ਸਿਧ ਆਸਣਿ…………….ਪਰਗਟ ਹੋਆ॥
ਸਤਿਗੁਰ ਨਾਨਕ ਪ੍ਰਗਟਿਆ : ਭਾਈ ਗੁਰਦਾਸ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਸਿਧ ਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ ॥
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਸੋਆ ॥
ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਵੀ ਸਚਾ ਢੋਆ॥
ਗੁਰਮੁਖਿ ਕਲਿ ਵਿਚਿ ਪਰਗਟ ਹੋਆ ॥
ਪ੍ਰਸੰਗ : ਇਹ ਕਾਵਿ-ਟੋਟਾ ਭਾਈ ਗੁਰਦਾਸ ਜੀ ਦਾ ਰਚਿਆ ਹੋਇਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ਸਤਿਗੁਰ ਨਾਨਕ ਪ੍ਰਗਟਿਆ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਕਲਯੁਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੁਰਦਸ਼ਾ ਦਾ ਉਧਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਤੇ ਉਨ੍ਹਾਂ ਨੇ ਸੰਸਾਰ ਵਿੱਚ ਹਰ ਪਾਸੇ ਚੱਕਰ ਲਾ ਕੇ ਪਾਪਾਂ ਦਾ ਹਨੇਰਾ ਦੂਰ ਕਰ ਦਿੱਤਾ।
ਵਿਆਖਿਆ : ਭਾਈ ਗੁਰਦਾਸ ਜੀ ਦੱਸਦੇ ਹਨ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦਾ ਪ੍ਰਭਾਵ ਇੰਨਾ ਸੀ ਕਿ ਜਗਤ ਵਿੱਚ ਜਿੰਨੀਆਂ ਵੀ ਥਾਵਾਂ ਪ੍ਰਸਿੱਧ ਸਨ, ਉਹ ਸਾਰੀਆਂ ਗੁਰੂ ਦੇ ਆਸਣ ਦੇ ਨਾਂ ਨਾਲ ਪ੍ਰਸਿੱਧ ਹੋ ਗਈਆਂ ਅਤੇ ਸਿੱਧਾਂ ਦੇ ਸਾਰੇ ਆਸਣ ਗੁਰੂ ਦੇ ਘਰ ਬਣ ਗਏ। ਘਰ-ਘਰ ਵਿੱਚ ਧਰਮਸ਼ਾਲਾਵਾਂ ਬਣ ਗਈਆਂ ਤੇ ਕੀਰਤਨ ਹੋਣ ਲੱਗ ਪਿਆ. ਜਿਵੇਂ ਸਦਾ ਵਿਸਾਖੀ ਲੱਗੀ ਹੋਵੇ ਅਰਥਾਤ ਲਗਾਤਾਰ ਖ਼ੁਸ਼ੀ ਦਾ ਕੀਰਤਨ ਹੋਣ ਲੱਗਾ। ਬਾਬੇ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ, ਨੌਂ ਖੰਡ ਪ੍ਰਿਥਵੀ ਵਿਖੇ ਸੱਚ ਦਾ ਪ੍ਰਕਾਸ਼ ਹੋ ਗਿਆ। ਇਸ ਤਰ੍ਹਾਂ ਕਲਯੁਗ ਵਿੱਚ ਪੈਦਾ ਹੋਏ ਸ਼੍ਰੋਮਣੀ ਗੁਰੂ ਨਾਨਕ ਨੇ ਸੰਸਾਰ ਦਾ ਉਧਾਰ ਕੀਤਾ।