CBSEClass 9th NCERT PunjabiEducationPunjab School Education Board(PSEB)

ਸੁੰਦਰ ਦਾ ਪਾਤਰ ਚਿਤਰਨ


ਇਕਾਂਗੀ : ਪਰਤ ਆਉਣ ਤਕ


ਪ੍ਰਸ਼ਨ. ਸੁੰਦਰ ਦਾ ਚਰਿੱਤਰ ਚਿਤਰਨ ਕਰੋ।

ਉੱਤਰ : ਸੁੰਦਰ ‘ਪਰਤ ਆਉਣ ਤਕ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਸ ਦੇ ਬਾਪ ਦਾ ਨਾਂ ਪੰਜਾਬਾ ਹੈ, ਜੋ ਕਿ ਬਜ਼ੁਰਗ ਹੈ। ਸੰਤੀ ਉਸ ਦੀ ਪਤਨੀ ਹੈ ਅਤੇ ਜਿੰਦਾ (ਰਾਜਿੰਦਰ) ਉਸਦਾ ਪੁੱਤਰ। ਕਰਤਾਰੀ ਉਸ ਦੇ ਭਰਾ ਦੀ ਪਤਨੀ ਹੈ, ਜੋ ਕਿ ਉਸ ਦੀ ਸਾਲੀ ਵੀ ਲਗਦੀ ਹੈ, ਪਰ ਉਹ ਉਸਨੂੰ ‘ਭਾਬੀ ਕਹਿੰਦਾ ਹੈ। ਉਹ ਆਪਣੇ ਭਰਾ ਸੱਜਣ ਵਾਂਗ ਹੀ ਪਿੰਡ ਵਿਚ ਖੇਤੀ ਕਰਦਾ ਹੈ।

ਪਤਨੀ ਦੇ ਲੜਾਕੇ ਸੁਭਾ ਤੋਂ ਦੁਖੀ : ਸੁੰਦਰ ਆਪਣੇ ਭਰਾ ਸੱਜਣ ਵਾਂਗ ਹੀ ਆਪਣੀ ਪਤਨੀ ਸੰਤੀ ਦੇ ਸੁਭਾ ਤੋਂ ਬਹੁਤ ਦੁਖੀ ਹੈ। ਉਹ ਉਸ ਦੀਆਂ ਕਰਤਾਰੀ ਵਿਰੁੱਧ ਗੱਲਾਂ ਨੂੰ ਸੁਣ ਕੇ ਦੁਖੀ ਹੋਇਆ ਉਸਨੂੰ ਕਹਿੰਦਾ ਹੈ, ਫੇਰ ਸ਼ੁਰੂ ਕਰ ਦਿੱਤਾ ਜੰਗ ਹਿੰਦ-ਪੰਜਾਬ ਦਾ। ਮਖਾਂ ਦੋ ਘੜੀ ਰਮਾਨ ਨਾਲ ਵੀ ਬਹਿ ਲਿਆ ਕਰੋ।” ਪੰਜਵੇਂ ਦ੍ਰਿਸ਼ ਵਿਚ ਉਹ ਕਰਤਾਰੀ ਨਾਲ ਬੋਲ ਬੁਲਾਰਾ ਕਰ ਰਹੀ ਆਪਣੀ ਪਤਨੀ ਨੂੰ ਹੀ ਕਹਿੰਦਾ ਹੈ, ‘ਤੂੰ ਫਿਰ ਕੰਜਰਖਾਨਾ ਸ਼ੁਰੂ ਕਰ ਲਿਆ। ਤੈਨੂੰ ਸੌ ਵਾਰੀ ਕਿਹਾ ਬਈ ਬੜੇ ਛੋਟੇ ਦਾ ਤਾਂ ਲਿਹਾਜ਼ ਕਰ ਲਿਆ ਕਰ।”

ਨਿਰਪੱਖ : ਉਹ ਆਪਣੀ ਪਤਨੀ ਸੰਤੀ ਦੇ ਉਸ ਦੀ ਜਿਠਾਣੀ ਨਾਲ ਝਗੜੇ ਵਿਚ ਨਿਰਪੱਖ ਰਹਿੰਦਾ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ, ”ਓ ਮੈਂ ਤਾਂ ਕਹਿਨੈਂ ਦੋਵੇਂ ਜਣੀਆਂ ਪਿਆਰ ਨਾਲ ਰਿਹਾ ਕਰੋ। ਘਰ ਦਾ ‘ਤਫ਼ਾਕ ਬਣਾਈ ਰੱਖੋ। ਦੱਬ ਘੁਟ ਕੇ ਗੁਜ਼ਾਰਾ ਕਰੋ।” ਉਹ ਸੱਜਣ ਵਾਂਗ ਹੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਸ ਨੂੰ ਘਰ ਵਿਚ ਪਿਆਰ ਨਾਲ ਰਹਿਣ ਦੀ ਗੱਲ ਵਾਰ-ਵਾਰ ਨਾ ਕਹਿਣੀ ਪਵੇ।

ਸੱਜਣ ਨਾਲੋਂ ਨਰਮ ਸੁਭਾ ਵਾਲਾ : ਉਹ ਆਪਣੇ ਭਰਾ ਸੱਜਣ ਨਾਲੋਂ ਨਰਮ ਸੁਭਾ ਵਾਲਾ ਹੈ। ਉਹ ਕਰਤਾਰੀ ਤੇ ਸੰਤੀ ਨਾਲ ਸੱਜਣ ਵਾਂਗ ਹਾਕਮਾਨਾਂ ਲਹਿਜ਼ੇ ਵਿਚ ਪੇਸ਼ ਨਹੀਂ ਆਉਂਦਾ। ਜਿੰਦਾ ਵੀ ਆਪਣੇ ਬਾਪੂ ਦੇ ਸੁਭਾ ਨੂੰ ਨਰਮ ਕਹਿੰਦਾ ਹੈ, ਜਿਸ ਦੀ ਸੰਤੀ ਅੱਗੇ ਵਾਹ ਨਹੀਂ ਚਲਦੀ।

ਬਾਪੂ ਦਾ ਖ਼ਿਆਲ ਰੱਖਣ ਵਾਲਾ : ਸੁੰਦਰ ਨੂੰ ਜਦੋਂ ਪਤਾ ਲਗਦਾ ਹੈ ਕਿ ਬਾਪੂ ਕੁੱਝ ਢਿੱਲਾ ਹੈ, ਤਾਂ ਉਹ ਉਸ ਦਾ ਫ਼ਿਕਰ ਕਰਦਾ ਹੈ ਤੇ ਉਸ ਨੂੰ ਆਪਣੇ ਘਰ ਚਲਣ ਲਈ ਕਹਿੰਦਾ ਹੈ, ਜਦੋਂ ਬਾਪੂ ਨਹੀਂ ਮੰਨਦਾ, ਤਾਂ ਉਹ ਬਹੁਤ ਫ਼ਿਕਰਮੰਦ ਹੁੰਦਾ ਹੈ। ਉਹ ਸੱਜਣ ਵਾਂਗ ਹੀ ਦੀਪੇ ਤੇ ਜਿੰਦੇ ਤੇ ਬਾਪੂ ਦੀ ਮਾਨਸਿਕ ਹਾਲਤ ਬਾਰੇ ਸਮਝਾਉਣ ਤੇ ਘਰ ਨੂੰ ਮੁੜ ਇਕੱਠਾ ਕਰਨਾ ਮੰਨ ਜਾਂਦਾ ਹੈ, ਜਿਸ ਨੂੰ ਕਰਤਾਰੀ ਤੇ ਹੋਰ ਸਾਰੇ ਵੀ ਮਨਜ਼ੂਰ ਕਰ ਲੈਂਦੇ ਹਨ।