CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਸੰਖੇਪ ਉੱਤਰ ਵਾਲੇ ਪ੍ਰਸ਼ਨ : ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ


ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ’ : ਕਿਰਪਾਲ ਕਜਾਕ


ਪ੍ਰਸ਼ਨ 1. ‘ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ’ ਪਾਠ ਦੇ ਆਧਾਰ ਤੇ ਦੱਸੇ ਕਿ ਲੋਕ-ਕਿੱਤਿਆਂ ਦੇ ਵੱਖ-ਵੱਖ ਨਾਂ ਕਿਵੇਂ ਪ੍ਰਚਲਿਤ ਹੋਏ?

ਉੱਤਰ : ਜਦੋਂ ਮਨੁੱਖ ਜੰਗਲਾਂ ਤੇ ਝੌਂਪੜੀਆਂ ਵਿਚੋਂ ਨਿਕਲ ਕੇ ਪੱਕੇ ਘਰਾਂ, ਪਿੰਡਾਂ ਤੇ ਨਗਰਾਂ ਦਾ ਨਿਰਮਾਣ ਕਰਨ ਲੱਗਾ ਤੇ ਉਸ ਦੀਆਂ ਲੋੜਾਂ ਅਨੁਸਾਰ ਕੰਮਾਂ ਵਿਚ ਵਾਧਾ ਹੋਇਆ, ਤਾਂ ਉਸ ਨੂੰ ਕੰਮ ਵਿਚ ਵੰਡ ਕਰਨ ਦੀ ਜ਼ਰਰੂਤ ਪਈ। ਇਸ ਨਾਲ ਵੱਖ-ਵੱਖ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਨ ਵਾਲੀਆਂ ਕਾਮਾਂ ਸ਼੍ਰੇਣੀਆਂ ਹੋਂਦ ਵਿਚ ਆ ਗਈਆਂ। ਜਦੋਂ ਕੋਈ ਕਾਮਾ ਸ਼੍ਰੇਣੀ ਕਿਸੇ ਇਕ ਕੰਮ ਨੂੰ ਲੰਮਾ ਸਮਾਂ ਲਗਾਤਾਰ ਕਰਦੀ ਰਹੀ, ਤਾਂ ਉਸ ਸ਼੍ਰੇਣੀ ਨੂੰ ਉਸ ਦੇ ਕਿੱਤੇ ਨਾਲ ਜਾਣਿਆ ਜਾਣ ਲੱਗਾ। ਇਸ ਪ੍ਰਕਾਰ ਪੰਜਾਬ ਵਿਚ ਲੋਕ-ਕਿੱਤਿਆਂ ਦੇ ਵੱਖ-ਵੱਖ ਨਾਂ ਪ੍ਰਚਲਿਤ ਹੋਏ। ਉਦਾਹਰਨ ਵਜੋਂ ਲੱਕੜੀ ਦਾ ਕੰਮ (ਕਿੱਤਾ) ਕਰਨ ਵਾਲੇ ਨੂੰ ‘ਤਰਖਾਣ’, ਲੋਹੇ ਦਾ ਕੰਮ (ਕਿੱਤਾ) ਕਰਨ ਵਾਲੇ ਨੂੰ ‘ਲੁਹਾਰ’ ਤੇ ਸੋਨੇ ਦਾ ਕੰਮ (ਕਿੱਤਾ) ਕਰਨ ਵਾਲੇ ਨੂੰ ”ਸੁਨਿਆਰ” ਕਿਹਾ ਜਾਣ ਲੱਗਾ। ਇਸ ਤਰ੍ਹਾਂ ਕਈ ਕਿੱਤਿਆਂ ਦੇ ਵੱਖ-ਵੱਖ ਨਾਂ ਪ੍ਰਚਲਿਤ ਹੋ ਗਏ।
ਹਰ ਕੋਈ ਖਿੱਤਿਆਂ ਦੇ ਵਖ-ਵੱਖ ਨਾ ਪ੍ਰਚਲਿਤ ਹੋ ਗਏ।

ਪ੍ਰਸ਼ਨ 2. ‘ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ’ ਪਾਠ ਦੇ ਆਧਾਰ ‘ਤੇ ਦੱਸੋ ਕਿ ਲੋਕ-ਕਿੱਤਾ ਅਤੇ ਲੋਕ-ਧੰਦਾ ਦੇ ਅਰਥਾਂ ਵਿਚ ਮਮੂਲੀ ਫ਼ਰਕ ਹੈ। ਸਪੱਸ਼ਟ ਕਰ ਕੇ ਲਿਖੋ।

ਉੱਤਰ : ਲੇਖਕ ਅਨੁਸਾਰ ‘ਲੋਕ ਕਿੱਤਾ’ ਅਤੇ ‘ਲੋਕ-ਧੰਦਾ’ ਸ਼ਬਦਾਂ ਦੇ ਅਰਥਾਂ ਵਿਚ ਮਮੂਲੀ ਫ਼ਰਕ ਹੈ। ‘ਧੰਦਾ’ ਅਜਿਹੇ ਕਿੱਤੇ ਨੂੰ ਕਿਹਾ ਜਾਂਦਾ ਹੈ, ਜਿਸ ਤੋਂ ਧਨ ਪ੍ਰਾਪਤ ਹੋਵੇ। ਧੰਦੇ ਵਿਚ ਕਿਸੇ ਕਿਰਤ ਦਾ ਨਿਰਮਾਣ ਜ਼ਰੂਰੀ ਨਹੀਂ; ਜਿਵੇਂ ਵਿਉਪਾਰ, ਸ਼ਾਹੂਕਾਰੀ ਤੇ ਦਲਾਲੀ। ਧੰਦੇ ਨੂੰ ਕਿੱਤੇ ਦੇ ਮੁਕਾਬਲੇ ਕੁੱਝ ਘੱਟ ਸਤਿਕਾਰ ਨਾਲ ਦੇਖਿਆ ਜਾਂਦਾ ਰਿਹਾ ਹੈ। ਇਸ ਦੀ ਪੁਸ਼ਟੀ ‘ਧੰਦ ਪਿੱਟਣ’ ਦੇ ਮੁਹਾਵਰੇ ਤੋਂ ਵੀ ਹੁੰਦੀ ਹੈ, ਜਿਸ ਦਾ ਅਰਥ ਅਣ-ਚਾਹੇ ਕੰਮ ਤੋਂ ਹੈ। ਕਿਸੇ ਪੇਚੀਦਾ ਗੁੰਝਲਦਾਰ ਤੇ ਔਖੇ ਕੰਮ ਨੂੰ ਵੀ ‘ਗੋਰਖ-ਧੰਦਾ’ ਕਿਹਾ ਜਾਂਦਾ ਹੈ।

ਪ੍ਰਸ਼ਨ 3. ਲੋਕ-ਕਿੱਤੇ ਦੀ ਵਿਸ਼ੇਸ਼ਤਾ ਕੀ ਹੈ? ਲੁਹਾਰਾਂ ਤੇ ਤਰਖਾਣਾਂ ਵਲੋਂ ਬਣਾਏ ਜਾਂਦੇ ਸੰਦਾਂ ਦੇ ਨਾਂ ਲਿਖੋ।

ਉੱਤਰ : ਲੋਕ-ਕਿੱਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸੱਭਿਆਚਾਰ ਅਤੇ ਰਹਿਤਲ ਦੀਆਂ ਜ਼ਰੂਰੀ ਲੋੜਾਂ ਲਈ ਇੰਨਾ ਜ਼ਰੂਰੀ ਹੁੰਦਾ ਹੈ ਕਿ ਸਮਾਜ ਤੇ ਸਭਿਆਚਾਰ ਦੇ ਨਿਤਾਪ੍ਰਤੀ ਦੇ ਜੀਵਨ ਵਿਚ ਸਧਾਰਨ ਤੋਂ ਸਧਾਰਨ ਅਤੇ ਵਿਸ਼ੇਸ਼ ਤੋਂ ਵਿਸ਼ੇਸ਼ ਵਿਅਕਤੀ ਲਈ ਲੋੜੀਂਦਾ ਤੇ ਲਾਹੇਵੰਦ ਹੁੰਦਾ ਹੈ। ਮਿਸਾਲ ਵਜੋਂ ਘਰੇਲੂ ਅਤੇ ਖੇਤੀ ਦੀਆਂ ਲੋੜਾਂ ਲਈ ਤਰਖਾਣ ਅਤੇ ਲੁਹਾਰ ਦੇ ਕਿੱਤੇ ਨੂੰ ਲਿਆ ਜਾ ਸਕਦਾ ਹੈ।

ਤਰਖਾਣ ਅਤੇ ਲੁਹਾਰ ਖੇਤੀ ਦੇ ਕਿੱਤੇ ਲਈ ਹਲ, ਪੰਜਾਲੀ, ਗੱਡਾ, ਸੁਹਾਗਾ, ਤੰਗਲੀ, ਸਲੰਘ, ਦਾਤੀ, ਕਹੀ, ਰੰਬਾ, ਕੁਹਾੜੀ, ਜੂਲਾ, ਘੁਲਾੜੀ ਤੇ ਹਰਟ ਆਦਿ ਬਣਾਉਂਦੇ ਹਨ ਅਤੇ ਘਰੇਲੂ ਵਰਤੋਂ ਲਈ ਉਹ ਮੰਜਾ, ਪੀੜੀ, ਮਧਾਣੀ, ਘੜਵੰਜੀ, ਚਰਖਾ, ਅਟੇਰਨ, ਚੌਂਕੀ, ਸੰਦੂਕ, ਘੋਟਣਾ, ਗੜ੍ਹੀਰਾ, ਪੰਘੂੜਾ ਤੇ ਚਕਲਾ-ਵੇਲਣਾ ਆਦਿ ਚੀਜ਼ਾਂ ਬਣਾਉਂਦੇ ਹਨ।

ਪ੍ਰਸ਼ਨ 4. ਸੁਨਿਆਰ ਅਨੇਕ ਪ੍ਰਕਾਰ ਦੀ ਵੰਨਗੀ ਦੇ ਗਹਿਣੇ ਬਣਾਉਂਦਾ ਹੈ। ਪਾਠ ਦੇ ਆਧਾਰ ਤੇ ਦੱਸੋ ਕਿ ਉਹ ਮਰਦਾਵੇਂ ਤੇ ਇਸਤਰੀਆਂ ਦੇ ਕਿਹੜੇ-ਕਿਹੜੇ ਗਹਿਣੇ ਬਣਾਉਂਦਾ ਹੈ?

ਉੱਤਰ : ਸੁਨਿਆਰ ਦੁਆਰਾ ਬਣਾਏ ਜਾਂਦੇ ਇਸਤਰੀਆਂ ਦੇ ਗਹਿਣੇ :

ਸਿਰ ਤੇ ਮੱਥੇ ਉੱਤੇ ਪਹਿਨੇ ਜਾਣ ਵਾਲੇ ਗਹਿਣੇ : ਕਲਿੱਪ, ਸੂਈਆਂ, ਬਘਿਆੜੀ, ਸੱਗੀਫੁੱਲ, ਠੂਠੀਆਂ, ਦਾਉਣੀ, ਟਿੱਕਾ, ਤ੍ਰੈਗਾ, ਸ਼ਿੰਗਾਰ-ਪੱਟੀ ਆਦਿ।

ਕੰਨਾਂ ਵਿਚ ਪਹਿਨੇ ਜਾਣ ਵਾਲੇ ਗਹਿਣੇ : ਵਾਲੀਆਂ, ਕਾਂਟੇ, ਪਿੱਪਲ-ਪੱਤੀਆਂ, ਢੇਡੂ, ਝੁਮਕੇ, ਬੂੰਦੇ, ਰੇਲਾ, ਡੰਡੀਆਂ, ਲੋਟਣ, ਕੋਕਰੂ ਤੇ ਗੋਲ੍ਹ ਆਦਿ ।

ਨੱਕ ਵਿੰਨ੍ਹ ਕੇ ਪਾਏ ਜਾਣ ਵਾਲੇ ਗਹਿਣੇ : ਨੱਥ, ਬੁਲਾਕ, ਲੌਂਗ, ਕੋਕਾ, ਤੀਲ੍ਹੀ, ਵਾਲਾ, ਬੇਸਰ, ਨੁਕਰਾ ਆਦਿ ।

ਗਰਦਣ ਦੁਆਲੇ ਪਹਿਨੇ ਜਾਣ ਵਾਲੇ ਗਹਿਣੇ : ਹੱਸ, ਰਾਣੀਹਾਰ, ਤਵੀਤ, ਦਾਖਾ, ਚੰਪਾਕਲੀ, ਸੌਂਕਣ-ਮਹੁਰਾ, ਤਵੀਤੜੀਆਂ, ਬੁਘਤੀਆਂ, ਗਾਨੀ, ਜੰਜ਼ੀਰਾਂ, ਛਿੰਗ-ਤਵੀਤ, ਮੱਖੀ, ਜੁਗਨੀ, ਚੋਲਣ, ਹਮੇਲ ਆਦਿ ।

ਵੀਣੀ ਤੇ ਬਾਂਹਾਂ ਵਿਚ ਪਾਏ ਜਾਣ ਵਾਲੇ ਗਹਿਣੇ : ਗੋਖੜੂ, ਪਰੀਬੰਦ, ਗਜਰੇ, ਪਹੁੰਚੀ, ਚੂੜੀਆਂ, ਬਾਜੂਬੰਦ, ਕੰਙਣ, ਵੰਙਾਂ, ਬਾਂਕਾਂ, ਕਲੀਰੇ ਆਦਿ ।

ਉਂਗਲਾਂ ਵਿਚ ਪਾਏ ਜਾਣ ਵਾਲੇ ਗਹਿਣੇ : ਮੁੰਦਰੀ, ਛਾਪ, ਕਲੀਚੜੀ ਤੇ ਆਰਸੀ ਆਦਿ।

ਮਰਦਾਂ ਲਈ ਬਣਾਏ ਜਾਣ ਵਾਲੇ ਗਹਿਣੇ : ਕੜਾ, ਮੁੰਦਰੀ, ਕੈਂਠਾ ਆਦਿ ।

ਪ੍ਰਸ਼ਨ 5. ਲੋਕ-ਕਿੱਤੇ ਦੀ ਕੀ ਵਿਸ਼ੇਸ਼ਤਾ ਹੁੰਦੀ ਹੈ? ਉਦਾਹਰਨਾਂ ਸਹਿਤ ਦੱਸੋ।

ਉੱਤਰ : ਲੋਕ-ਕਿੱਤੇ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਸਭਿਆਚਾਰ ਤੇ ਰਹਿਤਲ ਦੀਆਂ ਜ਼ਰੂਰੀ ਲੋੜਾਂ ਲਈ ਇੰਨਾ ਜ਼ਰੂਰੀ ਹੁੰਦਾ ਹੈ ਕਿ ਇਹ ਸਭਿਆਚਾਰ ਦੇ ਨਿਤਾਪ੍ਰਤੀ ਜੀਵਨ ਵਿਚ ਸਧਾਰਨ ਤੋਂ ਸਧਾਰਨ ਅਤੇ ਵਿਸ਼ੇਸ਼ ਤੋਂ ਵਿਸ਼ੇਸ਼ ਵਿਅਕਤੀ ਲਈ ਲੋੜੀਂਦਾ ਅਤੇ ਲਾਹੇਵੰਦ ਹੁੰਦਾ ਹੈ। ਉਦਾਹਰਨ ਲਈ ਤਰਖਾਣ ਅਤੇ ਲੁਹਾਰ ਦੇ ਕਿੱਤੇ ਨੂੰ ਲਿਆ ਜਾ ਸਕਦਾ ਹੈ, ਜੋ ਖੇਤੀ ਦੇ ਕਿੱਤੇ ਲਈ ਹਲ, ਪੰਜਾਲੀ, ਗੱਡਾ, ਸੁਹਾਗਾ, ਤੰਗਲੀ, ਸਲੰਘ, ਜੂਲਾ, ਦਾਤੀ, ਕਹੀ, ਰੰਬਾ, ਕੁਹਾੜੀ, ਘੁਲਾੜੀ ਤੇ ਹਰਟ ਆਦਿ ਤੇ ਘਰੇਲੂ ਵਰਤੋਂ ਲਈ ਮੰਜਾ, ਪੀੜ੍ਹੀ, ਮਧਾਣੀ, ਘੜਵੰਜੀ, ਚਰਖਾ, ਅਟੇਰਨ, ਚੌਕੀ, ਸੰਦੂਕ, ਘੋਟਣਾ, ਗਡੀਹਰਾ, ਪੰਘੂੜਾ, ਚਕਲਾ, ਵੇਲਣਾ ਆਦਿ ਚੀਜ਼ਾਂ ਬਣਾਉਂਦੇ ਹਨ। ਇਸੇ ਤਰ੍ਹਾਂ ਸੁਨਿਆਰਾ ਇਸਤਰੀਆਂ ਤੇ ਮਨੁੱਖਾਂ ਦੇ ਹਾਰ-ਸ਼ਿੰਗਾਰ ਲਈ ਤਰ੍ਹਾਂ-ਤਰ੍ਹਾਂ ਦੇ ਗਹਿਣੇ ਬਣਾਉਣ ਦਾ ਕਿੱਤਾ ਕਰਦਾ ਹੈ। ਤੇਲੀ ਤੇਲ ਦੇ ਬੀਜਾਂ ਵਿਚੋਂ ਤੇਲ ਕੱਢਣ ਦਾ ਕਿੱਤਾ, ਮੋਚੀ ਜੁੱਤੀਆਂ ਬਣਾਉਣ ਦਾ ਕਿੱਤਾ ਤੇ ਜੁਲਾਹਾ ਕੱਪੜੇ ਬੁਣਨ ਦਾ ਕਿੱਤਾ ਕਰਦਾ ਹੈ। ਇਨ੍ਹਾਂ ਵੱਖ-ਵੱਖ ਕਿੱਤਿਆਂ ਨੂੰ ਅਪਣਾਉਣ ਵਾਲੇ ਕਿੱਤਾਕਾਰਾਂ ਦੀਆਂ ਬਣਾਈਆਂ ਚੀਜ਼ਾਂ ਸਭਿਆਚਾਰ ਦੇ ਨਿਤਾਪ੍ਰਤੀ ਦੇ ਜੀਵਨ ਤੇ ਰਹਿਤਲ ਵਿਚ ਹਰ ਵੱਡੇ- ਛੋਟੇ ਬੰਦੇ ਲਈ ਲੋੜੀਂਦੀਆਂ ਤੇ ਲਾਹੇਵੰਦ ਹਨ। ਇਹੋ ਹੀ ਲੋਕ-ਕਿੱਤੇ ਦੀ ਵਿਸ਼ੇਸ਼ਤਾ ਹੈ।

ਪ੍ਰਸ਼ਨ 6. ਲੋਕ-ਕਲਾ ਅਤੇ ਸ਼ਾਸਤਰੀ ਕਲਾ ਵਿਚ ਕੀ ਅੰਤਰ ਹੈ? ਖੋਲ੍ਹ ਕੇ ਦੱਸੋ।

ਉੱਤਰ : ਅਜਿਹੀ ਕਲਾ ਜੋ ਕਿਸੇ ਸਮਾਨ ਪਰੰਪਰਾ ਵਾਲੇ ਸਭਿਆਚਾਰ ਦੇ ਮਨੁੱਖੀ ਸਮੂਹ ਦੀਆਂ ਮਾਨਸਿਕ ਭਾਵਨਾਵਾਂ ਨੂੰ ਪ੍ਰਗਟਾਉਂਦੀ ਹੋਵੇ ਅਤੇ ਵਿਰਸੇ ਵਿਚੋਂ ਪ੍ਰਾਪਤ ਹੁੰਦੀ ਹੋਵੇ, ਨੂੰ ਲੋਕ-ਕਲਾ ਕਿਹਾ ਜਾਂਦਾ ਹੈ। ਸਰਲਤਾ ਤੇ ਸਾਦਗੀ ਇਸ ਦੇ ਵਿਸ਼ੇਸ਼ ਗੁਣ ਹੁੰਦੇ ਹਨ।

ਲੋਕ-ਕਲਾ ਤੇ ਸ਼ਾਸਤਰੀ ਕਲਾ ਵਿਚ ਕੁੱਝ ਫ਼ਕਰ ਹੈ। ਜਿਵੇਂ-ਜਿਵੇਂ ਲੋਕ-ਕਲਾ ਵਿਚ ਨਿਖ਼ਾਰ ਆਉਂਦਾ ਗਿਆ, ਤਿਵੇਂ-ਤਿਵੇਂ ਕਲਾ ਦੇ ਨਿਯਮ ਬਣਦੇ ਗਏ। ਜਿਸ ਕਲਾ ਦਾ ਲਿਖਤੀ ਸ਼ਾਸਤਰ ਬਣ ਗਿਆ, ਉਹ ਲੋਕ-ਕਲਾ ਸ਼ਾਸਤਰੀ ਕਲਾ ਦੇ ਘੇਰੇ ਵਿਚ ਚਲੀ ਗਈ। ਇਹ ਕਲਾ ਭਾਵੇਂ ਨਾਚ ਹੋਵੇ ਜਾਂ ਚਿਤਰਕਾਰੀ ਹੋਵੇ। ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਸ਼ਾਸਤਰੀ ਕਲਾ ਜਿੱਥੇ ਬੱਝਵੇਂ ਨਿਯਮਾਂ ਵਾਲੀ ਹੁੰਦੀ ਹੈ, ਉੱਥੇ ਲੋਕ-ਕਲਾ ਦੇ ਨਿਯਮ ਲਚਕੀਲੇ ਹੁੰਦੇ ਹਨ। ਇਸ ਦੇ ਬਾਵਜੂਦ ਲੋਕ-ਕਲਾ ਅਤੇ ਸ਼ਾਸਤਰੀ ਕਲਾ ਵਿਚ ਸੋਹਜ ਦੀ ਤਾਂਘ ਅਤੇ ਮਨੋਰੰਜਨ ਵਰਗੇ ਗੁਣ ਸਾਂਝੇ ਹੁੰਦੇ ਹਨ।

ਪ੍ਰਸ਼ਨ 7. ਪੰਜਾਬ ਦੀਆਂ ਬਹੁਤੀਆਂ ਲੋਕ-ਕਲਾਵਾਂ ਦੀਆਂ ਸਿਰਜਕ ਇਸਤਰੀਆਂ ਹੀ ਰਹੀਆਂ ਹਨ। ਇਸ ਬਾਰੇ ਖੋਲ੍ਹ ਕੇ ਚਾਨਣਾ ਪਾਓ।

ਉੱਤਰ : ਪੰਜਾਬ ਵਿਚ ਬਹੁਤੀਆਂ ਲੋਕ-ਕਲਾਵਾਂ ਦੀਆਂ ਸਿਰਜਕ ਇਸਤਰੀਆਂ ਹੀ ਰਹੀਆਂ ਹਨ। ਇਸਤਰੀ ਦਾ ਮਨ ਕੋਮਲ ਹੁੰਦਾ ਹੈ। ਸ਼ਾਇਦ ਇਸੇ ਕਾਰਨ ਹੀ ਪੰਜਾਬ ਦੀ ਲੋਕ-ਕਲਾ ਮੰਗਲ ਕਾਮਨਾ ਵਾਲੀ ਹੈ ਤੇ ਇਸ ਵਿਚ ਲੋਕ-ਜੀਵਨ ਦੇ ਸੁਖਾਂਤਕ ਪੱਖ ਹੀ ਪੇਸ਼ ਹੋਏ ਹਨ।

ਪੰਜਾਬ ਵਿਚ ਘਰਾਂ ਦੀਆਂ ਕੰਧਾਂ ਤੇ ਓਟਿਆਂ ਨੂੰ ਲਿਪਾਈ ਨਾਲ ਸੁਆਰਨ, ਘਰੇਲੂ ਵਰਤੋਂ ਦੀਆਂ ਚੀਜ਼ਾਂ ਭੜੋਲੇ, ਭੜੋਲੀਆਂ, ਹਾਰਿਆਂ ਤੇ ਚੁੱਲ੍ਹਿਆਂ ਨੂੰ ਸ਼ਿੰਗਾਰਨ, ਤਿੱਥਾਂ-ਤਿਉਹਾਰਾਂ ਸਮੇਂ ਸਾਂਝੀ ਤੇ ਅਹੋਈ ਦੇ ਚਿਤਰ ਬਣਾ ਕੇ ਉਨ੍ਹਾਂ ਦੀ ਪੂਜਾ ਕਰਨ, ਫੁਲਕਾਰੀ ਦੇ ਭਿੰਨ-ਭਿੰਨ ਨਮੂਨਿਆਂ, ਰੁਮਾਲਾਂ ਤੇ ਪੱਖੀਆਂ ਦੀ ਕਢਾਈ ਦੇ ਨਮੂਨਿਆਂ ਦਰੀਆਂ, ਚਾਦਰਾਂ, ਨੁਆਰ ਤੇ ਨਾਲਿਆਂ ਦੀ ਬੁਣਾਈ ਅਤੇ ਪਾਂਡੋ ਮਿੱਟੀ ਵਿਚ ਕਾਗ਼ਜ਼ ਤੇ ਗੱਤਾ ਰਲਾ ਕੇ ਬਣਾਏ ਬੋਹੀਆਂ ਤੇ ਗੋਹਟਿਆਂ ਵਿਚ ਇਸਤਰੀਆਂ ਦੁਆਰਾ ਸਿਰਜੀ ਲੋਕ-ਕਲਾ ਦੇ ਅਦਭੁਤ ਨਮੂਨੇ ਦੇਖੇ ਜਾ ਸਕਦੇ ਹਨ।

ਪ੍ਰਸ਼ਨ 8. ‘ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ’ ਪਾਠ ਦੇ ਅਧਾਰ ਤੇ ਦੱਸੋ ਕਿ ਬਾਗ਼ ਦੀ ਕਢਾਈ ਲੋਕ-ਕਲਾ ਦੀ ਵਿਸ਼ੇਸ਼ ਕਿਸਮ ਮੰਨੀ ਜਾਂਦੀ ਹੈ। ਦੱਸੋ ਕਿਵੇਂ?

ਉੱਤਰ : ਬਾਗ਼, ਫੁਲਕਾਰੀ ਦੀ ਇਕ ਬਹੁਤ ਹੀ ਵਿਸ਼ੇਸ਼ ਕਢਾਈ ਵਾਲੀ ਕਿਸਮ ਹੈ। ਇਸ ਵਿਚ ਰੰਗੇ ਹੋਏ ਖੱਦਰ ਦੇ ਕੱਪੜੇ ਉੱਪਰ ਚੌਰਸ, ਤਿਕੋਨੇ, ਛੇ-ਕਲੀਏ, ਅੱਠ-ਕਲੀਏ ਅਤੇ ਚੌਪੜ ਦੇ ਖ਼ਾਨਿਆਂ ਵਾਲੇ ਨਮੂਨਿਆਂ ਨੂੰ ਇਸ ਪ੍ਰਕਾਰ ਵਿਉਂਤ ਕੇ ਰੰਗ-ਬਰੰਗੇ ਰੇਸ਼ਮੀ ਧਾਗਿਆਂ ਨਾਲ ਕਢਾਈ ਕੀਤੀ ਹੁੰਦੀ ਹੈ ਕਿ ਕੋਈ ਵੀ ਥਾਂ ਖ਼ਾਲੀ ਨਹੀਂ ਦਿਖਾਈ ਦਿੰਦੀ। ਕਢਾਈ ਲਈ ਗੂੜ੍ਹੇ ਰੰਗ ਦਾ ਰੇਸ਼ਮੀ ਧਾਗਾ ਵਰਤਿਆ ਜਾਂਦਾ ਹੈ। ਬਾਗ਼ ਦੀ ਕਢਾਈ ਮੁਕੰਮਲ ਕਰਨ ਪਿੱਛੋਂ ਇਕ ਨੁੱਕਰ ਉੱਤੇ ਥੋੜ੍ਹੀ ਜਿਹੀ ਥਾਂ ਖ਼ਾਲੀ ਛੱਡ ਕੇ ਕਾਲੇ ਧਾਗੇ ਨਾਲ ਇਕ ਨਿੱਕੀ ਜਿਹੀ ਬੂਟੀ ਕੱਢ ਦਿੱਤੀ ਜਾਂਦੀ ਹੈ, ਤਾਂ ਜੋ ਕਿਸੇ ਦੀ ਨਜ਼ਰ ਨਾ ਲੱਗੇ।

ਪ੍ਰਸਨ 9. ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ-ਕਲਾ ਦਾ ਸਿਖਰ ਕਿਉਂ ਮੰਨਿਆ ਜਾਂਦਾ ਹੈ?

ਉੱਤਰ : ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ ਕਲਾ ਦਾ ਸਿਖਰ ਮੰਨਿਆ ਜਾਂਦਾ ਹੈ, ਕਿਉਂਕਿ ਫੁਲਕਾਰੀ ਦੇ ਕਈ ਨਮੂਨੇ ਪ੍ਰਚਲਿਤ ਹਨ, ਜਿਸ ਵਿਚ ਲੋਕ-ਕਲਾ ਦੇ ਕਈ ਰੂਪ ਦੇਖੇ ਜਾ ਸਕਦੇ ਹਨ । ਇਨ੍ਹਾਂ ਵਿਚੋਂ ਬਾਗ਼, ਚੋਪ, ਸੁਭਰ, ਤਿਲਪੱਤਰਾ ਅਤੇ ਨੀਲਕ ਆਦਿ ਪ੍ਰਸਿੱਧ ਹਨ।

ਪ੍ਰਸ਼ਨ 10. ਬਾਗ਼ ਅਤੇ ਫੁਲਕਾਰੀ ਦੀ ਲੋਕ-ਕਲਾ ਤੋਂ ਇਲਾਵਾ ਲੋਕ-ਕਲਾ ਦੀਆਂ ਹੋਰ ਕਿਹੜੀਆਂ ਵੰਨਗੀਆਂ ਹਨ?

ਉੱਤਰ : ਬਾਗ਼ ਅਤੇ ਫੁਲਕਾਰੀ ਦੀ ਲੋਕ-ਕਲਾ ਤੋਂ ਇਲਾਵਾ ਪੰਜਾਬ ਵਿਚ ਲੋਕ-ਕਲਾ ਦੀਆਂ ਹੋਰ ਵੰਨਗੀਆਂ ਵੀ ਹਨ, ਜਿਨ੍ਹਾਂ ਵਿਚ ਦਰੀਆਂ, ਨਾਲਿਆਂ ਤੇ ਨੁਆਰ ਦੀ ਬੁਣਤੀ ਸ਼ਾਮਲ ਹੈ। ਨਾਲਿਆਂ ਤੇ ਦਰੀਆਂ ਦੀ ਬੁਣਤੀ ਵਿਚ ਪਾਏ ਅਨੇਕ ਤਰ੍ਹਾਂ ਦੇ ਨਮੂਨੇ ਪੰਜਾਬ ਦੀ ਲੋਕ-ਕਲਾ ਦਾ ਅਮੀਰ ਖ਼ਜ਼ਾਨਾ ਹਨ। ਇਸ ਤੋਂ ਇਲਾਵਾ ਪੱਖੀਆਂ ਦੀ ਬੁਣਤੀ ਤੇ ਰੁਮਾਲਾਂ-ਝੋਲਿਆਂ ਉੱਪਰ ਕੀਤੀ ਕਢਾਈ, ਪਾਂਡੋ ਮਿੱਟੀ ਵਿਚ ਕਾਗ਼ਜ਼ ਤੇ ਗੱਤਾ ਰਲਾ ਕੇ ਬਣਾਏ ਬੋਹੀਏ ਤੇ ਗੋਹਟੇ ਵੀ ਪੰਜਾਬ ਦੀ ਲੋਕ-ਕਲਾ ਦੇ ਉੱਤਮ ਨਮੂਨੇ ਹਨ। ਨਵਰਾਤਿਆਂ ਵਿਚ ਕੁਆਰੀਆਂ ਕੁੜੀਆਂ ਦੁਆਰਾ ਕੰਧ ਉੱਤੇ ਬਣਾਈ ਸਾਂਝੀ ਦੇਵੀ ਦੀ ਮੂਰਤੀ ਤੇ ਉਸ ਨੂੰ ਸ਼ਿੰਗਾਰਨ ਲਈ ਬਣਾਏ ਚਿਤਰ ਅਤੇ ਕੱਤਕ ਵਿਚ ਕੰਧ ਉੱਤੇ ਉਲੀਕੀ ਅਹੋਈ ਦੀ ਮੂਰਤੀ ਵੀ ਲੋਕ-ਕਲਾ ਦੇ ਉੱਤਮ ਨਮੂਨੇ ਮੰਨੇ ਜਾਂਦੇ ਹਨ।

ਪ੍ਰਸ਼ਨ 11. ਨਵਰਾਤਿਆਂ ਦੇ ਦਿਨਾਂ ਦੌਰਾਨ ਕੁਆਰੀਆਂ ਕੁੜੀਆਂ ਵਲੋਂ ਬਣਾਈਆਂ ਮਿੱਟੀ ਦੀਆਂ ਮੂਰਤੀਆਂ ਬਾਰੇ ਭਰਪੂਰ ਜਾਣਕਾਰੀ ਦਿਓ।

ਉੱਤਰ : ਨਵਰਾਤਿਆਂ ਦੇ ਦਿਨਾਂ ਦੌਰਾਨ ਕੁਆਰੀਆਂ ਕੁੜੀਆਂ ਕੰਧ ਉੱਤੇ ਗੋਹੇ ਮਿੱਟੀ ਨਾਲ ਸਾਂਝੀ ਦੇਵੀ ਦੀ ਮੂਰਤੀ ਬਣਾਉਂਦੀਆਂ ਹਨ, ਜਿਸ ਨੂੰ ਸ਼ਿੰਗਾਰਨ ਲਈ ਉਹ ਉਸ ਦੇ ਨਾਲ ਕਈ ਪ੍ਰਕਾਰ ਦੇ ਚਿਤਰ ਬਣਾਉਂਦੀਆਂ ਹਨ। ਉਹ ਸਾਂਝੀ ਹਰ ਰੋਜ਼ ਸਾਂਝੀ ਦੇਵੀ ਅੱਗੇ ਦੀਵੇ ਜਗਾ ਕੇ ਗੀਤ ਗਾਉਂਦੀਆਂ, ਮੱਥੇ ਟੇਕਦੀਆਂ ਅਤੇ ਦਸਵੇਂ ਦਿਨ ਦੁਸਹਿਰੇ ਵਾਲੇ ਦਿਨ ਕੰਧ ਉੱਤੋਂ ਮੂਰਤੀ ਉਤਾਰ ਕੇ ਤੇ ਖੇਤਰੀ ਪਾਣੀ ਵਿਚ ਰੋੜ੍ਹ ਦਿੰਦੀਆਂ ਹਨ।