ਸਿਰਜਣਾ ਇਕਾਂਗੀ – ਸਿਰਜਨਾ (ਪਾਤਰ)

ਜਾਣ – ਪਛਾਣ : ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖੀ ਹੋਈ ਇਕਾਂਗੀ ‘ਸਿਰਜਣਾ’ ਵਿੱਚ ਸਿਰਜਨਾ ਇੱਕ ਮੁੱਖ ਪਾਤਰ ਹੈ। ਸਮੁੱਚੀ ਇਕਾਂਗੀ ਸਿਰਜਨਾ ਦੇ ਆਲੇ – ਦੁਆਲੇ ਹੀ ਘੁੰਮਦੀ ਹੈ।

ਉਹ ਬੀਜੀ ਦੀ ਨੂੰਹ ਅਤੇ ਕੁਲਦੀਪ ਦੀ ਪਤਨੀ ਹੈ। ਉਸ ਦੀ ਉਮਰ 28 ਕੁ ਸਾਲ ਦੇ ਕਰੀਬ ਹੈ। ਸਿਰਜਨਾ ਦੇ ਸੁਭਾਅ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-

ਪੜ੍ਹੀ – ਲਿਖੀ ਮੁਟਿਆਰ : ਸਿਰਜਨਾ ਇੱਕ ਪੜ੍ਹੀ – ਲਿਖੀ ਮੁਟਿਆਰ ਹੈ। ਪੜ੍ਹੀ – ਲਿਖੀ ਹੋਣ ਕਰਕੇ ਉਹ ਮਨੁੱਖੀ ਰਿਸ਼ਤਿਆਂ ਦੀ ਕੁਦਰ ਕਰਨਾ ਜਾਣਦੀ ਹੈ।

ਪਰ ਉਸ ਦੀ ਸੁੱਸ (ਬੀਜੀ) ਉਸ ਨੂੰ ਮਿਹਣੇ ਮਾਰਦੀ ਹੋਈ ਕਹਿੰਦੀ ਹੈ ਕਿ ਤੈਨੂੰ ਆਪਣੀ ਤਨਖ਼ਾਹ ਦਾ ਗੁਮਾਨ ਹੈ ਤਾਂ ਉਸ ਨਾਲ਼ ਤਾਂ ਘਰ ਦੇ ਨੌਕਰਾਂ ਅਤੇ ਡਰਾਇਵਰਾਂ ਦਾ ਖਰਚ ਵੀ ਨਹੀਂ ਨਿਕਲਦਾ।

ਸੁੱਘੜ – ਸਿਆਣੀ : ਉਹ ਇੱਕ ਸੁੱਘੜ – ਸਿਆਣੀ ਮੁਟਿਆਰ ਹੈ। ਉਹ ਹਰ ਇੱਕ ਨੂੰ ਬੜੀ ਹੀ ਤਮੀਜ਼ ਨਾਲ਼ ਬੁਲਾਉਂਦੀ ਹੈ। ਰਿਸ਼ਤਿਆਂ ਦੀ ਕੁਦਰ ਕਰਦੀ ਹੋਈ ਉਹ ਇੱਕ ਮਰਿਆਦਾ ਵਿੱਚ ਬੱਝ ਕੇ ਰਹਿੰਦੀ ਹੈ।

ਆਪਣੀ ਸੁੱਸ ਨੂੰ ਉਹ ਬੀਜੀ ਕਹਿ ਕੇ ਤਹਿਜ਼ੀਬ ਨਾਲ਼ ਬੁਲਾਉਂਦੀ ਹੈ ਜਦਕਿ ਉਸ ਦੀ ਸੁੱਸ ਉਸ ਨੂੰ ਬਹੁਤ ਹੀ ਬੁਰਾ ਭਲਾ ਬੋਲਦੀ ਹੈ।

ਪਤੀ ਦਾ ਸਤਿਕਾਰ ਕਰਨ ਵਾਲ਼ੀ : ਸਿਰਜਨਾ ਆਪਣੇ ਪਤੀ ਕੁਲਦੀਪ ਨੂੰ ਬਹੁਤ ਪਿਆਰ ਕਰਦੀ ਹੈ। ਉਹ ਉਸ ਦਾ ਪੂਰਾ ਮਾਣ ਅਤੇ ਸਤਿਕਾਰ ਕਰਦੀ ਹੈ।

ਉਹ ਕੋਈ ਵੀ ਅਹਿਮ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਪਤੀ ਦੀ ਸਲਾਹ ਅਤੇ ਸਹਿਮਤੀ ਲੈਣਾ ਜ਼ਰੂਰੀ ਸਮਝਦੀ ਹੈ।

ਪਤੀ ਦੀਆਂ ਠੇਸ ਭਰੀਆਂ ਗੱਲਾਂ ਨਾਲ਼ ਉਸਨੂੰ ਧੱਕਾ ਲੱਗਦਾ ਹੈ। ਉਹ ਆਪਣੇ ਪਤੀ ਤੋਂ ਅਜਿਹੀ ਉਮੀਦ ਨਹੀਂ ਕਰਦੀ।

ਪਤੀ ਉੱਪਰ ਲੋੜ ਨਾਲੋਂ ਵੱਧ ਵਿਸ਼ਵਾਸ ਕਰਨ ਵਾਲ਼ੀ : ਉਹ ਆਪਣੇ ਪਤੀ ਉੱਪਰ ਜ਼ਰੂਰਤ ਨਾਲ਼ੋਂ ਵਧੇਰੇ ਵਿਸ਼ਵਾਸ ਕਰਕੇ ਆਪਣੇ ਦਿਲ ਦੀ ਗੱਲ ਉਸ ਨਾਲ਼ ਸਾਂਝੀ ਕਰਨਾ ਚਾਹੁੰਦੀ ਹੈ, ਪਰ ਉਸ ਦਾ ਪਤੀ ਉਸ ਦੀ ਗੱਲ ਧਿਆਨ ਨਾਲ਼ ਨਾ ਸੁਣ ਕੇ ਸਾਰੀ ਗੱਲ ਆਪਣੀ ਬੀਜੀ ਉੱਪਰ ਸੁੱਟ ਦਿੰਦਾ ਹੈ ਕਿ ਬੀਜੀ ਜੋ ਕਹਿ ਰਹੇ ਹੋਣਗੇ, ਉਹ ਠੀਕ ਹੀ ਕਹਿ ਰਹੇ ਹੋਣਗੇ। ਕੁਲਦੀਪ ਵੱਲ੍ਹੋਂ ਅਜਿਹੀ ਦਿਲ ਤੋੜਵੀਂ ਗੱਲ ਸੁਣ ਕੇ ਉਸ ਨੂੰ ਧੱਕਾ ਲੱਗਦਾ ਹੈ।

ਮੁੰਡੇ – ਕੁੜੀ ਵਿੱਚ ਫ਼ਰਕ ਨਾ ਸਮਝਣ ਵਾਲ਼ੀ : ਸਿਰਜਨਾ ਪੜ੍ਹੀ – ਲਿਖੀ ਮੁਟਿਆਰ ਹੋਣ ਕਰਕੇ ਮੁੰਡੇ ਅਤੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਸਮਝਦੀ।

ਸਕੈਨਿੰਗ ਕਰਵਾਉਣ ਲਈ ਲੈ ਕੇ ਆਈ ਆਪਣੀ ਸੁੱਸ ਨੂੰ ਉਹ ਕਹਿੰਦੀ ਹੈ ਕਿ ਬੀਜੀ ਇਸ ਗੱਲ ਦੀ ਕੀ ਗਰੰਟੀ ਹੈ ਕਿ ਅਗਲੀ ਵਾਰ ਮੁੰਡਾ ਹੀ ਹੋਊ। ਜੇਕਰ ਫੇਰ ਕੁੜੀ ਹੋਈ ਤਾਂ ਉਹ ਫੇਰ ਕੀ ਕਰੇਗੀ?

ਦਲੀਲਬਾਜ਼ੀ ਨਾਲ਼ ਗੱਲ ਕਰਨ ਵਾਲ਼ੀ : ਸਿਰਜਨਾ ਹਰ ਇੱਕ ਨਾਲ਼ ਬੜੇ ਹੀ ਠਰੰਮੇ ਅਤੇ ਦਲੀਲ ਨਾਲ਼ ਗੱਲ ਕਰਦੀ ਹੈ। ਉਸ ਦੀ ਗੱਲ ਵਿੱਚ ਵਜਨ ਹੁੰਦਾ ਹੈ, ਜਿਸ ਨਾਲ ਸਾਹਮਣੇ ਵਾਲਾ ਨਿਰ – ਉੱਤਰ ਹੋ ਜਾਂਦਾ ਹੈ।

ਜਦੋਂ ਡਾਕਟਰ ਉਸ ਨੂੰ ਕਹਿੰਦੀ ਹੈ ਕਿ ਜੇਕਰ ਪੜ੍ਹੇ – ਲਿਖੇ ਲੋਕ ਇੱਦਾਂ ਹੀ ਫ਼ਰਕ ਕਰਨ ਲੱਗ ਪਏ ਮੁੰਡੇ – ਕੁੜੀ ਵਿੱਚ ਤਾਂ ਸੁਸਾਇਟੀ ਦਾ ਕੀ ਬਣੇਗਾ?

ਉੱਤਰ ਵਿੱਚ ਸਿਰਜਨਾ ਡਾਕਟਰ ਨੂੰ ਕਹਿੰਦੀ ਹੈ ਕਿ ਉਹ ਵੀ ਤਾਂ ਪੜ੍ਹੀ – ਲਿਖੀ ਹੈ, ਉਹ ਵੀ ਤਾਂ ਲੋਕਾਂ ਨੂੰ ਸਮਝਾ ਸਕਦੀ ਹੈ।

ਮਜ਼ਬੂਰ ਮੁਟਿਆਰ : ਸਿਰਜਨਾ ਆਪਣੀ ਸੁੱਸ ਦੇ ਮੂਹਰੇ ਇੱਕ ਮਜ਼ਬੂਰ ਮੁਟਿਆਰ ਹੈ। ਉਹ ਚਾਹੁੰਦੀ ਹੈ ਕਿ ਉਸ ਦਾ ਸਕੈਨਿੰਗ ਟੈਸਟ ਨਾ ਕਰਵਾਇਆ ਜਾਵੇ ਕਿਉਂਕਿ ਉਹ ਆਪਣੀ ਕੁੱਖ ਵਿੱਚ ਪਲ਼ ਰਹੇ ਬੱਚੇ ਨੂੰ ਬਚਾਉਣਾ ਚਾਹੁੰਦੀ ਹੈ ਭਾਵੇਂ ਉਹ ਕੁੜੀ ਹੋਵੇ ਜਾਂ ਮੁੰਡਾ।

ਬਹਾਦਰ ਮੁਟਿਆਰ : ਸਿਰਜਨਾ ਇੱਕ ਬਹਾਦਰ ਮੁਟਿਆਰ ਹੈ। ਉਹ ਸੁੱਸ ਦੇ ਤਾਅਨਿਆਂ ਤੋਂ ਤੰਗ ਆ ਕੇ ਅਖ਼ੀਰ ਵਿੱਚ ਖ਼ੁਦ ਆਪ ਇਹ ਫ਼ੈਸਲਾ ਲੈਂਦੀ ਹੋਈ ਆਪਣੀ ਸੁੱਸ ਨੂੰ ਕਹਿੰਦੀ ਹੈ ਕਿ ਉਸ ਨੂੰ ਜੇਕਰ ਲੱਗਦਾ ਹੈ ਕਿ ਉਸ ਦੀ ਹੋਂਦ ਦਾ ਕੋਈ ਮੁੱਲ ਨਹੀਂ ਤਾਂ ਉਹ ਆਪਣੀ ਅਣਜੰਮੀ ਧੀ ਨੂੰ ਮਾਰ ਕੇ ਉਸ ਦੀਆਂ ਨਜ਼ਰਾਂ ਵਿੱਚ ਆਪਣਾ ਮੁੱਲ ਘਟਾਉਣਾ ਨਹੀਂ ਚਾਹੁੰਦੀ।

ਉਹ ਕਹਿੰਦੀ ਹੈ , “ਜਾਓ ਬੀਜੀ। ਤੁਹਾਡਾ ਘਰ ਛੱਡਿਆ। ਇਸ ਕਾਬਲ ਹਾਂ ਕਿ ਮੈਂ ਪਾਲ਼ ਸਕਾਂ ਆਪਣੇ ਆਪ ਨੂੰ ਵੀ ਅਤੇ ਆਪਣੀਆਂ ਦੋ ਧੀਆਂ ਨੂੰ ਵੀ।”

ਸਮੁੱਚੇ ਤੌਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਸਿਰਜਨਾ ਆਧੁਨਿਕ ਜ਼ਮਾਨੇ ਦੀ ਪੜ੍ਹੀ – ਲਿਖੀ ਮੁਟਿਆਰ ਹੈ ਅਤੇ ਧੀਆਂ ਦੀ ਕੀਮਤ ਨੂੰ ਪਛਾਣਦੀ ਹੈ। ਉਹ ਆਪਣੀ ਵਾਰਤਾਲਾਪ ਰਾਹੀਂ ਪੁੱਤਰ ਦੀ ਇੱਛਾ ਰੱਖ ਕੇ ਕੁੱਖ ਵਿੱਚ ਧੀਆਂ ਦਾ ਕਤਲ ਕਰਾਉਣ ਵਾਲੇ ਕਾਤਲਾਂ ਦੇ ਮੂੰਹ ‘ਤੇ ਵਿਅੰਗਾਤਮਕ ਚਪੇੜ ਮਾਰਦੀ ਹੈ। ਉਹ ਸੱਚਮੁੱਚ ਇੱਕ ਸਫ਼ਲ ਮਾਂ ਕਹਾਉਣ ਦੀ ਹੱਕਦਾਰ ਬਣ ਜਾਂਦੀ ਹੈ।