ਸਿਰਜਣਾ – ਮਾਸੀ (ਪਾਤਰ)

ਜਾਣ – ਪਛਾਣ – ਪਾਲੀ ਭੁਪਿੰਦਰ ਦੁਆਰਾ ਲਿਖੀ ਹੋਈ ਇਕਾਂਗੀ ‘ਸਿਰਜਣਾ’ ਵਿੱਚ ਮਾਸੀ ਇੱਕ ਮਹੱਤਵਪੂਰਨ ਪਾਤਰ ਹੈ। ਉਸ ਨੂੰ ਸਾਰੇ ਲੋਕ ਪਿਆਰ ਨਾਲ਼ ਮਾਸੀ ਕਹਿ ਕੇ ਬੁਲਾਉਂਦੇ ਹਨ। ਉਹ ਡਾਕਟਰ ਦੇ ਕਲੀਨਿਕ ਵਿੱਚ ਇੱਕ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਦੀ ਹੈ। ਉਸ ਦੇ ਸੁਭਾਅ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-

ਬਦਤਮੀਜ਼ ਔਰਤ – ਡਾਕਟਰ ਦੇ ਕਲੀਨਿਕ ਵਿੱਚ ਕੰਮ ਕਰਨ ਵਾਲੀ ‘ਮਾਸੀ’ ਬੜੀ ਹੀ ਬਦਤਮੀਜ਼ ਔਰਤ ਹੈ। ਕਲੀਨਿਕ ਦਾ ਦਰਵਾਜ਼ਾ ਖੁੱਲ੍ਹਦੇ ਸਾਰ ਹੀ ਜਦੋਂ ਸਿਰਜਨਾ ਅਤੇ ਉਸ ਦੀ ਸੁੱਸ ਅੰਦਰ ਦਾਖਲ ਹੁੰਦੀਆਂ ਹਨ ਤਾਂ ਮਾਸੀ ਉਨ੍ਹਾਂ ਨਾਲ਼ ਤਲਖ਼ੀ ਨਾਲ਼ ਪੇਸ਼ ਆਉਂਦਿਆਂ ਕਹਿੰਦੀ ਹੈ, ‘ਸਫ਼ਾਈ ਚਲਦੀ ਪਈ ਐ ਦਿਸਦਾ ਨਹੀਂ ਤੁਹਾਨੂੰ। ਤੁਸੀਂ ਜੁੱਤੀਆਂ ਲੈ ਕੇ ਅੰਦਰ ਆ ਗਏ। ਸਾਰੇ ਪੈਰਾਂ ਦੇ ਛਾਪੇ ਲੱਗ ਜਾਣਗੇ।’

ਗੁੱਸੇਖੋਰ – ਬੀਜੀ ਦੇ ਕਲੀਨਿਕ ਵਿੱਚ ਦਾਖਲ ਹੋਣ ‘ਤੇ ਉਹ ਉਸ ਵੱਲ ਬੜੇ ਹੀ ਗੁੱਸੇ ਨਾਲ਼ ਵੇਖਦੀ ਹੋਈ ਜਾਂਦੀ ਹੈ। ਉਸ ਦੀ ਪ੍ਰਤੀਕਿਰਿਆ ਦੇਖਦੇ ਹੋਏ ਬੀਜੀ ਨੂੰ ਹੌਂਸਲਾ ਦਿੰਦੀ ਹੋਈ ਨਰਸ ਕਹਿੰਦੀ ਹੈ ਕਿ ਉਹ ਬੋਲਣ ਵਿੱਚ ਇਸ ਤਰ੍ਹਾਂ ਦੀ ਹੀ ਹੈ, ਪਰ ਦਿਲ ਦੀ ਚੰਗੀ ਹੈ।

ਚੁਸਤ – ਚਲਾਕ ਔਰਤ – ਮਾਸੀ ਬੜੀ ਹੀ ਚੁਸਤ – ਚਲਾਕ ਔਰਤ ਹੈ। ਜਦੋਂ ਸਿਰਜਨਾ ਆਪਣੇ ਪਤੀ ਕੁਲਦੀਪ ਨਾਲ਼ ਗੱਲਾਂ ਕਰ ਰਹੀ ਹੁੰਦੀ ਹੈ ਤਾਂ ਮਾਸੀ ਚੁੱਪ – ਚਾਪ ਉਸ ਦੀਆਂ ਸਾਰੀਆਂ ਗੱਲਾਂ ਸੁਣ ਲੈਂਦੀ ਹੈ। ਉਸ ਦਾ ਧਿਆਨ ਹਰ ਪਾਸੇ ਰਹਿੰਦਾ ਹੈ।

ਹਮਦਰਦੀ ਰੱਖਣ ਵਾਲੀ – ਮਾਸੀ, ਸਿਰਜਨਾ ਨਾਲ਼ ਹਮਦਰਦੀ ਰੱਖਦੀ ਹੈ। ਸਿਰਜਨਾ ਨੂੰ ਉਦਾਸ ਦੇਖ ਕੇ ਉਹ ਕਹਿੰਦੀ ਹੈ ਕਿ ਉਸ ਨੂੰ ਇਹੀ ਗੱਲ ਪਸੰਦ ਨਹੀਂ ਹੈ। ਪੁਰਾਣੇ ਵੇਲੇ ਚੰਗੇ ਹੁੰਦੇ ਸਨ। ਉਸ ਵਕਤ ਇਹ ਨਾਮੁਰਾਦ ਮਸ਼ੀਨਾਂ ਨਹੀਂ ਸੀ ਹੁੰਦੀਆਂ।

ਲੋਕੀਂ ਔਖੇ – ਸੌਖੇ ਹੋ ਕੇ ਧੀਆਂ ਨੂੰ ਪਾਲ ਲੈਂਦੇ ਸਨ ਭਾਵੇਂ ਕਿੰਨੀਆਂ ਵੀ ਹੁੰਦੀਆਂ ਸਨ। ਪਰ ਹੁਣ ਇੱਕ ਤੋਂ ਬਾਅਦ ਦੂਸਰੀ ਧੀ ਭਾਰ ਲੱਗਣ ਲੱਗ ਪੈਂਦੀ ਹੈ।

ਜਜ਼ਬਾਤੀ ਔਰਤ – ਮਾਸੀ ਇੱਕ ਜਜ਼ਬਾਤੀ ਔਰਤ ਹੈ। ਜਦੋਂ ਸਿਰਜਨਾ ਆਪਣੀ ਸੁੱਸ ਨੂੰ ਕਹਿੰਦੀ ਹੈ ਕਿ “ਜਾਓ ਬੀਜੀ ! ਤੁਹਾਡਾ ਘਰ ਛੱਡਿਆ। ਇਸ ਕਾਬਲ ਹਾਂ ਕਿ ਪਾਲ਼ ਸਕਾਂ ਆਪਣੇ ਆਪ ਨੂੰ ਵੀ ਅਤੇ ਆਪਣੀਆਂ ਧੀਆਂ ਨੂੰ ਵੀ।” ਤਾਂ ਮਾਸੀ ਘਬਰਾ ਕੇ ਸਿਰਜਨਾ ਨੂੰ ਕਹਿੰਦੀ ਹੈ, “ਬੀਬੀਏ ! ਐਂ ਘਰ ਪਰਿਵਾਰ ਤੋਂ ਬਾਹਰ ਹੋ ਕੇ ਇਹ ਸਮੱਸਿਆ ਹੱਲ ਹੋ ਜੂਗੀ ਭਲਾ।”

ਦੂਜਿਆਂ ਨੂੰ ਖੁਸ਼ ਦੇਖ ਕੇ ਖੁਸ਼ ਹੋਣ ਵਾਲੀ – ਜਦੋਂ ਕੁਲਦੀਪ ਆਪਣੀ ਬੀਜੀ ਨੂੰ ਕਹਿੰਦਾ ਹੈ ਕਿ ਸਿਰਜਨਾ ਸਕੈਨਿੰਗ ਨਹੀਂ ਕਰਵਾਏਗੀ। ਉਹ ਜੋ ਵੀ ਹੈ ਅਸੀਂ ਰੱਖਣ ਜਾ ਰਹੇ ਹਾਂ ਤਾਂ ਇਸ ਗੱਲ ‘ਤੇ ਮਾਸੀ ਬਹੁਤ ਖੁਸ਼ ਹੁੰਦੀ ਹੈ।

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਾਸੀ ਜੋ ਕਿ ਇੱਕ ਸਫ਼ਾਈ ਕਰਮਚਾਰੀ ਹੈ, ਇੱਕ ਜਜ਼ਬਾਤੀ ਅਤੇ ਹਮਦਰਦੀ ਭਰਿਆ ਵਤੀਰਾ ਰੱਖਣ ਵਾਲੀ ਔਰਤ ਹੈ ਅਤੇ ਦੂਸਰੇ ਦੇ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਦੀ ਹੈ। ਉਹ ਬਾਹਰੋਂ ਭਾਵੇਂ ਗ਼ੁੱਸੇਖੋਰ ਅਤੇ ਲੜਾਕੀ ਲੱਗਦੀ ਹੈ, ਪਰ ਉਸ ਦਾ ਅੰਦਰਲਾ ਪਿਆਰ ਅਤੇ ਹਮਦਰਦੀ ਉਸ ਪ੍ਰਤੀ ਆਦਰ ਦੀ ਭਾਵਨਾ ਪੈਦਾ ਕਰਦਾ ਹੈ।