ਸਾਰ – ਵਹਿਮੀ ਤਾਇਆ
ਪ੍ਰਸ਼ਨ – ‘ਵਹਿਮੀ ਤਾਇਆ’ ਵਾਰਤਕ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਵਾਰਤਕ ਲੇਖ ‘ਵਹਿਮੀ ਤਾਇਆ’ ਸ. ਸੂਬਾ ਸਿੰਘ ਦੁਆਰਾ ਲਿਖਿਆ ਹੋਇਆ ਹੈ। ਇਸ ਲੇਖ ਵਿੱਚ ਲੇਖਕ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਕਈ ਲੋਕ ਸਾਰੀ ਉਮਰ ਹੀ ਵਹਿਮਾਂ – ਭਰਮਾਂ ਵਿੱਚ ਫਸੇ ਰਹਿੰਦੇ ਹਨ।
ਉਹ ਨਿੱਕੀ ਤੋਂ ਨਿੱਕੀ ਗੱਲ ਉੱਪਰ ਵਹਿਮ ਕਰਕੇ ਆਪਣੀ ਜ਼ਿੰਦਗੀ ਨੂੰ ਨੀਰਸ ਬਣਾ ਲੈਂਦੇ ਹਨ। ਇਸ ਵਾਰਤਕ ਲੇਖ ਦਾ ਸਾਰ ਹੇਠ ਲਿਖੇ ਅਨੁਸਾਰ ਹੈ।
ਵਧੇਰੇ ਵਹਿਮੀ ਹੋਣ ਕਰਕੇ ਸਾਰਾ ਮੁਹੱਲਾ ਤਾਇਆ ਮਨਸਾ ਰਾਮ ਨੂੰ ‘ਵਹਿਮੀ ਤਾਇਆ’ ਆਖਦਾ ਹੈ। ਤਾਏ ਨੂੰ ਸ਼ੁਰੂ ਤੋਂ ਹੀ ਵਹਿਮਾਂ ਨਾਲ ਬਹੁਤ ਪਿਆਰ ਹੈ। ਲੇਖਕ ਜਦੋਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ ਤਾਂ ਤਾਇਆ ਇੱਕ ਦੁਕਾਨ ਵਿੱਚ ਬੈਠਾ ਹੋਇਆ ਸੀ।
ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਤੇ ਅਤੇ ਮੂੰਹ ਵਿੱਚ ਥਰਮਾਮੀਟਰ ਸੀ। ਤਾਏ ਨੂੰ ਵਹਿਮ ਸੀ ਕਿ ਉਸ ਨੂੰ ਬੁਖ਼ਾਰ ਹੈ। ਪਰ ਲੇਖਕ ਨੇ ਤਾਏ ਨੂੰ ਦੱਸਿਆ ਕਿ ਉਸ ਨੂੰ ਕੋਈ ਬੁਖ਼ਾਰ ਨਹੀਂ। ਬੱਸ ਐਵੇਂ ਵਹਿਮ ਹੀ ਹੈ। ਪਰ ਤਾਇਆ ਲੇਖਕ ਦੀ ਗੱਲ ਤੋਂ ਗੁੱਸੇ ਹੋ ਉਸ ਨੂੰ ਬੋਲਣ ਲੱਗ ਪਿਆ।
ਇੱਕ ਵਾਰੀ ਤਾਏ ਮਨਸਾ ਰਾਮ ਨੂੰ ਇਹ ਵਹਿਮ ਲੱਗ ਗਿਆ ਕਿ ਬੀਮਾਰੀ ਦੇ ਕੀਟਾਣੂੰ ਹਰ ਇੱਕ ਦੇ ਸਰੀਰ ਨਾਲ਼ ਜੁੜੇ ਰਹਿੰਦੇ ਹਨ।
ਉਸ ਨੇ ਜਦੋਂ ਵੀ ਕਿਸੇ ਵਿਅਕਤੀ ਨੂੰ ਮਿਲਣਾ ਤਾਂ ਅੱਧਾ – ਅੱਧਾ ਘੰਟਾ ਸਾਬਣ ਨਾਲ਼ ਹੀ ਹੱਥ ਧੋਈ ਜਾਣੇ। ਜੇਕਰ ਕਿਸੇ ਵਿਅਕਤੀ ਨੇ ਉਸ ਦੇ ਮੰਜੇ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਤਾਏ ਨੇ ਮੰਜੇ ਉੱਪਰ ਵਿਛੀ ਚਾਦਰ ਨੂੰ ਗਰਮ ਪਾਣੀ ਨਾਲ਼ ਧੋਣਾ, ਮੰਜੇ ਨੂੰ ਧੁੱਪੇ ਰੱਖ ਕੇ ਸੋਟੀਆਂ ਮਾਰਨੀਆਂ।
ਉਸ ਨੇ ਆਉਣ ਵਾਲਿਆਂ ਪ੍ਰਤੀ ਆਪਣਾ ਗਿਲਾ ਕਰਦਿਆਂ ਹੀ ਬੁੜਬੁਆਉਣਾ ਕਿ ਆਪਣੇ ਕੀਟਾਣੂੰ ਏਥੇ ਝਾੜ ਕੇ ਆਪ ਤੁਰਦੇ ਬਣੇ ਹਨ। ਕੁਰਸੀ ਨੂੰ ਵੀ ਉਬਲਦੇ ਪਾਣੀ ਨਾਲ਼ ਧੋ ਕੇ ਉਸ ਉੱਪਰ ਕਿਰਮ ਨਾਸ਼ਕ ਪਾਉਡਰ ਪਾਉਣਾ।
ਇੱਕ ਵਾਰੀ ਤਾਏ ਮਨਸਾ ਰਾਮ ਦੇ ਕੋਲ ਗੁਆਂਢੀਆਂ ਦਾ ਬੱਚਾ ਖੇਡ ਰਿਹਾ ਸੀ। ਜਦੋਂ ਉਸ ਬੱਚੇ ਦੇ ਕਿਸੇ ਮੁਲਾਕਾਤੀ ਨੇ ਉਸ ਨੂੰ ਚੁੰਮਿਆ ਤਾਂ ਤਾਏ ਨੇ ਉਸ ਬੱਚੇ ਨੂੰ ਫੜ ਕੇ ਸਾਬਣ ਲਾ – ਲਾ ਕੇ ਉਸ ਨੂੰ ਰਗੜ ਸੁੱਟਿਆ।
ਬੱਚੇ ਦੇ ਗੱਲ੍ਹਾਂ ਅਤੇ ਕੰਨਾਂ ਵਿੱਚੋਂ ਖ਼ੂਨ ਨਿਕਲ ਪਿਆ। ਜਦੋਂ ਬੱਚੇ ਦੇ ਚਾਚੇ – ਤਾਏ ਲਾਠੀਆਂ ਚੁੱਕ ਕੇ ਆ ਗਏ ਤੇ ਉਸ ਨੂੰ ਇਸ ਹਰਕਤ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਉਸ ਨੂੰ ਕੀਟਾਣੂੰ ਰਹਿਤ ਕਰ ਰਿਹਾ ਸੀ।
ਤਾਏ ਮਨਸਾ ਰਾਮ ਦਾ ਇੱਕ ਵਹਿਮ ਮੱਠਾ ਪੈਂਦਾ ਤਾਂ ਦੂਸਰਾ ਜ਼ੋਰ ਫੜ ਲੈਂਦਾ। ਇੱਕ ਦਿਨ ਤਾਏ ਦਾ ਪੈਰ ਕੁੱਤੇ ਦੀ ਪੂੰਛ ਉੱਪਰ ਰੱਖ ਹੋ ਗਿਆ। ਉਸ ਵਕਤ ਉਹ ਕਿਸ਼ਨੇ ਹਲਵਾਈ ਕੋਲ ਚਾਹ ਪੀ ਰਿਹਾ ਸੀ।
ਤਾਏ ਨੂੰ ਵਹਿਮ ਹੋ ਗਿਆ ਕਿ ਭਾਵੇਂ ਉਸ ਨੂੰ ਕੁੱਤੇ ਨੇ ਦੰਦ ਨਹੀਂ ਲਾਇਆ, ਪਰ ਇਸ ਜਾਨਵਰ ਦੀ ਹਵਾੜ ਵੀ ਤਾਂ ਮਾੜੀ ਹੈ ਅਤੇ ਅੱਜਕਲ੍ਹ ਦੇ ਕੁੱਤੇ ਤਾਂ ਦੰਦ ਲਾਏ ਬਿਨਾਂ ਵੀ ਕੱਟ ਲੈਂਦੇ ਹਨ।
ਇਸੇ ਵਹਿਮ ਦਾ ਸ਼ਿਕਾਰ ਹੋ ਕੇ ਤਾਏ ਨੇ ਵੱਖੀ ਵਿੱਚ ਚੌਦਾਂ ਟੀਕੇ ਲਗਵਾਏ। ਉਹ ਹਰ ਛੋਟੇ ਤੋਂ ਛੋਟੇ ਕੁੱਤੇ ਤੋਂ ਵੀ ਡਰਦਾ ਕਿ ਕਿਤੇ ਉਸ ਨੂੰ ਉਹ ਮੁੜ ਕੇ ਵੱਢ ਹੀ ਨਾ ਲਵੇ।
ਇੱਕ ਦਿਨ ਤਾਇਆ ਮਨਸਾ ਰਾਮ ਅੱਧੀ ਰਾਤ ਨੂੰ ਲੇਖਕ ਦੇ ਘਰ ਪਹੁੰਚ ਗਿਆ। ਲੇਖਕ ਦੁਆਰਾ ਪੁੱਛਣ ‘ਤੇ ਤਾਏ ਨੇ ਦੱਸਿਆ ਕਿ ਘੋੜਿਆਂ ਦੀ ਲਿੱਦ ਕਾਰਨ ਡਿੱਗਣ ‘ਤੇ ਉਸ ਦੇ ਗੋਡੇ ਦੀ ਚੱਪਣੀ ਟੁੱਟ ਗਈ ਹੈ।
ਟੈਟਨਸ ਦਾ ਟੀਕਾ ਲਗਵਾਉਣ ਲਈ ਉਹ ਡਾਕਟਰ ਦੇ ਘਰ ਰਾਤ ਨੂੰ ਹੀ ਪਹੁੰਚ ਗਏ। ਬੜੀ ਹੀ ਮੁਸ਼ਕਿਲ ਨਾਲ਼ ਇੱਕ ਡਾਕਟਰ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਤਾਏ ਦੇ ਟੀਕਾ ਲਗਾਇਆ। ਸੱਠ ਰੁਪਏ ਰਾਤ ਜਗਾਈ ਦੀ ਖੇਚਲ ਅਤੇ ਦਵਾਈ ਦੇ ਕੇ ਤਾਏ ਨੂੰ ਚੇਨ ਆਇਆ।
ਤਾਏ ਦੇ ਨਿੱਕੇ ਮੋਟੇ ਵਹਿਮਾਂ ਦਾ ਕੋਈ ਅੰਤ ਨਹੀਂ। ਜੇਕਰ ਕਿਧਰੇ ਕੋਈ ਅਖ਼ਬਾਰ ਵਿੱਚ ਦੁਰਘਟਨਾ ਬਾਰੇ ਪੜ੍ਹ ਲੈਂਦਾ ਤਾਂ ਕਹਿੰਦਾ ਕਿ ਮੈਂ ਤਾਂ ਕਿਹਾ ਸੀ ਕਿ ਪਾਥੀਆਂ ਵਾਲਾ ਗੱਡਾ ਅੱਗਿਓਂ ਮਿਲਿਆ ਸੀ।
ਉਸ ਨੂੰ ਕਿਹਾ ਸੀ ਕਿ ਸਫ਼ਰ ‘ਤੇ ਨਾ ਜਾਹ, ਪਤਾ ਨਹੀਂ ਉਹ ਬਚਿਆ ਵੀ ਹੋਣਾ ਕਿ ਨਹੀਂ। ਉਸ ਨੂੰ ਇਹ ਵਹਿਮ ਸੀ ਕਿ ਹਾਦਸਾ ਕਿਤੇ ਵੀ ਹੋਇਆ ਹੋਵੇ ਆਪਣੇ ਪਿੰਡ ਵਿੱਚੋਂ ਜਾਂ ਮੁਹੱਲੇਦਾਰਾਂ ਵਿੱਚੋਂ ਕੋਈ ਨਾ ਕੋਈ ਜ਼ਖ਼ਮੀ ਜ਼ਰੂਰ ਹੋਇਆ ਹੋਵੇਗਾ।
ਮਨਸਾ ਰਾਮ ਸਰੀਰ ਪੱਖੋਂ ਤਕੜਾ ਹੈ ਅਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਪੋਤੇ – ਪੋਤੀਆਂ ਸੱਭ ਕਹਿਣੇਕਾਰ ਹਨ, ਪਰ ਜਦੋਂ ਉਸ ਨੂੰ ਪੁੱਛਿਆ ਜਾਵੇ ਤਾਂ ਉਹ ਅੱਗਿਓਂ ਕਈ ਬੀਮਾਰੀਆਂ ਦੇ ਨਾਂ ਗਿਣਾ ਦਿੰਦਾ। ਵਹਿਮਾਂ – ਭਰਮਾਂ ਬਾਰੇ ਜ਼ਿਕਰ ਕਰਦਾ ਰਹਿੰਦਾ।
ਇੱਕ ਵਾਰੀ ਤਾਇਆ ਮਨਸਾ ਰਾਮ ਦੇ ਬਹੁਤ ਜ਼ਿਆਦਾ ਕਹਿਣ ‘ਤੇ ਲੇਖਕ ਉਸ ਨੂੰ ਮਾਂਦਰੀ ਕੋਲ ਲੈ ਗਿਆ। ਉਸ ਮਾਂਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਏ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਆਦਮੀ ਦਾ ਸਿਰ ਨਹੀਂ ਹੈ।
ਜਦੋਂ ਉਸ ਨੇ ਤਾਏ ਕੋਲੋਂ ਇਸ ਬਾਰੇ ਪੁੱਛਿਆ ਤਾਂ ਤਾਏ ਨੇ ਵੀ ਕਹਿ ਦਿੱਤਾ ਕਿ ਹਾਂ ਸਿਰ ਨਹੀਂ ਹੈ। ਲੇਖਕ ਨੇ ਗੁੱਸੇ ਹੋ ਕੇ ਤਾਏ ਨੂੰ ਕਿਹਾ ਕਿ ਜੇਕਰ ਉਸ ਦਾ ਸਿਰ ਨਹੀਂ ਹੈ ਤਾਂ ਉਸ ਨੇ ਪੱਗ ਕਿੱਥੇ ਬੰਨ੍ਹੀ ਹੋਈ ਹੈ ?
ਇੱਕ ਦਿਨ ਤਾਇਆ ਮਨਸਾ ਰਾਮ ਲੇਖਕ ਕੋਲ਼ ਆ ਕੇ ਕਹਿਣ ਲੱਗਾ ਕਿ ਉਹ ਉਸ ਨੂੰ ਕਿੱਧਰੇ ਹੋਰ ਲੈ ਚਲੇ। ਲੇਖਕ ਦੇ ਪੁੱਛਣ ‘ਤੇ ਤਾਏ ਨੇ ਭਾਰੀ ਆਵਾਜ਼ ਵਿੱਚ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਕਿਉਂਕਿ ਗੁਆਂਢੀਆਂ ਦੇ ਸ਼ਿੰਗਾਰੂ ਹੋਰਾਂ ਨੇ ਸਿੰਗ ਮਾਰਨ ਵਾਲੀ ਬੱਕਰੀ ਉਸ ਦੇ ਮਗਰ ਲਗਾਈ ਹੋਈ ਹੈ।
ਉਸ ਦੇ ਸਿੰਗਾਂ ਨਾਲ ਉਨ੍ਹਾਂ ਨੇ ਛੁਰੀਆਂ ਵੀ ਬੰਨ੍ਹੀਂਆਂ ਹੋਈਆਂ ਹਨ। ਪਰ ਲੇਖਕ ਦੇ ਲੱਖ ਵਾਰੀ ਸਮਝਾਉਣ ਦੇ ਬਾਵਜੂਦ ਵੀ ਤਾਇਆ ਨਹੀਂ ਮੰਨਿਆ ਕਿਉਂਕਿ ਵਹਿਮ ਦੀ ਬੀਮਾਰੀ ਦਾ ਇਲਾਜ ਕੋਈ ਨਹੀਂ ਕਰ ਸਕਦਾ।