ਸੁਚੇਤ ਗ੍ਰਾਹਕ – ਪੈਰਾ ਰਚਨਾ

ਦੁਕਾਨਦਾਰ ਨੂੰ ਪੈਸੇ ਦੇ ਕੇ ਚੀਜ਼ ਖਰੀਦਣ ਵਾਲੇ ਨੂੰ ‘ਗ੍ਰਾਹਕ’ ਕਿਹਾ ਜਾਂਦਾ ਹੈ। ਦੁਕਾਨਦਾਰ ਜਦੋਂ ਗ੍ਰਾਹਕ ਕੋਲ ਕੋਈ ਚੀਜ਼ ਵੇਚਦਾ ਹੈ, ਤਾਂ ਉਸ ਦਾ ਮੁੱਖ ਨਿਸ਼ਾਨਾ ਇਹੋ ਹੁੰਦਾ ਹੈ ਕਿ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਰੀਦ – ਮੁੱਲ ਤੋਂ ਵੱਧ ਪੈਸੇ ਮਿਲਣ ਤੇ ਉਸ ਨੂੰ ਵੱਧ ਤੋਂ ਵੱਧ ਲਾਭ ਹੋ ਸਕੇ। ਕਿਉਂਕਿ ਵਰਤਮਾਨ ਸਮਾਜ ਨੂੰ ਜਲਦੀ ਅਮੀਰ ਹੋਣ ਦੀ ਬਿਮਾਰੀ ਘੁਣ ਵਾਂਗ ਲੱਗ ਚੁੱਕੀ ਹੈ। ਦੂਜੇ ਪਾਸੇ ਗਾਹਕ ਦੀ ਇੱਛਾ ਹੁੰਦੀ ਹੈ ਕਿ ਉਸ ਨੂੰ ਘੱਟ ਤੋਂ ਘੱਟ ਪੈਸੇ ਖਰਚ ਕੇ ਚੰਗੀ ਤੋਂ ਚੰਗੀ ਚੀਜ਼ ਮਿਲ ਸਕੇ।

ਦੁਕਾਨਦਾਰ ਵੱਧ ਤੋਂ ਵੱਧ ਲਾਭ ਲੈਣ ਲਈ ਕਈ ਤਰੀਕਿਆਂ ਦੀ ਵਰਤੋਂ ਕਰਦਾ ਹੈ। ਉਸ ਦਾ ਪਹਿਲਾ ਤਰੀਕਾ ਤਾਂ ਇਹ ਹੁੰਦਾ ਹੈ ਕਿ ਉਹ ਖ਼ਰੀਦ ਮੁੱਲ ਤੋਂ ਬਹੁਤਾ ਭਾਅ ਦੱਸਦਾ ਹੈ ਤੇ ਫਿਰ ਘੱਟ – ਵੱਧ ਦੇ ਚੱਕਰ ਵਿੱਚ ਪੈ ਕੇ ਚੀਜ਼ ਵੇਚ ਦਿੰਦਾ ਹੈ।

ਉਸ ਦਾ ਦੂਜਾ ਤਰੀਕਾ ਇਹ ਹੁੰਦਾ ਹੈ ਕਿ ਘੱਟ ਤੋਲ ਜਾਂ ਮਿਣ ਕੇ ਗਾਹਕ ਕੋਲੋਂ ਪੂਰੇ ਤੋਲ ਜਾਂ ਮਿਣਤੀ ਦੇ ਪੈਸੇ ਲੈ ਲੈਂਦਾ ਹੈ। ਉਸ ਦਾ ਤੀਜਾ ਤਰੀਕਾ ਇਸ ਤੋਂ ਵੀ ਖ਼ਤਰਨਾਕ ਹੈ ਤੇ ਅੱਜ – ਕੱਲ੍ਹ ਬਹੁਤੇ ਦੁਕਾਨਦਾਰ ਇਸੇ ਤਰੀਕੇ ਦੀ ਵਰਤੋਂ ਕਰਦੇ ਹਨ। ਉਹ ਧੋਖੇ ਨਾਲ ਨਕਲੀ ਜਾਂ ਘਟੀਆ ਦਰਜੇ ਦਾ ਮਾਲ ਵੇਚਦੇ ਹਨ, ਜੋ ਕਿ ਅਸਲੀ ਡੱਬਿਆਂ ਵਿੱਚ ਬੰਦ ਹੁੰਦਾ ਹੈ।

ਆਪਣੇ ਮੰਤਵ ਦੀ ਪੂਰਤੀ ਲਈ ਉਹ ਪੁੱਤਾਂ ਤੇ ਗੁਰੂਆਂ ਦੀਆਂ ਸੋਹਾਂ ਖਾਂਦੇ ਤੇ ਅਗਲੇ ਨੂੰ ‘ਭੈਣ ਮੇਰੀਏ’ ਜਾਂ ‘ਵੀਰ ਮੇਰਿਆ’ ਆਦਿ ਕਹਿ ਕੇ ਆਪਣੇ ਅੜਿੱਕੇ ਕਰ ਲੈਂਦੇ ਹਨ। ਅਜਿਹਾ ਮਾਲ ਵੇਚ ਕੇ ਦੁਕਾਨਦਾਰ ਨੂੰ 50% ਤੋਂ 60% ਤਕ ਲਾਭ ਪ੍ਰਾਪਤ ਹੁੰਦਾ ਹੈ, ਅਜਿਹੀ ਸਥਿਤੀ ਵਿੱਚ ਅੱਜ ਦੇ ਗਾਹਕ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਉਸ ਨੂੰ ਕਦੇ ਵੀ ਕਿਸੇ ਵੀ ਦੁਕਾਨਦਾਰ ਨੂੰ ਹਮਦਰਦ ਨਹੀਂ ਸਮਝਣਾ ਚਾਹੀਦਾ, ਸਗੋਂ ਚੀਜ਼ ਖਰੀਦਣ ਸਮੇਂ ਬਜ਼ਾਰ ਵਿੱਚ ਕੁੱਝ ਦੁਕਾਨਾਂ ਉੱਤੇ ਫਿਰ ਕੇ ਉਸਦੇ ਭਾਅ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਵਾਂ ਤੇ ਚੀਜ਼ ਦੀ ਕੁਆਲਿਟੀ ਦੀ ਜਾਂਚ – ਪੜਤਾਲ ਕਰਨੀ ਚਾਹੀਦੀ ਹੈ।

ਚੀਜ਼ਾਂ ਉੱਪਰ ਆਈ. ਐੱਸ. ਆਈ. ਮਾਰਕ ਦੀ ਮੋਹਰ, ਉਨ੍ਹਾਂ ਦੀ ਨਿਰਮਾਣ ਤਾਰੀਖ਼ ਤੇ ਗਾਰੰਟੀ ਆਦਿ ਬਾਰੇ ਵੀ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਚੀਜ਼ਾਂ ਦੇ ਤੋਲ ਦੀ ਮਿਣਤੀ ਸਮੇਂ ਵੀ ਦੁਕਾਨਦਾਰ ਦੀ ਤੱਕੜੀ, ਮੀਟਰ ਤੇ ਹੱਥ ਆਦਿ ਵੱਲ ਧਿਆਨ ਕਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਸੁਚੇਤ ਗਾਹਕ ਹੀ ਅੱਜ ਦੇ ਲਾਲਸਾ ਭਰੇ ਦੁਕਾਨਦਾਰ ਦੀ ਠੱਗੀ ਤੋਂ ਬਚ ਸਕਦੇ ਹਨ।