ਸਿਰਜਣਾ – ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਸਿਰਜਣਾ – ਪਾਲੀ ਭੁਪਿੰਦਰ ਸਿੰਘ


ਪ੍ਰਸ਼ਨ 1 . ਬੀਜੀ ਸਿਰਜਨਾ ਦੇ ਪੇਟੋਂ ਮੁੰਡੇ ਦਾ ਜਨਮ ਕਿਉਂ ਚਾਹੁੰਦੀ ਹੈ ?

ਉੱਤਰ – ਬੀਜੀ ਚਾਲ਼ੀ ਕਿੱਲ੍ਹੇ ਜ਼ਮੀਨ ਅਤੇ ਸ਼ੈਲਰ ਦੀ ਮਾਲਕ ਹੈ। ਉਹ ਸਿਰਜਨਾ ਦੀ ਸੱਸ ਹੈ। ਉਸ ਦੀ ਨੂੰਹ ਸਿਰਜਨਾ ਪਹਿਲਾਂ ਹੀ ਇੱਕ ਕੁੜੀ ਨੂੰ ਜਨਮ ਦੇ ਚੁੱਕੀ ਹੈ ਅਤੇ ਉਹ ਮੁੜ ਗਰਭਵਤੀ ਹੈ। ਇਸ ਲਈ ਬੀਜੀ ਨਹੀਂ ਚਾਹੁੰਦੀ ਕਿ ਅੱਗੋਂ ਉਹ ਹੋਰ ਕੁੜੀ ਨੂੰ ਜਨਮ ਦੇਵੇ।

ਇਸ ਮੰਤਵ ਲਈ ਉਹ ਉਸ ਨੂੰ ਉਸ ਦੀ ਮਰਜ਼ੀ ਦੇ ਖ਼ਿਲਾਫ਼ ਹਸਪਤਾਲ ਲਿਜਾਣਾ ਚਾਹੁੰਦੀ ਹੈ ਤਾਂਕਿ ਉਹ ਉਸ ਦਾ ਅਲਟਰਾਸਾਊਂਡ ਕਰਾ ਕੇ ਪਤਾ ਲਗਾ ਸਕੇ ਕਿ ਅੱਗੋਂ ਉਹ ਮੁੰਡੇ ਨੂੰ ਜਨਮ ਦੇਵੇਗੀ ਜਾਂ ਕੁੜੀ ਨੂੰ।

ਜੇ ਉਸ ਦੇ ਗਰਭ ਵਿੱਚ ਕੁੜੀ ਪਲ ਰਹੀ ਹੈ ਤਾਂ ਉਹ ਉਸ ਦਾ ਗਰਭਪਾਤ ਕਰਵਾ ਦੇਵੇ ਪਰ ਸਿਰਜਨਾ ਨੂੰ ਇਹ ਕੰਮ ਪਾਪ ਲੱਗਦਾ ਹੈ। ਸਿਰਜਨਾ ਦੇ ਮਜਬੂਤ ਇਰਾਦੇ ਅੱਗੇ ਬੀਜੀ ਦੀ ਕੋਈ ਪੇਸ਼ ਨਹੀਂ ਚੱਲਦੀ।

ਪ੍ਰਸ਼ਨ 2 . ਕੁਲਦੀਪ ਸਿਰਜਨਾ ਨੂੰ ਫ਼ੋਨ ‘ ਤੇ ਕਿਸ ਦੀ ਮਰਜ਼ੀ ਅਨੁਸਾਰ ਚੱਲਣ ਲਈ ਕਹਿੰਦਾ ਹੈ ਤੇ ਕਿਉਂ ?

ਉੱਤਰ – ਕੁਲਦੀਪ ਬੀਜੀ ਦਾ ਲਾਡਲਾ ਪੁੱਤਰ  ਤੇ ਸਿਰਜਨਾ ਦਾ ਪਤੀ ਹੈ। ਉਹ ਆਪਣੀ ਮਾਂ ਉੱਤੇ ਲੋੜੋਂ ਵੱਧ ਯਕੀਨ ਕਰਦਾ ਹੈ।

ਜਦੋਂ ਸਿਰਜਨਾ ਆਪਣੇ ਪਤੀ ਕੁਲਦੀਪ ਨੂੰ ਫ਼ੋਨ ‘ਤੇ ਦੱਸਦੀ ਹੈ ਕਿ ਬੀਜੀ ਉਸ ਨੂੰ ਜ਼ਬਰਦਸਤੀ ਸਕੈਨਿੰਗ ਕਰਾਉਣ ਲਈ ਕਲੀਨਿਕ ਲੈ ਕੇ ਆਏ ਹਨ ਤਾਂ ਉਹ ਉਸ ਨੂੰ ਕਹਿੰਦਾ ਹੈ ਕਿ ਜੋ ਕੁੱਝ ਵੀ ਉਸ ਦੀ ਮਾਂ ਕਰੇਗੀ, ਸਹੀ ਹੀ ਕਰੇਗੀ।

ਕੁਲਦੀਪ ਆਪਣੀ ਪਤਨੀ ਸਿਰਜਨਾ ਦੀ ਗੱਲ ਵੱਲ ਧਿਆਨ ਨਹੀਂ ਦਿੰਦਾ ਸਗੋਂ ਉਹ ਸਾਰੀ ਗੱਲ ਆਪਣੀ ਮਾਂ ਉੱਤੇ ਹੀ ਸੁੱਟ ਦਿੰਦਾ ਹੈ। ਫਿਰ ਉਹ ਸਿਰਜਨਾ ਦਾ ਫ਼ੋਨ ਇਹ ਕਹਿ ਕੇ ਕੱਟ ਦਿੰਦਾ ਹੈ ਕਿ ਉਹ ਇੱਕ ਜ਼ਰੂਰੀ ਮੀਟਿੰਗ ਵਿੱਚ ਬਿਜ਼ੀ ਹੈ। ਉਹ ਉਵੇਂ ਹੀ ਕਰੇ ਜਿਵੇਂ ਬੀਜੀ ਕਹਿ ਰਹੇ ਹਨ।

ਪ੍ਰਸ਼ਨ 3 . ਜਦੋਂ ਸਿਰਜਨਾ ਕੁਲਦੀਪ ਨੂੰ ਦੂਜੀ ਵਾਰ ਫ਼ੋਨ ਕਰਦੀ ਹੈ ਤਾਂ ਉਹ ਕੀ ਪੁੱਛਦਾ ਹੈ ?

ਉੱਤਰ – ਜਦੋਂ ਸਿਰਜਨਾ ਕੁਲਦੀਪ ਨੂੰ ਦੂਜੀ ਵਾਰ ਫ਼ੋਨ ਕਰਦੀ ਹੈ ਤਾਂ ਕੁਲਦੀਪ ਸੱਭ ਤੋਂ ਪਹਿਲਾਂ ਸਿਰਜਨਾ ਤੋਂ ਰਿਜ਼ਲਟ ਬਾਰੇ ਪੁੱਛਦਾ ਹੈ, ਭਾਵ ਸਕੈਨਿੰਗ ਵਿੱਚ ਕੁਡ਼ੀ ਹੈ ਜਾਂ ਮੁੰਡਾ। ਉਹ ਆਪਣੀ ਪਤਨੀ ਦੀਆਂ ਗੱਲਾਂ ਨਾਲੋਂ ਸਕੈਨਿੰਗ ਦੇ ਰਿਜ਼ਲਟ ਲਈ ਵਧੇਰੇ ਫ਼ਿਕਰਮੰਦ ਹੈ।

ਕੁਲਦੀਪ ਸਿਰਜਨਾ ਨੂੰ ਆਖਦਾ ਹੈ ਕਿ ਬੀਜੀ ਦੀ ਟੈਨਸ਼ਨ ਬਿਲਕੁਲ ਉਚਿਤ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਇੱਕ ਕੁੜੀ ਹੈ। ਉਹ ਆਖਦਾ ਹੈ ਕਿ ਉਸ ਨੂੰ ਪਤਾ ਹੈ ਕਿ ਇਹ ਉਚਿਤ ਨਹੀਂ, ਪਰ ਪ੍ਰਾਪਰਟੀ ਕਲਚਰ ਹੈ। ਇੰਨੀ ਜਾਇਦਾਦ ਨੂੰ ਬਾਅਦ ਵਿੱਚ ਕੌਣ ਸੰਭਾਲੇਗਾ ? ਇਸ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ।

ਪ੍ਰਸ਼ਨ 4 . ਸਿਰਜਨਾ ਦੁਆਰਾ ਸਕੈਨਿੰਗ ਨਾ ਕਰਵਾਉਣ ਦੇ ਫ਼ੈਸਲੇ ਤੇ ਕੁਲਦੀਪ ਦਾ ਕੀ ਪ੍ਰਤੀਕ੍ਰਮ ਸੀ ?

ਉੱਤਰ – ਜਦੋਂ ਸਿਰਜਨਾ ਆਪਣਾ ਫ਼ੈਸਲਾ ਲੈ ਕੇ ਕਿ ਉਹ ਸਕੈਨਿੰਗ ਨਹੀਂ ਕਰਾਏਗੀ ; ਕਲੀਨਿਕ ਵਿੱਚੋਂ ਬਾਹਰ ਨਿਕਲਣ ਲੱਗਦੀ ਹੈ ਤਾਂ ਉਸ ਦਾ ਪਤੀ ਕੁਲਦੀਪ ਉਸ ਦੇ ਸਾਹਮਣੇ ਖੜ੍ਹਾ ਮੁਸਕੁਰਾਉਂਦਾ ਹੈ।

ਉਹ ਸਿਰਜਨਾ ਤੋਂ ਇਸ ਗੱਲ ਦੀ ਮੁਆਫ਼ੀ ਮੰਗਦਾ ਹੈ ਕਿ ਜੋ ਫ਼ੈਸਲਾ ਉਸ ਨੂੰ ਕਰਨਾ ਚਾਹੀਦਾ ਸੀ, ਉਹੀ ਫ਼ੈਸਲਾ ਉਸ ਨੇ ਕੀਤਾ ਹੈ। ਉਹ ਇਸ ਗੱਲ ਉੱਤੇ ਖੁਸ਼ੀ ਦਾ ਇਜ਼ਹਾਰ ਕਰਦਾ ਹੈ ਕਿ ਉਸ ਦੀ ਜੀਵਨ ਸਾਥਣ ਕੋਈ ਸਧਾਰਨ ਔਰਤ ਨਹੀਂ ਹੈ।

ਸਮੁੱਚੇ ਤੌਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਦੇਰ ਨਾਲ਼ ਹੀ ਸਹੀ ਕੁਲਦੀਪ ਸਿਰਜਨਾ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਇਆ ਉਸ ਦੇ ਪਿੱਛੇ ਕਲੀਨਿਕ ਪਹੁੰਚਦਾ ਹੈ। ਭਾਵੇਂ ਉਹ ਇੱਕ ਜਿੰਮੇਵਾਰ ਪਤੀ ਦਾ ਫਰਜ਼ ਅਦਾ ਕਰਦਾ ਮਹਿਸੂਸ ਨਹੀਂ ਹੁੰਦਾ, ਪਰ ਅੰਤ ਵਿੱਚ ਉਹ ਆਪਣੀ ਸਾਥਣ ਸਿਰਜਨਾ ਦਾ ਸਾਥ ਦੇ ਕੇ ਆਪਣੇ ਸਾਰੇ ਧੋਣੇ ਧੋ ਦਿੰਦਾ ਹੈ।