CBSEClass 9th NCERT PunjabiEducationPunjab School Education Board(PSEB)

ਸਿਰਜਣਾ – ਸਾਰ

ਪ੍ਰਸ਼ਨ . ਇਕਾਂਗੀ ‘ਸਿਰਜਣਾ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ‘ਸਿਰਜਣਾ’ ਇਕਾਂਗੀ ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖੀ ਹੋਈ ਹੈ। ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਅਜੋਕੇ ਸਮੇਂ ਦੀ ਸੱਭ ਤੋਂ ਵੱਡੀ ਸਮੱਸਿਆ ‘ਭਰੂਣ ਹੱਤਿਆ’ ਉੱਪਰ ਤਿੱਖਾ ਵਿਅੰਗ ਕੀਤਾ ਹੈ ਅਤੇ ਆਉਣ ਵਾਲ਼ੀ ਨੌਜਵਾਨ ਪੀੜ੍ਹੀ ਲਈ ਸੇਧ ਪ੍ਰਦਾਨ ਕੀਤੀ ਹੈ। ਇਸ ਇਕਾਂਗੀ ਦਾ ਸੰਖੇਪ ਸਾਰ ਹੇਠ ਲਿਖਿਆ ਹੈ : –

ਇਕਾਂਗੀ ਦੇ ਸ਼ੁਰੂ ਵਿੱਚ ਸਿਰਜਨਾ ਆਪਣੀ ਸੱਸ ਬੀਜੀ ਨਾਲ਼ ਇੱਕ ਕਲੀਨਿਕ ਵਿੱਚ ਸਕੈਨਿੰਗ ਕਰਾਉਣ ਲਈ ਜਾਂਦੀ ਹੈ। ਸਿਰਜਨਾ ਦੇ ਪਹਿਲਾਂ ਵੀ ਇੱਕ ਲੜਕੀ ਹੈ ਅਤੇ ਦੂਸਰਾ ਹੋਣ ਵਾਲਾ ਬੱਚਾ ਵੀ ਕੁੜੀ ਹੈ ਜਾਂ ਮੁੰਡਾ, ਇਸ ਦਾ ਚੈਕਅੱਪ ਕਰਵਾਉਣ ਲਈ ਸਿਰਜਨਾ ਦੀ ਸੱਸ ਉਸ ਨੂੰ ਕਲੀਨਿਕ ਵਿੱਚ ਲੈ ਕੇ ਆਉਂਦੀ ਹੈ।

ਬੀਜੀ ਦੇ ਪੁੱਛਣ ‘ਤੇ ਹਸਪਤਾਲ ਵਿੱਚ ਸਫ਼ਾਈ ਕਰਮਚਾਰੀ ‘ਮਾਸੀ’ ਉਨ੍ਹਾਂ ਨੂੰ ਦੱਸਦੀ ਹੈ ਕਿ ਡਾਕਟਰ ਸਾਹਿਬ ਅਪਰੇਸ਼ਨ ਥਿਏਟਰ ਵਿੱਚ ਹਨ। ਉਹ ਥੋੜ੍ਹੀ ਦੇਰ ਬਾਅਦ ਆ ਜਾਣਗੇ। ਬਾਅਦ ਵਿੱਚ ਇੱਕ ਨਰਸ ਆਣ ਕੇ ਉਨ੍ਹਾਂ ਨੂੰ ਆਉਣ ਦਾ ਕਾਰਨ ਪੁੱਛਦੀ ਹੈ ਤਾਂ ਅੱਗੋਂ ਬੀਜੀ ਕਹਿੰਦੀ ਹੈ ਕਿ ਚੈੱਕ ਕਰਵਾਉਣ ਤੋਂ ਬਾਅਦ ਜੇਕਰ ਅੱਗੇ ਵੀ ਲੋੜ ਪਈ ਤਾਂ ਉਹ ਕੁੱਝ ਕਰਨਗੇ।

ਸਿਰਜਨਾ ਜਦੋਂ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣਦੀ ਹੈ ਕਿ ਜੇਕਰ ਦੂਜੀ ਵੀ ਕੁੜੀ ਹੋਈ ਤਾਂ ਉਹ ਉਨ੍ਹਾਂ ਨੇ ਨਹੀਂ ਰੱਖਣੀ ਤਾਂ ਉਹ ਕਹਿੰਦੀ ਹੈ ਕਿ ਅਜਿਹਾ ਕਰਨਾ ਪਾਪ ਹੈ। ਬੀਜੀ ਅੱਗਿਓਂ ਉਸ ਨੂੰ ਤਾਅਨਾ ਮਾਰਦੀ ਹੋਈ ਕਹਿੰਦੀ ਹੈ ਕਿ ਪੂਰੇ ਚਾਲ਼ੀ ਕਿੱਲ੍ਹੇ ਜ਼ਮੀਨ ਅਤੇ ਇੱਕ ਸ਼ੈੱਲਰ ਉਸਨੇ ਜਾਨ ਮਾਰ ਕੇ ਬਚਾਏ ਹਨ ਸ਼ਰੀਕਾਂ ਤੋਂ। ਇੰਨ੍ਹਾਂ ਨੂੰ ਸੰਭਾਲਣ ਵਾਲਾ ਚਾਹੀਦਾ ਹੈ।

ਜਦੋਂ ਸਿਰਜਣਾ ਰੋਣ ਹਾਕੀ ਹੋ ਜਾਂਦੀ ਹੈ ਤਾਂ ਉਸ ਦੀ ਸੱਸ ਉਸ ਨੂੰ ਇਹ ਕਹਿਕੇ ਦਬਕਾ ਮਾਰਦੀ ਹੈ ਕਿ ਉਹ ਸਕੈਨਿੰਗ ਤਾਂ ਹੋ ਲੈਣ ਦੇਵੇ, ਕੀ ਪਤਾ ਲੋੜ ਈ ਨਾ ਪਏ ? ਸਿਰਜਨਾ ਆਪਣੇ ਪਤੀ ਕੁਲਦੀਪ ਨੂੰ ਫ਼ੋਨ ਕਰਦੀ ਹੈ ਅਤੇ ਦੱਸਦੀ ਹੈ ਕਿ ਬੀਜੀ ਉਸ ਨੂੰ ਕਲੀਨਿਕ ਉੱਤੇ ਸਕੈਨਿੰਗ ਲਈ ਲੈ ਕੇ ਆਏ ਹਨ।

ਅੱਗਿਓਂ ਕੁਲਦੀਪ ਕਹਿੰਦਾ ਹੈ ਕਿ ਦਫ਼ਤਰ ਵਿੱਚ ਜ਼ਰੂਰੀ ਮੀਟਿੰਗ ਚੱਲ ਰਹੀ ਹੈ। ਨਾਲੇ ਜੇ ਬੀਜੀ ਕਹਿ ਰਹੇ ਹੋਣਗੇ ਤਾਂ ਠੀਕ ਹੀ ਕਹਿ ਰਹੇ ਹੋਣਗੇ। ਇਸ ਲਈ ਉਹ ਜਿਸ ਤਰ੍ਹਾਂ ਕਹਿੰਦੇ ਹਨ, ਕਰ ਲਵੇ।

ਕੁਲਦੀਪ ਦੇ ਫ਼ੋਨ ਕੱਟਣ ਤੋਂ ਬਾਅਦ ਸਿਰਜਨਾ ਦੀ ਸੱਸ ਉਸ ਨੂੰ ਬੁਰਾ ਭਲਾ ਕਹਿੰਦੀ ਹੈ। ਸਿਰਜਨਾ ਕਹਿੰਦੀ ਹੈ ਕਿ ਕੁਲਦੀਪ ਉਸ ਦਾ ਜੀਵਨ ਸਾਥੀ ਹੈ, ਇਹੋ ਜਿਹੇ ਮਾਮਲਿਆਂ ‘ਤੇ ਉਸ ਦੀ ਸਲਾਹ ਲੈਣੀ ਵੀ ਉਹ ਜ਼ਰੂਰੀ ਸਮਝਦੀ ਹੈ। ਪਰ ਉਸ ਦੀ ਇਸ ਗੱਲ ‘ਤੇ ਉਸ ਦੀ ਸੱਸ ਉਸ ਨੂੰ ਅਵਾ – ਤਵਾ ਬੋਲਦੀ ਹੈ।ਸਿਰਜਨਾ ਆਪਣੀ ਸੱਸ ਨੂੰ ਪੁੱਛਦੀ ਹੈ ਕਿ ਇਸ ਚੀਜ਼ ਦੀ ਕੀ ਗਰੰਟੀ ਹੈ ਕਿ ਅਗਲੀ ਵਾਰ ਮੁੰਡਾ ਹੀ ਹੋਊ। ਜੇਕਰ ਫਿਰ ਕੁਡ਼ੀ ਹੋ ਗਈ ਤਾਂ ਫਿਰ ਉਹ ਕੀ ਕਰੇਗੀ?

ਉਸ ਦੀ ਸੱਸ ਕਹਿੰਦੀ ਹੈ ਕਿ ਫਿਰ ਦੇਖੀ ਜਾਊਗੀ। ਬੀਜੀ ਕਹਿੰਦੀ ਹੈ ਕਿ ਉਸ ਨੂੰ ਜ਼ਮੀਨ – ਜਾਇਦਾਦ ਦਾ ਵਾਰਸ ਚਾਹੀਦਾ ਹੈ। ਪਰ ਜੇਕਰ ਉਸ ਨੂੰ ਧੀਆਂ ਦਾ ਸ਼ੌਂਕ ਹੈ ਤਾਂ ਉਹ ਕੋਈ ਹੋਰ ਘਰ ਦੇਖ ਲਵੇ। ਉਹ ਸਿਰਜਨਾ ਨੂੰ ਏਥੇ ਤੱਕ ਕਹਿ ਦਿੰਦੀ ਹੈ ਕਿ ਜੇਕਰ ਉਸ ਨੂੰ ਲੱਗਦਾ ਹੈ ਕਿ ਉਸ ਦਾ ਪਤੀ ਉਸ ਦੇ ਵੱਲ੍ਹ ਦੀ ਗੱਲ ਕਰੇਗਾ ਤਾਂ ਬੇਸ਼ਕ ਉਹ ਉਸਨੂੰ ਵੀ ਨਾਲ਼ ਲੈ ਜਾਏ। 

ਜ਼ਮੀਨ – ਜਾਇਦਾਦ ਉਸ ਨੂੰ ਗੁਰਦੁਆਰੇ ਮੰਦਰ ਦੇ ਨਾਂ ਲਾਉਣੀ ਮੰਜ਼ੂਰ ਹੈ ਪਰ ਉਹ ਜਾਇਦਾਦ ਦਾਜ ਵਿੱਚ ਵੰਡਣ ਲਈ ਤਿਆਰ ਨਹੀਂ। ਬੀਜੀ ਸਿਰਜਨਾ ਨੂੰ ਕਹਿੰਦੀ ਹੈ ਕਿ ਉਹ ਉਹ ਉਸਦੇ ਘਰ ਰਹਿ ਕੇ ਇੱਕ ਹੋਰ ਪੱਥਰ ਨਹੀਂ ਜੰਮ ਸਕਦੀ।

ਜਦੋਂ ਡਾਕਟਰ ਆਉਂਦੀ ਹੈ ਤਾਂ ਉਡੀਕ ਕਰਨ ਲਈ ਸਿਰਜਨਾ ਕੋਲੋਂ ਖਿਮਾ ਮੰਗਦੀ ਹੋਈ ਕਹਿੰਦੀ ਹੈ ਕਿ ਤੁਸੀਂ ਪੜ੍ਹੇ – ਲਿਖੇ ਲੋਕ ਵੀ ਜੇਕਰ ਇਸ ਤਰ੍ਹਾਂ ਮੁੰਡੇ – ਕੁੜੀਆਂ ਦਾ ਫ਼ਰਕ ਕਰਨ ਲੱਗ ਪਏ ਤਾਂ ਇਸ ਸੁਸਾਇਟੀ ਦਾ ਕੀ ਬਣੇਗਾ ?

ਸਿਰਜਨਾ ਡਾਕਟਰ ਨੂੰ ਕਹਿੰਦੀ ਹੈ ਕਿ ਉਹ ਵੀ ਤਾਂ ਪੜ੍ਹੀ – ਲਿਖੀ ਹੈ, ਉਹ ਲੋਕਾਂ ਨੂੰ ਸਮਝਾ ਸਕਦੀ ਹੈ। ਪਰ ਡਾਕਟਰ ਸਿਰਜਨਾ ਨੂੰ ਕਹਿੰਦੀ ਹੈ ਕਿ ਅਨਪੜ੍ਹ ਲੋਕ ਤਾਂ  ਸੋਚਦੇ ਵੀ ਨਹੀਂ ਅਜਿਹੇ ਕੰਮ ਕਰਾਉਣ ਲੱਗਿਆਂ ਜਦਕਿ ਪੜ੍ਹੇ – ਲਿਖੇ ਸੋਚਦੇ ਤਾਂ ਬਹੁਤ ਨੇ ਪਰ ਪਤਾ ਨਹੀਂ, ਉਹ ਮਜ਼ਬੂਰ ਕਿਉਂ ਹੁੰਦੇ ਹਨ ?

ਸਿਰਜਨਾ ਦੁਚਿੱਤੀ ਵਿੱਚ ਪਈ ਹੋਈ ਇੱਕ ਵਾਰੀ ਫਿਰ ਕੁਲਦੀਪ ਨੂੰ ਫ਼ੋਨ ਕਰਦੀ ਹੈ। ਕੁਲਦੀਪ ਵੱਲੋਂ ਰਿਜ਼ਲਟ ਪੁੱਛਣ ‘ਤੇ ਉਹ ਕਹਿੰਦੀ ਹੈ ਕਿ ‘ਬੀਜੀ ਜੋ ਕਰ ਰਹੇ ਹਨ, ਉਸਨੂੰ ਲਗਦੈ ਕਿ ਉਹ ਸੱਭ ਗ਼ਲਤ ਹੈ।’ ਪਰ ਕੁਲਦੀਪ ਉਸ ਨੂੰ ਇਹ ਕਹਿ ਕੇ ਗੱਲ ਖ਼ਤਮ ਕਰ ਦਿੰਦਾ ਹੈ ਕਿ ਬੀਜੀ ਉਸ ਨਾਲੋਂ ਵਧੇਰੇ ਜਾਣਦੇ ਹਨ ਕਿ ਕਿਹੜੀ ਚੀਜ਼ ਠੀਕ ਹੈ ਅਤੇ ਕਿਹੜੀ ਗ਼ਲਤ।

ਸਿਰਜਨਾ ਸੋਚਦੀ ਹੈ ਕਿ ਇਹ ਜੋ ਕੁੱਝ ਵਾਪਰ ਰਿਹਾ ਹੈ, ਉਸ ਦੇ ਅੰਦਰ ਦੀ ਦੁਨੀਆਂ ਵਿੱਚ ਵਾਪਰ ਰਿਹਾ ਹੈ। ਉਸ ਦੀ ਕੁੱਖ ਵਿੱਚ ਜਦੋਂ ਨਵੀਂ ਕਰੂੰਬਲ ਫੁੱਟੀ ਸੀ ਤਾਂ ਉਸ ਨੂੰ ਕਿੰਨਾ ਚੰਗਾ ਲੱਗਾ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਕੋਈ ਸਿਰਜਨਾ ਕਰ ਰਹੀ ਹੋਵੇ।

ਕਿਸੇ ਕੋਲੋਂ ਦੁਨੀਆਂ ਵਿੱਚ ਆਉਣ ਦਾ ਹੱਕ ਖੋਹ ਲੈਣਾ, ਸਿਰਫ਼ ਇਸ ਕਰਕੇ ਕਿ ਉਹ ਕੁੜੀ ਹੈ, ਇਹ ਕੋਈ ਨਿੱਕੀ ਗੱਲ ਨਹੀਂ। ਕੁਲਦੀਪ ਵੀ ਸਿਰਜਨਾ ਨੂੰ ਅੰਤ ਵਿੱਚ ਇਹੀ ਗੱਲ ਕਹਿੰਦਾ ਹੈ ਕਿ ਉਹ ਇਹ ਸੱਭ ਸਮਝਦਾ ਹੈ ਕਿ ਇਹ ਠੀਕ ਨਹੀਂ, ਪਰ ਇਹ ਪ੍ਰਾਪਰਟੀ ਕਲਚਰ ਹੈ। ਉਹ ਸਿਰਜਨਾ ਨੂੰ ਉਸੇ ਹੀ ਤਰ੍ਹਾਂ ਕਰਨ ਨੂੰ ਕਹਿੰਦਾ ਹੈ, ਜਿਵੇਂ ਉਸ ਦੀ ਮਾਂ ਕਹਿੰਦੀ ਹੈ।

ਸਫ਼ਾਈ ਕਰਮਚਾਰੀ ਮਾਸੀ ਵੀ ਸਿਰਜਨਾ ਨੂੰ ਕਹਿੰਦੀ ਹੈ ਕਿ ਉਨ੍ਹਾਂ ਦੇ ਵੇਲੇ ਚੰਗੇ ਹੁੰਦੇ ਸਨ ਕਿਉਂਕਿ ਉਸ ਵਕਤ ਇਹ ਨਾਮੁਰਾਦ ਮਸ਼ੀਨਾਂ ਨਹੀਂ ਹੁੰਦੀਆਂ ਸੀ। ਔਖੇ – ਸੌਖੇ ਹੋ ਕੇ ਮਾਪੇ ਧੀਆਂ ਨੂੰ ਪਾਲ਼ ਹੀ ਲੈਂਦੇ ਸਨ। ਸਿਰਜਨਾ ਮਾਸੀ ਨੂੰ ਕਹਿੰਦੀ ਹੈ ਕਿ ਉਸ ਨੂੰ ਆਪਣੇ ਸੀਨੇ ਅੰਦਰੋਂ ਇੱਕ ਹੋਰ ਦਿਲ ਧੜਕਨ ਦੀ ਅਵਾਜ਼ ਸੁਣਾਈ ਦਿੰਦੀ ਹੈ। ਕੋਈ ਨਿੱਕੇ – ਨਿੱਕੇ ਹੱਥਾਂ ਨਾਲ਼ ਉਸ ਨੂੰ ਛੂਹ ਰਿਹਾ ਹੈ।

ਸਿਰਜਨਾ ਡਾਕਟਰ ਨੂੰ ਕਹਿੰਦੀ ਹੈ ਕਿ ਉਹ ਅਜਿਹਾ ਨਹੀਂ ਕਰ ਸਕਦੀ, ਪਰ ਉਸ ਦੀ ਸੱਸ ਆਪਣੀ ਜ਼ਿੱਦ ਉੱਤੇ ਕਾਇਮ ਰਹਿੰਦੀ ਹੈ ਕਿ ਉਹ ਇਹ ਟੈਸਟ ਜ਼ਰੂਰ ਕਰਵਾਏਗੀ। ਉਸ ਦੀ ਸੱਸ ਉਸ ਨੂੰ ਬੁਰਾ – ਭਲਾ ਵੀ ਬੋਲਦੀ ਹੈ। ਉਸ ਨੂੰ ਟੁੱਟਾ ਭੱਜਾ ਦਾਜ ਲਿਆਉਣ ਦਾ ਤਾਅਨਾ ਵੀ ਦਿੰਦੀ ਹੈ ਅਤੇ ਉਸ ਨੂੰ ਇਹ ਵੀ ਕਹਿੰਦੀ ਹੈ ਕਿ ਜੇਕਰ ਉਸ ਨੂੰ ਆਪਣੀ ਤਨਖ਼ਾਹ ਦਾ ਗੁਮਾਨ ਹੈ ਤਾਂ ਇਸ ਨਾਲ਼ ਤਾਂ ਘਰ ਦੇ ਨੌਕਰਾਂ ਅਤੇ ਡਰਾਇਵਰਾਂ ਦੀ ਤਨਖਾਹ ਤੱਕ ਨਹੀਂ ਨਿਕਲਦੀ।

ਬੀਜੀ ਸਿਰਜਨਾ ਨੂੰ ਕਹਿੰਦੀ ਹੈ ਕਿ ਜੇਕਰ ਉਸਨੇ ਧੀ ਜੰਮਣੀ ਹੈ ਤਾਂ ਉਹ ਆਪਣੇ ਪਿਓ ਦੇ ਘਰ ਚਲੀ ਜਾਵੇ ਅਤੇ ਜੇਕਰ ਉਸਦੇ ਘਰ ਵਿੱਚ ਰਹਿਣਾ ਹੈ ਤਾਂ ਉਸ ਦੇ ਕਹੇ ਅਨੁਸਾਰ ਹੀ ਚੱਲਣਾ ਪਏਗਾ। ਸਿਰਜਨਾ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਦੀ ਹੋਂਦ ਦਾ ਕੋਈ ਮੁੱਲ ਨਹੀਂ ਹੈ। ਉਹ ਕਹਿੰਦੀ ਹੈ ਕਿ ਉਹ ਇਸ ਕਾਬਿਲ ਹੈ ਕਿ ਆਪਣੇ ਆਪ ਸਮੇਤ ਆਪਣੀਆਂ ਦੋ ਧੀਆਂ ਨੂੰ ਵੀ ਪਾਲ਼ ਸਕੇ।

ਜਦੋਂ ਸਿਰਜਨਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਲੱਗਦੀ ਹੈ ਤਾਂ ਆਪਣੇ ਪਤੀ ਕੁਲਦੀਪ ਨੂੰ ਦੇਖਦੀ ਹੈ। ਬੀਜੀ ਇਹ ਦੇਖ ਕੇ ਖੁਸ਼ ਹੁੰਦੀ ਹੈ ਕਿ ਹੁਣ ਉਸ ਦਾ ਪੁੱਤ ਆ ਗਿਆ। ਉਹ ਸਿਰਜਨਾ ਦੀ ਸ਼ਿਕਾਇਤ ਆਪਣੇ ਪੁੱਤਰ ਅੱਗੇ ਲਗਾਉਂਦੀ ਹੈ ਕਿ ਉਸ ਨੇ ਅੱਜ ਲੋਕਾਂ ਸਾਹਮਣੇ ਉਸਦਾ ਜਲੂਸ ਕੱਢਿਆ ਹੈ।

ਪਰ ਕੁਲਦੀਪ ਸਿਰਜਨਾ ਪਾਸੋਂ ਇਸ ਗੱਲ ਦੀ ਮੁਆਫੀ ਮੰਗਦਾ ਹੈ ਕਿ ਜੋ ਫੈਸਲਾ ਸਿਰਜਨਾ ਨੇ ਕੀਤਾ ਹੈ, ਉਹ ਉਸਨੂੰ ਕਰਨਾ ਚਾਹੀਦਾ ਸੀ। ਉਹ ਖੁਸ਼ੀ ਮਹਿਸੂਸ ਕਰਦਾ ਹੋਇਆ ਕਹਿੰਦਾ ਹੈ ਕਿ ਉਸਨੂੰ ਇਸ ਗੱਲ ਦਾ ਮਾਣ ਹੈ ਕਿ ਸਿਰਜਨਾ ਉਸ ਦੀ ਜੀਵਨ ਸਾਥਣ ਇੱਕ ਆਮ ਔਰਤ ਨਹੀਂ ਹੈ।

ਕੁਲਦੀਪ ਆਪਣੀ ਬੀਜੀ ਨੂੰ ਕਹਿੰਦਾ ਹੈ ਕਿ ਸਿਰਜਨਾ ਸਕੈਨਿੰਗ ਨਹੀਂ ਕਰਵਾਏਗੀ ਕਿਉਂਕਿ ਬੱਚਾ ਜਿਹੜਾ ਵੀ ਹੋਵੇਗਾ ਉਹ ਉਸ ਨੂੰ ਰੱਖਣ ਜਾ ਰਹੇ ਹਨ। ਬੀਜੀ ਦੇਖਦੀ ਰਹਿ ਜਾਂਦੀ ਹੈ, ਜਦ ਕਿ ਮਾਸੀ ਖੁਸ਼ੀ ਮਹਿਸੂਸ ਕਰਦੀ ਹੈ।