CBSEEducationKavita/ਕਵਿਤਾ/ कविताNCERT class 10thPunjab School Education Board(PSEB)

ਸਾਹਿਬਾ ਗਈ ਤੇਲ ਨੂੰ………..ਰਹੂ ਵਿੱਚ ਜਗੱਤ।


ਮਿਰਜ਼ਾ ਸਾਹਿਬਾਂ : ਪੀਲੂ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ ।

ਫੜ ਨ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ ।

ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਦ ਉਲੱਟ ।

ਵਣਜ ਗਵਾ ਲਏ ਬਾਣੀਆ, ਬਲਦ ਗਵਾ ਲਏ ਜੱਟ ।

ਤਿੰਨ ਸੈ ਨਾਂਗਾ ਪਿੜ ਰਹਿਆ, ਹੋ ਗਏ ਚੌੜ ਚਪੱਟ ।

ਮਿਰਜ਼ਾ ਸਾਹਿਬਾਂ ਦੀ ਦੋਸਤੀ, ਰਹੂ ਵਿੱਚ ਜਗੱਤ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜਾ-ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੇ ਮਸੀਤ ਵਿੱਚ ਪੜ੍ਹਦਿਆਂ ਪਏ ਪਿਆਰ ਤੇ ਸਾਹਿਬਾਂ ਦੀ ਬੇਸੁੱਧ ਕਰ ਦੇਣ ਵਾਲੀ ਸੁੰਦਰਤਾ ਦਾ ਵਰਣਨ ਬੜੇ ਹੀ ਸੁਝਾਊ ਢੰਗ ਨਾਲ ਕੀਤਾ ਹੈ।

ਵਿਆਖਿਆ : ਜਦੋਂ ਸਾਹਿਬਾਂ ਤੇਲ ਲੈਣ ਲਈ ਪੰਸਾਰੀ ਦੀ ਹੱਟੀ ਉੱਤੇ ਗਈ, ਤਾਂ ਉਸ ਦੀ ਅਦਭੁਤ ਸੁੰਦਰਤਾ ਦੇਖ ਕੇ ਪੰਸਾਰੀ ਦੇ ਹੋਸ਼ ਗੁੰਮ ਹੋ ਗਏ। ਉਸ ਨੂੰ ਤੇਲ ਤੋਲਣ ਲਈ ਤੱਕੜੀ ਫੜਨੀ ਤੇ ਧੜਾ ਕਰਨ ਲਈ ਵੱਟਾ ਪਾਉਣਾ ਭੁੱਲ ਗਿਆ। ਉਸ ਨੇ ਤੇਲ ਤੋਲਣ ਲੱਗਿਆ ਭੁਲੇਖੇ ਨਾਲ ਸਾਹਿਬਾਂ ਦੇ ਤੇਲ ਲਈ ਲਿਆਂਦੇ ਭਾਂਡੇ ਵਿੱਚ ਸ਼ਹਿਦ ਹੀ ਉਲਟਾ ਦਿੱਤਾ। ਇਸ ਪ੍ਰਕਾਰ ਸਾਹਿਬਾਂ ਦੀ ਸੁੰਦਰਤਾ ਇੰਨੀ ਬੇਸੁੱਧ ਕਰ ਦੇਣ ਵਾਲੀ ਸੀ ਕਿ ਉਸ ਵਲ ਟਕ ਬੰਨ੍ਹ ਕੇ ਦੇਖਦਾ ਹੋਇਆ ਬਾਣੀਆ ਆਪਣੇ ਵਪਾਰ ਲਈ ਪਾਇਆ ਸੌਦਾ ਲੁਟਾ ਬੈਠਦਾ ਸੀ ਤੇ ਜੱਟ ਉਸ ਵਲ ਵੇਖਦਾ-ਵੇਖਦਾ ਆਪਣੇ ਬਲਦ ਗੁਆ ਬਹਿੰਦਾ ਸੀ। ਸਾਹਿਬਾਂ ਉੱਪਰ ਇੰਨਾ ਕਹਿਰ ਦਾ ਹੁਸਨ ਸੀ ਕਿ ਉਸ ਨੂੰ ਦੇਖ ਕੇ ਤੀਵੀਆਂ ਤੋਂ ਸਦਾ ਦੂਰ ਰਹਿਣ ਵਾਲੇ ਤੇ ਜਤੀ-ਸਤੀ ਕਹਾਉਣ ਵਾਲੇ ਤਿੰਨ ਸੌ (ਇਕ ਦੋ ਨਹੀਂ) ਨਾਂਗੇ ਸਾਧੂ ਜਿਸ ਥਾਂ ਖੜ੍ਹੇ ਸਨ, ਬੱਸ ਉੱਥੇ ਹੀ ਖੜ੍ਹੇ-ਖਲੋਤੇ ਰਹਿ ਗਏ। ਉਨ੍ਹਾਂ ਦਾ ਬ੍ਰਹਮਚਾਰੀ ਧਰਮ ਡੋਲ ਗਿਆ। ਅਜਿਹੀ ਖੂਬਸੂਰਤ ਸਾਹਿਬਾਂ ਤੇ ਮਿਰਜ਼ੇ ਦੀ ਦੋਸਤੀ ਦੁਨੀਆ ਉੱਪਰ ਸਦਾ ਕਾਇਮ ਰਹੇਗੀ।