ਸੁਚੱਜ – ਪੈਰਾ ਰਚਨਾ
ਮਨੁੱਖ ਇਕ ਸਮਾਜਿਕ ਜੀਵ ਹੈ। ਸਮਾਜ ਵਿਚ ਉਨ੍ਹਾਂ ਲੋਕਾਂ ਨੂੰ ਚੰਗੇ ਮੰਨਿਆ ਜਾ ਸਕਦਾ ਹੈ, ਜਿਨ੍ਹਾਂ ਤੋਂ ਹੋਰਨਾਂ ਨੂੰ ਸੁੱਖ ਅਤੇ ਖੁਸ਼ੀ ਮਿਲੇ। ਹੋਰਨਾਂ ਨੂੰ ਸੁੱਖ ਅਤੇ ਖੁਸ਼ੀ ਅਸੀਂ ਆਪਣੇ ਸੁਚੱਜ ਅਰਥਾਤ ਚੰਗੀਆਂ ਆਦਤਾਂ ਤੇ ਵਰਤਾਓ ਨਾਲ ਹੀ ਦੇ ਸਕਦੇ ਹਾਂ। ਸੁਚੱਜ ਦਾ ਆਰੰਭ ਸਾਡੇ ਆਪਣੇ ਘਰ ਦੇ ਜੀਆਂ ਨਾਲ ਚੰਗੇ ਵਰਤਾਓ ਤੋਂ ਹੀ ਹੋ ਜਾਂਦਾ ਹੈ। ਸਾਨੂੰ ਆਪਣੇ ਘਰਦਿਆਂ ਵਿਚ ਨਿੰਦਿਆ, ਚੁਗਲ਼ੀ, ਰੋਸੇ ਤੇ ਵਿਤਕਰੇ ਦਾ ਵਾਤਾਵਰਨ ਨਹੀਂ ਪਸਰਨ ਦੇਣਾ ਚਾਹੀਦਾ ਹੈ। ਭੈਣਾਂ – ਭਰਾਵਾਂ ਨੂੰ ਆਪਸ ਵਿੱਚ ਲੜਨਾ ਨਹੀਂ ਚਾਹੀਦਾ। ਘਰ ਦੀਆਂ ਗੱਲਾਂ ਬਾਹਰ ਨਹੀਂ ਕਰਨੀਆਂ ਚਾਹੀਦੀਆਂ ਤੇ ਘਰ ਵਿੱਚ ਬਹੁਤਾ ਰੌਲਾ ਨਹੀਂ ਪੈਣ ਦੇਣਾ ਚਾਹੀਦਾ। ਪ੍ਰਾਹੁਣਿਆਂ ਦੇ ਸਤਿਕਾਰ ਤੇ ਸੇਵਾ ਵਲ ਯੋਗ ਧਿਆਨ ਦੇਣਾ ਚਾਹੀਦਾ ਹੈ ਤੇ ਨੌਕਰਾਂ ਨਾਲ ਹੈਂਕੜ ਭਰਿਆ ਵਰਤਾਓ ਨਹੀਂ ਕਰਨਾ ਚਾਹੀਦਾ। ਬੱਚਿਆਂ ਨੂੰ ਪ੍ਰਾਹੁਣਿਆਂ ਸਾਹਮਣੇ ਝਿੜਕਣਾ ਤੇ ਮਾਰਨਾ ਠੀਕ ਨਹੀਂ ਹੁੰਦਾ। ਮਿੱਤਰਾਂ ਤੇ ਗੁਆਂਢੀਆਂ ਦੇ ਔਗੁਣ ਨਹੀਂ ਜ਼ ਸਗੋਂ ਗੁਣ ਦੇਖਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਪਿੱਠ ਪਿੱਛੇ ਨਿੰਦਿਆ ਜਾਂ ਹੇਠੀ ਨਹੀਂ ਕਰਨੀ ਚਾਹੀਦੀ। ਮਿੱਤਰਾਂ ਤੇ ਸੰਬੰਧੀਆਂ ਨਾਲ ਚਿੱਠੀ – ਪੱਤਰ ਕਰਦੇ ਰਹਿਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਘਰਦਿਆਂ ਦੇ ਕਹੇ ਬਿਨਾਂ ਆਪਣੀ ਪੜ੍ਹਾਈ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਘਰ ਤੇ ਆਲੇ – ਦੁਆਲੇ ਦੀ ਸਫ਼ਾਈ ਦਾ ਪੂਰਾ – ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਆਪਣਾ ਰੇਡੀਓ ਜਾਂ ਟੈਲੀਵਿਜ਼ਨ ਉੱਚੇ ਨਹੀਂ ਵਜਾਉਣੇ ਚਾਹੀਦੇ। ਸਾਨੂੰ ਸਾਰਾ ਦਿਨ, ਕੁੱਝ ਨਾ ਕੁੱਝ ਕਰਦੇ ਰਹਿਣਾ ਚਾਹੀਦਾ ਹੈ ਤੇ ਜਿੰਮੇਵਾਰੀਆਂ ਨੂੰ ਦਿਲਚਸਪੀ ਨਾਲ ਨਿਭਾਉਂਦੇ ਰਹਿਣਾ ਚਾਹੀਦਾ ਹੈ। ਸਾਨੂੰ ਰਾਤੀਂ ਦੇਰ ਨਾਲ ਸੌਂ ਕੇ ਤੇ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਜੰਗਲ ਪਾਣੀ ਜਾ ਕੇ ਨਹਾਉਣਾ ਤੇ ਸਾਫ਼ – ਸੁਥਰੇ ਕੱਪੜੇ ਪਾ ਕੇ ਤਿਆਰ ਹੋ ਜਾਣਾ ਚਾਹੀਦਾ ਹੈ। ਜੇਕਰ ਸਾਡੇ ਵਿੱਚ ਧਾਰਮਿਕ ਬਿਰਤੀ ਤੇ ਪੂਜਾ – ਪਾਠ ਦੀ ਰੁਚੀ ਹੋਵੇਗੀ ਤਾਂ ਸਾਡੇ ਬੱਚਿਆਂ ਵਿੱਚ ਵੀ ਇਹ ਹੁਣ ਵਿਕਸਿਤ ਹੋਵੇਗਾ। ਕਿਸੇ ਨੂੰ ਮਿਲਦੇ ਸਮੇਂ ਸਾਨੂੰ ਤਿਆਰ – ਬਰ – ਤਿਆਰ ਹਾਲਤ ਵਿੱਚ ਹੋਣਾ ਚਾਹੀਦਾ ਹੈ। ਦੋ ਵਿਅਕਤੀਆਂ ਦੀ ਜਾਣ – ਪਛਾਣ ਕਰਾਉਂਦੇ ਸਮੇਂ ਅਗਲੇ ਦਾ ਆਦਰ – ਸਤਿਕਾਰ ਕਰਨਾ ਚਾਹੀਦਾ ਹੈ। ਸਫ਼ਰ ਕਰਦੇ ਸਮੇਂ ਸਾਨੂੰ ਬੱਚਿਆਂ, ਬੁੱਢਿਆਂ, ਬਿਮਾਰਾਂ ਤੇ ਔਰਤਾਂ ਪ੍ਰਤੀ ਸਹਾਇਤਾ ਵਾਲਾ ਰਵੱਈਆ ਧਾਰਨ ਕਰਨਾ ਚਾਹੀਦਾ ਹੈ। ਦਫ਼ਤਰਾਂ ਵਿਚ ਸਾਨੂੰ ਆਪਣੇ ਸਹਾਇਕਾਂ ਤੇ ਕਰਮਚਾਰੀਆਂ ਨਾਲ ਮਿੱਤਰਾਂ ਵਾਲਾ ਵਰਤਾਓ ਕਰਨਾ ਚਾਹੀਦਾ ਹੈ। ਗੱਲ ਕੀ ਸੁਚੱਜ ਮਨੁੱਖ ਦਾ ਅਜਿਹਾ ਗੁਣ ਹੈ, ਜਿਸ ਤੋਂ ਸਮਾਜ ਦੇ ਹੋਰਨਾਂ ਨੂੰ ਸੁੱਖ ਤੇ ਖੁਸ਼ੀ ਪ੍ਰਾਪਤ ਹੁੰਦੀ ਹੈ।