ਸ੍ਵੈ-ਅਧਿਐਨ : ਪੈਰਾ ਰਚਨਾ


ਸ੍ਵੈ-ਅਧਿਐਨ ਤੋਂ ਭਾਵ ਹੈ ਆਪਣੇ ਆਪ ਪੜ੍ਹਨਾ। ਜਦ ਵਿਦਿਆਰਥੀ ਆਪਣੇ ਆਪ ਗਿਆਨ ਦੇ ਵਾਧੇ ਲਈ ਪੜ੍ਹਦਾ ਹੈ, ਪੜ੍ਹੇ ਹੋਏ ‘ਤੇ ਵਿਚਾਰ ਕਰਦਾ ਹੈ ਅਤੇ ਨਾਲ ਹੀ ਆਪਣੀ ਜਗਿਆਸਾ ਦੀ ਪੂਰਤੀ ਲਈ ਆਪਣੇ ਪੜ੍ਹੇ ਤੇ ਵਿਚਾਰੇ ਉੱਤੇ ਡੂੰਘੀ ਦ੍ਰਿਸ਼ਟੀ ਤੋਂ ਘੋਖ ਕਰਦਾ ਹੈ ਤਾਂ ਇਹ ਸ੍ਵੈ-ਅਧਿਐਨ ਅਖਵਾਉਂਦਾ ਹੈ। ਸਕੂਲ, ਕਾਲਜ, ਯੂਨੀਵਰਸਿਟੀ ਆਦਿ ਵਿੱਚ ਵਿੱਦਿਆ ਪ੍ਰਾਪਤ ਕਰਨੀ ਰਸਮੀ ਪੜ੍ਹਾਈ ਹੈ ਜੋ ਕਿੱਤਾ-ਪ੍ਰਾਪਤੀ ਲਈ ਡਿਗਰੀ ਪ੍ਰਾਪਤ ਕਰਨ ਤੱਕ ਹੀ ਸੀਮਿਤ ਹੁੰਦੀ ਹੈ। ਸ੍ਵੈ-ਅਧਿਐਨ ਇਸ ਤੋਂ ਵੱਖ ਗਿਆਨ ਪ੍ਰਾਪਤ ਕਰਨ ਦੀ ਉਹ ਸਾਧਨਾ ਹੈ ਜਿਸ ਵਿੱਚ ਜਿਗਿਆਸੂ ਬਿਨਾਂ ਬਾਹਰੀ ਮਦਦ ਦੇ ਆਪਣੇ ਆਪ ਪੜ੍ਹਦਾ ਹੈ ਅਤੇ ਆਪਣੇ ਬਾਰੇ ਸੋਚਦਾ ਹੈ। ਸ੍ਵੈ-ਅਧਿਐਨ ਆਪੇ ਦੀ ਪਛਾਣ ਕਰਾਉਂਦਾ ਹੈ ਜਿਸ ਨਾਲ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਜਾਣ ਸਕਦੇ ਹਾਂ। ਸ੍ਵੈ-ਅਧਿਐਨ ਨਾਲ ਅਨੁਭਵ-ਚੇਤਨਾ ਪ੍ਰਾਪਤ ਹੁੰਦੀ ਹੈ। ਆਪਣੇ ਆਪ ਵੱਖਰੇ-ਵੱਖਰੇ ਵਿਸ਼ਿਆਂ ਬਾਰੇ ਸੋਚਣ, ਸਮਝਣ ਅਤੇ ਵਿਚਾਰਨ ਦੀ ਲਗਨ ਪੈਦਾ ਹੁੰਦੀ ਹੈ। ਚੰਗੀਆਂ ਰਵਾਇਤਾਂ ਅਤੇ ਸ੍ਵੈ-ਅਨੁਸ਼ਾਸਨ ਦੀ ਪ੍ਰਾਪਤੀ ਲਈ ਸ੍ਵੈ-ਅਧਿਐਨ ਦੀ ਲੋੜ ਹੁੰਦੀ ਹੈ। ਪਰ ਅਜੋਕੇ ਯੁੱਗ ਵਿੱਚ ਹਰ ਮਨੁੱਖ ਘੱਟ ਮਿਹਨਤ ਕਰ ਕੇ ਅਤੇ ਜਲਦੀ ਵਿੱਚ ਸਫਲਤ ਹੀ ਸਭ ਕੁਝ ਪ੍ਰਾਪਤ ਕਰਨ ਬਾਰੇ ਸੋਚਦਾ ਹੈ। ਜਿੱਥੋਂ ਤੱਕ ਵੀ ਹੋ ਸਕੇ ਉਹ ਕੋਸ਼ਸ਼ ਕਰਦਾ ਹੈ ਕਿ ਬਣਿਆ-ਬਣਾਇਆ ਹੀ ਰਸਤਾ ਮਿਲ ਜਾਵੇ ਅਤੇ ਉਹ ਆਪਣੀ ਮੰਜ਼ਲ ਤੱਕ ਪਹੁੰਚ ਜਾਵੇ। ਪਰ ਸਾਨੂੰ ਸ੍ਵੈ-ਅਧਿਐਨ ਦੀ ਚੰਗੀ ਆਦਤ ਪਾਉਣ ਦੀ ਲੋੜ ਹੈ। ਸ੍ਵੈ-ਅਧਿਐਨ ਹੀ ਸਾਡੇ ਪ੍ਰਾਪਤ ਗਿਆਨ ਨੂੰ ਲਾਭਕਾਰੀ ਅਤੇ ਚਿਰ-ਸਥਾਈ ਬਣਾਉਂਦਾ ਹੈ। ਗਿਆਨ ਦੇ ਇਸ ਅਗਾਂਹ-ਵਧੂ ਯੁੱਗ ਵਿੱਚ ਸ੍ਵੈ-ਅਧਿਐਨ ਹੀ ਸਮੇਂ ਦੀ ਚਾਲ ਨਾਲ ਚੱਲਣ ਵਿੱਚ ਸਹਾਈ ਹੁੰਦਾ ਹੈ। ਜ਼ਿੰਦਗੀ ਦੀ ਪੂਰਨਤਾ, ਸ੍ਵੈ-ਨਿਰਭਰਤਾ ਅਤੇ ਸ੍ਵੈ-ਅਨੁਸ਼ਾਸਨ ਲਈ ਸ੍ਵੈ-ਅਧਿਐਨ ਬਹੁਤ ਜ਼ਰੂਰੀ ਹੈ।