ਸਿਰਜਣਾ – ਡਾਕਟਰ (ਪਾਤਰ)

ਜਾਣ – ਪਛਾਣ – ਪਾਲੀ ਭੁਪਿੰਦਰ ਦੁਆਰਾ ਲਿਖੀ ਹੋਈ ਇਕਾਂਗੀ ‘ਸਿਰਜਣਾ’ ਵਿੱਚ ਡਾਕਟਰ ਇੱਕ ਮੁੱਖ ਪਾਤਰ ਹੈ। ਉਹ ਆਪਣਾ ਇੱਕ ਕਲੀਨਿਕ ਚਲਾਉਂਦੀ ਹੈ। ਉਸ ਦੇ ਸੁਭਾਅ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-

ਸਮਝਦਾਰ ਡਾਕਟਰ – ਡਾਕਟਰ ਇੱਕ ਸਮਝਦਾਰ ਔਰਤ ਹੈ। ਉਹ ਸਿਰਜਨਾ ਨੂੰ ਸਮਝਾਉਂਦਿਆਂ ਹੋਇਆਂ ਕਹਿੰਦੀ ਹੈ ਕਿ ਉਹ ਇੱਕ ਪੜ੍ਹੀ – ਲਿਖੀ ਮੁਟਿਆਰ ਹੈ। ਜੇਕਰ ਪੜ੍ਹੇ – ਲਿਖੇ ਲੋਕ ਵੀ ਮੁੰਡੇ ਕੁੜੀ ਵਿੱਚ ਇਸ ਤਰ੍ਹਾਂ ਦਾ ਫ਼ਰਕ ਕਰਨ ਲੱਗ ਪਏ ਤਾਂ ਸੁਸਾਇਟੀ ਦਾ ਕੀ ਬਣੇਗਾ ?

ਪੜ੍ਹੇ – ਲਿਖੇ ਅਤੇ ਅਨਪੜ੍ਹ ਲੋਕਾਂ ਪ੍ਰਤੀ ਅਲੱਗ – ਅਲੱਗ ਸੋਚ ਰੱਖਣ ਵਾਲੀ – ਡਾਕਟਰ ਦੀ ਪੜ੍ਹੇ – ਲਿਖੇ ਲੋਕਾਂ ਅਤੇ ਅਨਪੜ੍ਹ ਲੋਕਾਂ ਪ੍ਰਤੀ ਅਲੱਗ – ਅਲੱਗ ਸੋਚ ਹੈ। ਡਾਕਟਰ ਦੇ ਅਨੁਸਾਰ ਅਨਪੜ੍ਹ ਲੋਕ ਅਜਿਹਾ ਕੰਮ ਕਰਵਾਉਣ ਲੱਗੇ ਸੋਚਦੇ ਵੀ ਨਹੀਂ, ਪਰ ਪੜ੍ਹੇ – ਲਿਖੇ ਲੋਕ ਬਹੁਤ ਸੋਚਦੇ ਹਨ, ਪਰ ਉਹ ਅਕਸਰ ਮਜਬੂਰ ਹੁੰਦੇ ਹਨ।

ਸਿਰਜਨਾ ਨੂੰ ਹੌਸਲਾ ਦੇਣ ਵਾਲੀ – ਸਿਰਜਨਾ ਦੇ ਰੋਣ ਦੀ ਅਵਾਜ਼ ਸੁਣ ਕੇ ਡਾਕਟਰ ਅਤੇ ਦੋਵੇਂ ਨਰਸਾਂ ਦੌੜੀਆਂ ਆਉਂਦੀਆਂ ਹਨ। ਜਦੋਂ ਸਿਰਜਨਾ ਡਾਕਟਰ ਨੂੰ ਕਹਿੰਦੀ ਹੈ ਕਿ ਨਹੀਂ ਹੋਣਾ। ਡਾਕਟਰ ਸਾਹਿਬ, ਮੈਥੋਂ ਇਹ ਨਹੀਂ ਹੋਣਾ ਤਾਂ ਡਾਕਟਰ ਉਸ ਨੂੰ ਹੌਂਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਨਹੀਂ ਹੋਣ ਦਾ ਕੀ ਮਤਲਬ ? ਅਜਿਹਾ ਕੁਝ ਏਥੇ ਹੁੰਦਾ ਈ ਨਹੀਂ।

ਸਮਾਜ ਨੂੰ ਬਦਲਣ ਵਾਲੀ ਸੋਚ ਰੱਖਣ ਵਾਲੀ – ਡਾਕਟਰ ਸਮਾਜ ਨੂੰ ਬਦਲਣ ਵਾਲੀ ਸੋਚ ਦੀ ਹਾਮੀ ਭਰਦੀ ਹੋਈ ਕਹਿੰਦੀ ਹੈ ਕਿ ਇਹ ਸਮੱਸਿਆ ਕਿਸੇ ਇੱਕ ਦੀ ਨਹੀਂ, ਬਲਕਿ ਪੂਰੇ ਸਮਾਜ ਦੀ ਹੈ। ਅਸੀਂ ਇਕੱਲੇ ਹੀ ਇਸ ਸਮਾਜ ਨੂੰ ਨਹੀਂ ਬਦਲ ਸਕਦੇ, ਹੋਰ ਬਾਕੀਆਂ ਨੂੰ ਵੀ ਸਾਡੇ ਵਾਂਗ ਸੋਚਣ ਦੀ ਲੋੜ ਹੈ।

ਆਪਣੇ ਪੇਸ਼ੇ ਨਾਲ਼ ਇਨਸਾਫ਼ ਕਰਨ ਵਾਲੀ – ਡਾਕਟਰ ਆਪਣੇ ਪੇਸ਼ੇ ਪ੍ਰਤੀ ਵਫ਼ਾਦਾਰੀ ਨਿਭਾਉਂਦੀ ਹੋਈ ਬੀਜੀ ਨੂੰ ਕਹਿੰਦੀ ਹੈ ਕਿ ਏਥੇ ਕੁਝ ਵੀ ਅਜਿਹਾ ਨਹੀਂ ਹੁੰਦਾ ਜਿਸ ਦੀ ਉਹ ਏਥੇ ਉਮੀਦ ਲੈ ਕੇ ਆਈ ਹੈ।

ਬੀਜੀ ਦੇ ਜ਼ੋਰ ਪਾਉਣ ‘ਤੇ ਕਿ ਹੋਏਗਾ ਕਿਵੇਂ ਨਹੀਂ, ਡਾਕਟਰ ਸਾਹਿਬ ? ਜ਼ਰੂਰ ਹੋਏਗਾ।

ਤਾਂ ਡਾਕਟਰ ਅੱਗਿਓਂ ਉੱਤਰ ਦਿੰਦੀ ਹੈ,”ਤੁਹਾਨੂੰ ਕਿਹਾ ਨਾ, ਮੈਂ ਅਜਿਹਾ ਨਹੀਂ ਕਰਦੀ।”

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਡਾਕਟਰ ਆਧੁਨਿਕ ਸਮੇਂ ਦੀ ਪੜ੍ਹੀ – ਲਿਖੀ ਅਤੇ ਸੂਝਵਾਨ ਔਰਤ ਹੈ। ਉਹ ਇੱਕ ਪੜ੍ਹੇ – ਲਿਖੇ ਸਮਾਜ ਦੀ ਮਜਬੂਰੀ ਨੂੰ ਸਮਝਦੀ ਹੈ। ਪਰ ਉਹ ਇੱਕ ਔਰਤ ਹੋਣ ਕਰਕੇ ਧੀਆਂ ਦੇ ਦਰਦ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਦੀ ਹੈ। ਉਹ ਆਪਣੇ ਕਿੱਤੇ ਪ੍ਰਤੀ ਵੀ ਵਫ਼ਾਦਾਰੀ ਨਿਭਾਉਂਦੀ ਹੈ।