ਸ੍ਵੈ – ਅਧਿਐਨ – ਪੈਰਾ ਰਚਨਾ

ਸ੍ਵੈ – ਅਧਿਐਨ ਦਾ ਅਰਥ ਹੈ – ਆਪਣੇ ਆਪ ਪੜ੍ਹਾਈ ਕਰਨਾ। ਅਸੀਂ ਆਮ ਕਰਕੇ ਅਧਿਐਨ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦਾ ਸਹਾਰਾ ਲੈਂਦੇ ਹਾਂ ਤੇ ਇਨ੍ਹਾਂ ਥਾਵਾਂ ਦੀ ਸਹਾਇਤਾ ਨਾਲ ਕੀਤੇ ਅਧਿਐਨ ਅਰਥਾਤ ਪੜ੍ਹਾਈ ਤੋਂ ਸਾਡਾ ਭਾਵ ਕੋਈ ਨਾ ਕੋਈ ਡਿਗਰੀ ਪ੍ਰਾਪਤ ਕਰਨਾ ਹੁੰਦਾ ਹੈ, ਤਾਂ ਜੋ ਉਸ ਦੀ ਸਹਾਇਤਾ ਨਾਲ ਸਾਨੂੰ ਕੋਈ ਰੁਜ਼ਗਾਰ ਪ੍ਰਾਪਤ ਹੋ ਸਕੇ, ਜਾਂ ਸਾਨੂੰ ਆਪਣਾ ਕਾਰੋਬਾਰ ਚਲਾਉਣ ਵਿੱਚ ਸਹਾਇਤਾ ਮਿਲ ਸਕੇ।

ਪਰ ਸ੍ਵੈ – ਅਧਿਐਨ ਇਕ ਸ਼ੌਂਕ ਹੈ। ਸਕੂਲਾਂ – ਕਾਲਜਾਂ ਦੀ ਰਸਮੀ ਪੜ੍ਹਾਈ ਤਾਂ ਸ਼ੌਂਕ ਨੂੰ ਪੈਦਾ ਕਰਨ ਤੇ ਪੂਰਾ ਕਰਨ ਦਾ ਇਕ ਸਾਧਨ ਹੈ। ਸ੍ਵੈ – ਅਧਿਐਨ ਦੀ ਸਹਾਇਤਾ ਨਾਲ ਕੋਈ ਭਾਵੇਂ ਥੋੜ੍ਹਾ ਪੜ੍ਹਿਆ ਹੋਵੇ ਜਾਂ ਬਹੁਤਾ, ਉਹ ਆਪਣੇ ਆਪ ਪੁਸਤਕਾਂ, ਅਖਬਾਰਾਂ ਤੇ ਰਸਾਲਿਆਂ ਨੂੰ ਪੜ੍ਹ ਕੇ ਆਪਣੇ ਗਿਆਨ ਵਿਚ ਵਾਧਾ ਕਰਦਾ ਰਹਿੰਦਾ ਹੈ ਤੇ ਨਾਲ – ਨਾਲ ਉਸ ਨੂੰ ਬਹੁ – ਪੱਖੀ ਵੀ ਬਣਾਉਣਾ ਰਹਿੰਦਾ ਹੈ।

ਥੋੜ੍ਹਾ ਪੜ੍ਹਿਆ ਅਰਥਾਤ ‘ੳ’ , ‘ਅ’ ਜਾਣਨ ਵਾਲਾ ਵਿਅਕਤੀ ਸ੍ਵੈ – ਅਧਿਐਨ  ਨਾਲ ਆਪਣੀ ਭਾਸ਼ਾ ਤੋਂ ਬਿਨਾਂ ਹੋਰਨਾਂ ਭਾਸ਼ਾਵਾਂ ਨੂੰ ਲਿਖ ਸਕਦਾ ਹੈ ਤੇ ਆਪਣੇ ਗਿਆਨ ਨੂੰ ਜਿਨ੍ਹਾਂ ਚਾਹੇ ਵਧਾ ਸਕਦਾ ਹੈ। ਬਹੁਤਾ ਪੜ੍ਹਿਆ ਵਿਅਕਤੀ ਸ੍ਵੈ – ਅਧਿਐਨ ਨਾਲ ਆਪਣੇ ਗਿਆਨ ਦਾ ਘੇਰਾ ਅਤਿਅੰਤ ਚੌੜਾ ਕਰ ਸਕਦਾ ਹੈ। ਉਹ ਲਾਈਬ੍ਰੇਰੀਆਂ ਤੇ ਆਪ ਖਰੀਦੀਆਂ ਪੁਸਤਕਾਂ ਦੀ ਸਹਾਇਤਾ ਨਾਲ ਸਾਹਿਤ, ਕਲਾ, ਵਿਗਿਆਨ ਤੇ ਸਮਾਜ ਵਿਗਿਆਨ ਦੇ ਵਿਸ਼ਿਆਂ ਵਿੱਚੋਂ ਵੀ ਵਿਸ਼ੇਸ਼ ਮੁਹਾਰਤ ਪ੍ਰਾਪਤ ਕਰ ਸਕਦਾ ਹੈ।

ਸਾਨੂੰ ਅਜਿਹੇ ਬਹੁਤ ਸਾਰੇ ਵਿਅਕਤੀ ਮਿਲ ਜਾਂਦੇ ਹਨ ਜਿਹੜੇ ਸ੍ਵੈ – ਅਧਿਐਨ ਨਾਲ ਵੱਡੇ – ਵੱਡੇ ਲੇਖਕ, ਕਲਾਕਾਰ, ਵਿਗਿਆਨੀ, ਸਮਾਜ – ਵਿਗਿਆਨੀ, ਅਰਥ – ਵਿਗਿਆਨੀ, ਰੂਹਾਨੀ ਆਗੂ ਤੇ ਰਾਜਸੀ ਨੇਤਾ ਬਣੇ। ਬਹੁਤ ਸਾਰੇ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੇ ਸ੍ਵੈ – ਅਧਿਐਨ  ਨਾਲ ਹਿਕਮਤ ਤੇ ਹੋਮਿਓਪੈਥੀ ਆਦਿ ਵਿੱਚ ਕਾਫ਼ੀ ਮੁਹਾਰਤ ਪ੍ਰਾਪਤ ਕੀਤੀ ਹੈ ਤੇ ਉਹ ਖ਼ੂਬ ਮਸ਼ਹੂਰ ਹੋਏ। ਅਸਲ ਵਿਚ ਦੁਨਿਆਵੀ ਤੇ ਰੂਹਾਨੀ ਗਿਆਨ ਦਾ ਕੋਈ ਅੰਤ ਨਹੀਂ।

ਮਨੁੱਖ ਜਿਉਂ – ਜਿਉਂ ਆਪਣੇ ਅਧਿਐਨ ਨੂੰ ਅੱਗੇ ਵਧਾਉਂਦਾ ਹੈ, ਤਿਉਂ – ਤਿਉਂ ਉਸ ਨੂੰ ਅਨੁਭਵ ਹੋਣ ਲੱਗਦਾ ਹੈ ਕਿ ਉਸ ਦਾ ਗਿਆਨ ਬੜਾ ਤੁੱਛ ਹੈ। ਅਜਿਹੀ ਅਵਸਥਾ ਉੱਤੇ ਪੁੱਜੇ ਵਿਅਕਤੀ ਦੀ ਸ੍ਵੈ – ਅਧਿਐਨ ਵਲ ਵਧੇਰੇ ਰੁਚੀ ਹੁੰਦੀ ਹੈ ਤੇ ਉਹ ਨਿੱਤ ਨਵੀਆਂ ਪੁਸਤਕਾਂ ਦੀ ਭਾਲ ਵਿੱਚ ਰਹਿੰਦਾ ਹੈ, ਜੋ ਉਸ ਦੇ ਗਿਆਨ ਵਿੱਚ ਵਾਧਾ ਕਰਨ। ਸਾਡੇ ਦੇਸ਼ ਵਰਗੇ ਬਾਲਗ – ਵਿੱਦਿਆ ਦੀ ਸਮੱਸਿਆ ਵਿੱਚ ਘਿਰੇ ਦੇਸ਼ ਵਿੱਚ ਤਾਂ ਸ੍ਵੈ – ਅਧਿਐਨ ਦੀ ਹੋਰ ਵੀ ਮਹਾਨਤਾ ਹੈ। ਵਿਦਿਆਰਥੀ ਜੀਵਨ ਵਿੱਚ ਵੀ ਪਾਠ – ਪੁਸਤਕਾਂ ਦੀ ਸਕੂਲ ਪੜ੍ਹਾਈ ਤੋਂ ਬਿਨਾਂ ਸ੍ਵੈ – ਅਧਿਐਨ ਦੀ ਭਾਰੀ ਮਹਾਨਤਾ ਹੈ। ਅਸਲ ਵਿੱਚ ਮਨੁੱਖ ਸਾਰੀ ਉਮਰ ਹੀ ਵਿਦਿਆਰਥੀ ਰਹਿੰਦਾ ਹੈ ਤੇ ਸ੍ਵੈ – ਅਧਿਐਨ ਹਮੇਸ਼ਾ ਉਸ ਦੀ ਕੁੱਝ ਜਾਣਨ ਦੀ ਇੱਛਾ ਨੂੰ ਲਗਾਤਾਰ ਤ੍ਰਿਪਤ ਕਰਦਾ ਰਹਿੰਦਾ ਹੈ।