ਸਾਹਿਬਾਂ ਨਾਲ………..ਖਰਲਾਂ ਦਾ ਸਰਦਾਰ
ਮਿਰਜ਼ਾ ਸਾਹਿਬਾਂ : ਪੀਲੂ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਸਾਹਿਬਾਂ ਨਾਲ ਸਹੇਲੀਆਂ, ਕੁੜੀ ਰਿਆਕਾਰ ।
ਘਰ ਬਿੰਝਲ ਦੇ ਮਿਰਜ਼ਾ ਜੰਮਿਆ, ਵਿੱਚ ਕਰੜੇ ਬਾਰ ।
ਜਨਮ ਦਿੱਤੇ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ ।
ਐਸਾ ਮਿਰਜ਼ਾ ਸੂਰਮਾ, ਖਰਲਾਂ ਦਾ ਸਰਦਾਰ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਪੀਲੂ ਦੇ ਕਿੱਸੇ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ-ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਮਿਰਜ਼ੇ ਦੇ ਜਨਮ ਦਾ ਜ਼ਿਕਰ ਕਰਦਾ ਹੈ।
ਵਿਆਖਿਆ : ਪੀਲੂ ਲਿਖਦਾ ਹੈ ਕਿ ਇਧਰ ਤਾਂ ਖੀਵੇ ਖ਼ਾਨ ਦੇ ਘਰ ਸਾਹਿਬਾਂ ਦਾ ਜਨਮ ਹੋਇਆ ਸੀ, ਜੋ ਕਿ ਆਪਣੀਆਂ ਸਹੇਲੀਆਂ ਵਿੱਚ ਝੂਠ-ਤੁਫ਼ਾਨ ਬੋਲਣ ਵਾਲੀ ਤੇ ਮਕਰ ਪਸਾਰਨ ਵਾਲੀ ਦੇ ਰੂਪ ਵਿੱਚ ਮਸ਼ਹੂਰ ਸੀ। ਦੂਜੇ ਪਾਸੇ ਬਿੰਝਲ (ਵੰਝਲ) ਜੱਟ ਦੇ ਘਰ ਕਿੜਾਣਾ ਬਾਰ (ਅੱਜ-ਕਲ੍ਹ ਜ਼ਿਲ੍ਹਾ ਸ਼ਾਹਪੁਰ, ਪਾਕਿਸਤਾਨ) ਵਿੱਚ ਮਿਰਜ਼ੇ ਦਾ ਜਨਮ ਹੋਇਆ। ਮਿਰਜ਼ੇ ਨੂੰ ਜਨਮ ਦੇਣ ਵਾਲੇ ਤਾਂ ਉਸ ਦੇ ਮਾਈ-ਬਾਪ ਸਨ, ਪਰ ਉਸ ਨੂੰ ਸੁੰਦਰ ਰੂਪ ਪਰਮਾਤਮਾ ਨੇ ਦਿੱਤਾ ਸੀ। ਮਿਰਜ਼ਾ ਇਕ ਪ੍ਰਭਾਵਸ਼ਾਲੀ ਸੂਰਮਾ ਸੀ ਅਤੇ ਉਹ ਆਪਣੇ ਖਰਲ ਜਾਤੀ ਦੇ ਜੱਟਾਂ ਦਾ ਸਰਦਾਰ ਸੀ।