ਸੋ ਕਿਉ ਮੰਦਾ ਆਖੀਐ(ਸ੍ਰੀ ਗੁਰੂ ਨਾਨਕ ਦੇਵ ਜੀ) – ਪਾਠ ਨਾਲ ਸੰਬੰਧਿਤ ਪ੍ਰਸ਼ਨ ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ
ਸੋ ਕਿਉ ਮੰਦਾ ਆਖੀਐ (ਸ੍ਰੀ ਗੁਰੂ ਨਾਨਕ ਦੇਵ ਜੀ)
ਪ੍ਰਸ਼ਨ 1. ‘ਸੋ ਕਿਉ ਮੰਦਾ ਆਖੀਐ’ ਸ਼ਬਦ ਦਾ ਕੇਂਦਰੀ ਭਾਵ ਲਿਖੋ ।
ਉੱਤਰ – ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉ ਮੰਦਾ ਆਖੀਐ’ ਸ਼ਬਦ ਰਾਹੀਂ ਔਰਤ ਦੀ ਮਹਾਨਤਾ ਨੂੰ ਦਰਸਾਇਆ ਹੈ। ਔਰਤ ਹੀ ਇਸ ਸੰਸਾਰ ਦੇ ਵਿਕਾਸ ਦਾ ਮਾਧਿਅਮ ਹੈ, ਸਾਕਾਦਾਰੀ ਦਾ ਕਾਰਨ ਹੈ। ਉਸ ਤੋਂ ਬਿਨਾ ਇਸ ਧਰਤੀ ਤੇ ਕਿਸੇ ਮਨੁੱਖ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ।
ਉਸ ਦੀ ਹੋਂਦ ਤੋਂ ਉੱਪਰ ਜੇ ਕੋਈ ਹੈ ਤਾਂ ਉਹ ਸਿਰਫ਼ ਪਰਮਾਤਮਾ ਹੈ। ਇਸ ਲਈ ਔਰਤ ਨੂੰ ਮੰਦਾ ਨਹੀਂ ਆਖਣਾ ਚਾਹੀਦਾ ਕਿਉਂਕਿ ਉਸ ਤੋਂ ਬਾਹਰਾ ਸਿਰਫ਼ ਪਰਮਾਤਮਾ ਹੀ ਹੈ, ਹੋਰ ਕੋਈ ਨਹੀਂ।
ਪ੍ਰਸ਼ਨ 2 . ‘ਸੋ ਕਿਉ ਮੰਦਾ ਆਖੀਐ’ ਸ਼ਬਦ ਵਿੱਚ ਇਸਤਰੀ ਦੀ ਮਹਾਨਤਾ ਦੱਸੀ ਗਈ ਹੈ, ਸੰਖੇਪ ਵਿੱਚ ਵਰਣਨ ਕਰੋ।
ਉੱਤਰ – ਸ੍ਰੀ ਗੁਰੂ ਨਾਨਕ ਦੇਵ ਜੀ ਨੇ “ਸੋ ਕਿਉ ਮੰਦਾ ਆਖੀਐ” ਰਚਨਾ ਵਿੱਚ ਪਰਮੇਸ਼ਰ ਤੋਂ ਬਾਅਦ ਔਰਤ ਨੂੰ ਇਸ ਸੰਸਾਰ ਦੀ ਸਿਰਜਕ ਦੱਸਿਆ ਹੈ।
ਉਸ ਤੋਂ ਇਸ ਸੰਸਾਰ ਵਿੱਚ ਮਨੁੱਖ ਜਨਮ ਲੈਂਦਾ ਹੈ। ਉਹੀ ਉਸਦਾ ਪਾਲਣ – ਪੋਸ਼ਣ ਕਰਦੀ ਹੈ। ਉਸ ਨਾਲ ਕੁੜਮਾਈ ਅਤੇ ਵਿਆਹ ਹੁੰਦਾ ਹੈ। ਉਸ ਤੋਂ ਹੀ ਇਸ ਸੰਸਾਰ ਪ੍ਰਤਿ ਪ੍ਰੇਮ ਉਪਜਦਾ ਹੈ ਅਤੇ ਵੰਸ਼ ਚਲਦਾ ਹੈ।
ਉਸ ਦੀ ਮੌਤ ਤੋਂ ਬਾਅਦ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ। ਉਸ ਦੇ ਕਾਰਨ ਹੀ ਸੰਸਾਰਿਕ ਸਾਕਾਦਾਰੀ ਹੈ। ਰਾਜਿਆਂ ਨੂੰ ਵੀ ਉਹੀ ਜਨਮ ਦਿੰਦੀ ਹੈ। ਇਸ ਸੰਸਾਰ ਵਿੱਚ ਕੋਈ ਅਜਿਹਾ ਮਨੁੱਖ ਨਹੀਂ ਹੈ ਜਿਹੜਾ ਉਸ ਤੋਂ ਬਿਨਾ ਇਸ ਸੰਸਾਰ ‘ਤੇ ਆਇਆ ਹੋਵੇ।
ਉਸ ਦੀ ਹੋਂਦ ਤੋਂ ਉੱਪਰ ਇੱਕ ਪਰਮਾਤਮਾ ਹੀ ਹੈ। ਜੇਕਰ ਅਸੀਂ ਸਾਰੇ ਉਸ ਔਰਤ ਦੇ ਕਾਰਨ ਹੀ ਇਸ ਸੰਸਾਰ ਵਿੱਚ ਹਾਂ ਤਾਂ ਉਸ ਨੂੰ ਬੁਰਾ ਆਖਣਾ ਸ਼ੋਭਾ ਨਹੀਂ ਦਿੰਦਾ।
ਪ੍ਰਸ਼ਨ 3 . ”ਸੋ ਕਿਉ ਮੰਦਾ ਆਖੀਐ” ਦੇ ਵਿਸ਼ੇ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।
ਜਾਂ
ਪ੍ਰਸ਼ਨ . ‘ਸੋ ਕਿਉ ਮੰਦਾ ਆਖੀਐ’ ਨਾਂ ਦੀ ਰਚਨਾ ਵਿੱਚ ਪ੍ਰਗਟਾਏ ਗਏ ਵਿਚਾਰਾਂ ਨੂੰ 50 – 60 ਸ਼ਬਦਾਂ ਵਿੱਚ ਬਿਆਨ ਕਰੋ।
ਉੱਤਰ – ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਸੋ ਕਿਉ ਮੰਦਾ ਆਖੀਐ’ ਦਾ ਵਿਸ਼ਾ ਇਸਤਰੀ ਦੇ ਮਹੱਤਵ ਨੂੰ ਪ੍ਰਗਟਾਉਣਾ ਹੈ। ਭਾਰਤੀ ਸਮਾਜ ਵਿੱਚ ਇਸਤਰੀ ਦੇ ਦਰਜੇ ਨੂੰ ਉੱਚਾ ਚੁੱਕਣ ਵਿੱਚ ਗੁਰੂ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਗੁਰੂ ਜੀ ਫਰਮਾਉਂਦੇ ਹਨ ਕਿ ਉਸ ਇਸਤਰੀ ਨੂੰ ਮੰਦਾ/ਬੁਰਾ-ਭਲਾ ਕਿਉਂ ਆਖਿਆ ਜਾਵੇ ਜਿਸ ਦੀ ਕੁੱਖੋਂ ਰਾਜੇ ਅਥਵਾ ਵੱਡੇ – ਵੱਡੇ ਲੋਕ ਜਨਮ ਲੈਂਦੇ ਹਨ।
ਅਸੀਂ ਸਾਰੇ ਉਸ ਦੀ ਕੁੱਖ ਤੋਂ ਹੀ ਪੈਦਾ ਹੋਏ ਹਾਂ। ਇਸਤਰੀ ਨਾਲ ਹੀ ਮਾਂ ਅਤੇ ਪਤਨੀ ਦੇ ਮਹੱਤਵਪੂਰਨ ਰਿਸ਼ਤੇ ਜੁੜੇ ਹੋਏ ਹਨ। ਇਸਤਰੀ ਰਾਹੀਂ ਹੀ ਸਾਡਾ ਸੰਸਾਰਿਕ ਸੰਬੰਧ ਜੁੜਦਾ ਹੈ। ਉਸ ਰਾਹੀਂ ਹੀ ਪਰਿਵਾਰਿਕ ਵਿਕਾਸ ਦਾ ਰਾਹ ਚਲਦਾ ਹੈ।