਦੋਂ ਲੋਕ ਉਨ੍ਹਾਂ ਨੂੰ ਬਹੁਤ ਸਮੇਂ ਤਕ ਆਪਣੀ ਸੰਪੱਤੀ ਭੋਗਦਾ ਹੋਇਆ ਦੇਖਦੇ ਹਨ। ਜਿਹੜੇ ਲੋਕ ਲੰਬੇ-ਲੰਬੇ ਸਫ਼ਰ ਕਰ ਕੇ ਅਤੇ ਕਈ ਦੁੱਖ ਅਤੇ ਸੰਕਟ ਭੋਗ ਕੇ ਉੱਨਤੀ ਕਰਦੇ ਹਨ, ਉਨ੍ਹਾਂ ਨਾਲ ਵੀ ਈਰਖਾ ਬਹੁਤ ਘੱਟ ਹੁੰਦੀ ਹੈ। ਮਨੁੱਖ ਸਮਝਦੇ ਹਨ ਕਿ ਇੱਜ਼ਤ ਪਾਉਣ ਲਈ ਉਨ੍ਹਾਂ ਲੋਕਾਂ ਨੂੰ ਅਨੇਕਾਂ ਕਸ਼ਟ ਸਹਾਰਨੇ ਪਏ ਹਨ। ਇਸ ਲਈ ਮਨੁੱਖਾਂ ਨੂੰ ਉਨ੍ਹਾਂ ਉੱਤੇ ਦਇਆ ਆਉਂਦੀ ਹੈ। ਈਰਖਾ ਰੂਪੀ ਰੋਗ ਦੀ ਦਇਆ ਰੂਪੀ ਇਕ ਭਾਰੀ ਦਵਾਈ ਹੈ।

ਉੱਤਰ :

ਸਿਰਲੇਖ-ਈਰਖਾ ।

ਸੰਖੇਪ-ਰਚਨਾ : ਬਹੁਤ ਸਦਗੁਣੀ ਮਨੁੱਖ ਦੀ ਉੱਨਤੀ ਹੋਣ ‘ਤੇ ਉਸ ਨਾਲ ਈਰਖਾ ਨਹੀਂ ਹੁੰਦੀ, ਕਿਉਂਕਿ ਉਸ ਨੂੰ ਇਸ ਦਾ ਹੱਕਦਾਰ ਸਮਝਿਆ ਜਾਂਦਾ ਹੈ। ਕਰਜ਼ਾ ਦੇਣ ਵਾਲੇ ਨਾਲ ਵੀ ਈਰਖਾ ਨਹੀਂ ਹੁੰਦੀ। ਲੰਮੀ ਘਾਲਣਾ ਪਿੱਛੋਂ ਇੱਜ਼ਤ ਪਾਉਣ ਵਾਲਿਆਂ ਨਾਲ ਵੀ ਈਰਖਾ ਨਹੀਂ, ਸਗੋਂ ਹਮਦਰਦੀ ਹੁੰਦੀ ਹੈ ਪਰ ਉਦਾਰਤਾ ਨਾਲ ਕਿਸੇ ਨੂੰ ਕੁੱਝ ਦੇਣ ਵਾਲੇ, ਬਰਾਬਰੀ ਦਾ ਦਰਜਾ ਰੱਖਣ ਵਾਲੇ ਅਤੇ ਬਿਨਾਂ ਯੋਗਤਾ ਦੇ ਉੱਨਤੀ ਲੈਣ ਤੇ ਖ਼ੁਸ਼ਹਾਲੀ ਮਾਣਨ ਵਾਲੇ ਈਰਖਾ ਦੇ ਪਾਤਰ ਹੁੰਦੇ ਹਨ।