ਸਾਹਿਬਾਂ ਪੜ੍ਹੇ ਪੱਟੀਆਂ ……….ਲੈ ਆਏ ਇਸ਼ਕ ਲਿਖਾਇ।
ਮਿਰਜ਼ਾ ਸਾਹਿਬਾਂ : ਪੀਲੂ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ ।
ਵਿੱਚ ਮਸੀਤ ਦੇ ਲਗੀਆਂ, ਜਾਣੇ ਕੁਲ ਜਹਾਨ ।
ਨਾ ਮਾਰ ਕਾਜ਼ੀ ਛਮਕਾਂ, ਨਾ ਤੱਤੀ ਨੂੰ ਤਾਇ ।
ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਇ ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ-ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਮਿਰਜ਼ੇ ਤੇ ਸਾਹਿਬਾਂ ਦੇ ਮਸੀਤ ਵਿੱਚ ਪੜ੍ਹਦਿਆਂ ਪਏ ਪਿਆਰ ਅਤੇ ਸਾਹਿਬਾਂ ਦੀ ਬੇਸੁੱਧ ਕਰ ਦੇਣ ਵਾਲੀ ਸੁੰਦਰਤਾ ਦਾ ਵਰਣਨ ਕੀਤਾ ਹੈ।
ਵਿਆਖਿਆ : ਸਾਹਿਬਾਂ ਮਸੀਤ ਵਿੱਚ ਕਾਜ਼ੀ ਕੋਲੋਂ ਅਜੇ ਫੱਟੀ ਉੱਪਰ ਲਿਖਣਾ ਹੀ ਸਿੱਖਦੀ ਸੀ, ਪਰੰਤੂ ਮਿਰਜ਼ਾ ਕੁਰਾਨ-ਸ਼ਰੀਫ਼ ਪੜ੍ਹਨ ਜੋਗਾ ਹੋ ਗਿਆ ਸੀ। ਇੱਥੇ ਮਸੀਤ ਵਿੱਚ ਪੜ੍ਹਦਿਆਂ ਹੀ ਦੋਹਾਂ ਦਾ ਪਿਆਰ ਪੈ ਗਿਆ ਤੇ ਇਸ ਗੱਲ ਦੀ ਦੁਨੀਆ ਭਰ ਦੇ ਲੋਕਾਂ ਵਿੱਚ ਧੁੰਮ ਪੈ ਗਈ ਸੀ। ਜਦੋਂ ਕਾਜ਼ੀ ਸਾਹਿਬਾਂ ਨੂੰ ਪੜ੍ਹਨ-ਲਿਖਣ ਵਲ ਧਿਆਨ ਨਾ ਦਿੰਦੀ ਦੇਖ ਕੇ ਛਮਕਾਂ ਮਾਰਦਾ ਸੀ, ਤਾਂ ਉਹ ਉਸ ਅੱਗੇ ਤਰਲੇ ਕਰਦੀ ਹੋਈ ਕਹਿੰਦੀ ਸੀ ਕਿ ਉਹ ਉਸ ਨੂੰ ਨਾ ਮਾਰੇ ਤੇ ਇਸ ਪ੍ਰਕਾਰ ਉਸ ਪਹਿਲਾਂ ਹੀ ਇਸ਼ਕ ਹੱਥੋਂ ਦੁਖੀ ਨੂੰ ਹੋਰ ਦੁੱਖ ਨਾ ਦੇਵੇ। ਉਹ ਕਹਿੰਦੀ ਸੀ ਕਿ ਹੁਣ ਉਨ੍ਹਾਂ ਦੀ ਪੜ੍ਹਾਈ-ਲਿਖਾਈ ਰਹਿ ਗਈ ਹੈ ਕਿਉਂਕਿ ਉਨ੍ਹਾਂ ਦੋਹਾਂ ਦੇ ਸਿਰ ਉੱਪਰ ਤਾਂ ਇਸ਼ਕ ਦਾ ਭੂਤ ਸਵਾਰ ਹੋ ਗਿਆ ਹੈ। ਇਸ ਤਰ੍ਹਾਂ ਲਗਦਾ ਹੈ ਕਿ ਉਹ ਧੁਰ ਦਰਗਾਹ ਤੋਂ ਹੀ ਆਪਣੀ ਕਿਸਮਤ ਵਿੱਚ ਇਸ਼ਕ ਲਿਖਾ ਕੇ ਲੈ ਆਏ ਹਨ।