ਸਾਰ – ਵਹਿਮੀ ਤਾਇਆ



ਵਹਿਮੀ ਤਾਇਆ : ਸ. ਸੂਬਾ ਸਿੰਘ


‘ਵਹਿਮੀ ਤਾਇਆ’ ਲੇਖ ਸ. ਸੂਬਾ ਸਿੰਘ ਦੀ ਰਚਨਾ ਹੈ। ਇਸ ਵਿੱਚ ਲੇਖਕ ਨੇ ਵਹਿਮਾਂ-ਭਰਮਾਂ ਵਿੱਚ ਫਸੇ ਲੋਕਾਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਹੈ ਕਿ ਹਰੇਕ ਬਿਮਾਰੀ ਦਾ ਇਲਾਜ ਹੋ ਸਕਦਾ ਹੈ ਪਰੰਤੂ ਵਹਿਮ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜਿਵੇਂ ਲੇਖ ਦਾ ਮੁੱਖ ਪਾਤਰ ਮਨਸਾ ਰਾਮ ਆਪਣੇ ਵਹਿਮਾਂ ਕਰਕੇ ਵਹਿਮੀ ਤਾਇਆ ਅਖਵਾਉਣ ਲੱਗਾ। ਸਾਰੇ ਲੇਖ ਵਿੱਚ ਤਾਏ ਨੂੰ ਇੱਕ ਵਹਿਮ ਲੱਥਦਾ ਤੇ ਦੂਜਾ ਚਿੰਬੜ ਜਾਂਦਾ ਹੈ। ਜਦੋਂ ਲੇਖਕ ਤਾਏ ਨੂੰ ਪਹਿਲੀ ਵਾਰ ਮਿਲਿਆ ਤਾਂ ਤਾਏ ਨੇ ਮੂੰਹ ਵਿੱਚ ਥਰਮਾਮੀਟਰ ਪਾਇਆ ਹੋਇਆ ਸੀ ਕਿਉਂਕਿ ਉਸ ਨੂੰ ਬੁਖ਼ਾਰ ਹੋਣ ਦਾ ਵਹਿਮ ਹੋਇਆ ਪਿਆ ਸੀ, ਪਰ ਜਦੋਂ ਲੇਖਕ ਨੇ ਉਸ ਨੂੰ ਵੇਖਿਆ ਤਾਂ ਤਾਏ ਨੂੰ ਕੋਈ ਬੁਖ਼ਾਰ ਨਹੀਂ ਸੀ। ਤਾਇਆ ਇਹ ਮੰਨਣ ਲਈ ਤਿਆਰ ਨਹੀਂ ਸੀ ਤੇ ਲੇਖਕ ਨਾਲ ਉਹ ਲੜਨ ਲੱਗ ਪਿਆ।

ਲੇਖਕ ਇਹ ਵੀ ਦੱਸਦਾ ਹੈ ਕਿ ਤਾਏ ਨੂੰ ਜਦੋਂ ਬੁਖ਼ਾਰ ਦਾ ਵਹਿਮ ਲੱਥਾ ਤਾਂ ਉਸ ਨੂੰ ਹਰ ਬੰਦੇ ਨਾਲ ਬਿਮਾਰੀਆਂ ਦੇ ਕੀਟਾਣੂ ਲੱਗੇ ਹੁੰਦੇ ਹਨ, ਵਾਲ਼ਾ ਵਹਿਮ ਹੋ ਗਿਆ। ਉਹ ਜਦੋਂ ਵੀ ਕਿਸੇ ਬੰਦੇ ਨਾਲ ਹੱਥ ਮਿਲਾਉਂਦਾ ਤਾਂ ਕਿੰਨੀ ਵਾਰ ਸਾਬਣ ਨਾਲ ਹੱਥ ਧੋਂਦਾ। ਜੇ ਕੋਈ ਬੰਦਾ ਉਸ ਦੀ ਕੁਰਸੀ ਜਾਂ ਮੰਜੇ ‘ਤੇ ਬੈਠ ਜਾਂਦਾ ਤਾਂ ਉਹ ਮੰਜੇ ਦੀ ਚਾਦਰ ਨੂੰ ਗਰਮ ਪਾਣੀ ਨਾਲ ਧੋਂਦਾ ‘ਤੇ ਕੁਰਸੀ ਤੇ ਕੀਟਨਾਸ਼ਕ ਪਾਊਡਰ ਛਿੜਕਦਾ। ਤਾਏ ਨੇ ਉਦੋਂ ਹੱਦ ਹੀ ਕਰ ਦਿੱਤੀ ਜਦੋਂ ਉਸ ਨੇ ਗੁਆਂਢੀਆਂ ਦੇ ਮੁੰਡੇ ਨੂੰ ਕਿਸੇ ਦੇ ਚੁੰਮਣ ‘ਤੇ ਸਾਬਣ ਨਾਲ ਰਗੜ-ਰਗੜ ਕੇ ਧੋਣ ਨਾਲ ਉਸ ਦੀਆਂ ਗੱਲ੍ਹਾਂ ਤੇ ਕੰਨਾਂ ਵਿੱਚੋਂ ਖੂਨ ਕੱਢ ਦਿੱਤਾ। ਇੱਥੇ ਹੀ ਬਸ ਨਹੀਂ ਤਾਏ ਨੇ ਕੁੱਤੇ ਦੀ ਪੂਛ ’ਤੇ ਪੈਰ ਆਉਣ ‘ਤੇ ਚੌਦਾਂ ਟੀਕੇ ਲਗਵਾਏ ਤੇ ਘੋੜੇ ਦੀ ਲਿੱਦ ‘ਤੇ ਡਿੱਗਣ ਕਾਰਨ ਟੈਟਨਸ ਦਾ ਟੀਕਾ ਲਗਵਾਇਆ। ਤਾਏ ਨੂੰ ਇਹ ਵੀ ਵਹਿਮ ਹੋ ਜਾਂਦਾ ਹੈ ਜੇਕਰ ਕਿੱਧਰੇ ਹਾਦਸਾ ਹੁੰਦਾ ਤਾਂ ਆਪਣੇ ‘ਤੇ ਮਾਦਰੀ ਪਿੰਡ ਜਾਂ ਮੁਹੱਲੇ ਵਿੱਚੋਂ ਕੋਈ ਨਾ ਕੋਈ ਜਖ਼ਮੀ ਜ਼ਰੂਰ ਹੋਇਆ ਹੋਵੇਗਾ। ਇੱਕ ਵਾਰ ਤਾਏ ਨੇ ਸੁਣਿਆ ਕਿ ਕੋਈ ਬੰਦਾ ਦਿਲ ਦੀ ਧੜਕਣ ਬੰਦ ਹੋਣ ਨਾਲ ਮਰ ਗਿਆ ਤਾਂ ਤਾਇਆ ਆਪਣੇ ਦਿਲ ਦੀ ਹਰਕਤ ਨੂੰ ਜਾਂਚਣ ਲਈ ਸੱਜੀ ਵੱਖੀ ਘੁੱਟ ਰਿਹਾ ਸੀ ਪਰ ਜਦੋਂ ਲੇਖਕ ਨੇ ਉਸ ਨੂੰ ਦੱਸਿਆ ਕਿ ਦਿਲ ਤਾਂ ਖੱਬੇ ਪਾਸੇ ਹੁੰਦਾ ਹੈ ਤਾਂ ਉਸ ਨੂੰ ਕੁਝ ਹੌਂਸਲਾ ਹੋਇਆ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਤਾਏ ਨੂੰ ਇਹਨਾਂ ਵਹਿਮਾਂ ਤੋਂ ਇਲਾਵਾ ਹੋਰ ਵੀ ਬਹੁਤ ਵਹਿਮ ਸਨ, ਮਾਂਦਰੀ ਵੱਲੋਂ ਸਿਰ ਦਾ ਨਾ ਹੋਣਾ, ਤਾਏ ਨੂੰ ਮਾਰਨ ਲਈ ਬੱਕਰੀ ਦੇ ਸਿੰਗਾਂ ‘ਤੇ ਛੁਰੀਆਂ ਬੰਨ੍ਹੀਆਂ ਹੋਈਆਂ ਆਦਿ। ਅੰਤ ਲੇਖਕ ਤਾਏ ਦੇ ਇਹਨਾਂ ਵਹਿਮਾਂ ਤੋਂ ਪਰੇਸ਼ਾਨ ਹੋ ਕੇ ਆਖਦਾ ਹੈ ਕਿ ਕਿਸੇ ਨੇ ਸੱਚ ਹੀ ਕਿਹਾ ਹੈ—ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਕਿਸੇ ਦੇ ਵਹਿਮ ਦਾ ਕੋਈ ਇਲਾਜ ਨਹੀਂ ਹੈ।