CBSEclass 11 PunjabiEducationPunjab School Education Board(PSEB)

ਸਾਰ – ਰਾਜਾ ਰਸਾਲੂ

ਪ੍ਰਸ਼ਨ . ‘ਰਾਜਾ ਰਸਾਲੂ’ ਦੰਤ – ਕਥਾ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਪੂਰਨ ਭਗਤ ਦੇ ਅਸ਼ੀਰਵਾਦ ਨਾਲ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਲੋਕ – ਬੀਰ ਰਸਾਲੂ ਦਾ ਜਨਮ ਹੋਇਆ। ਜੋਤਸ਼ੀਆਂ ਨੇ ਰਾਜੇ ਨੂੰ ਬਾਰ੍ਹਾਂ ਵਰ੍ਹੇ ਤਕ ਰਸਾਲੂ ਦਾ ਮੂੰਹ ਵੇਖਣਾ ਅਸ਼ੁੱਭ ਦੱਸਿਆ, ਜਿਸ ਕਰਕੇ ਰਸਾਲੂ ਨੂੰ ਵੀ ਪੂਰਨ ਵਾਂਗ ਇਕ ਭੋਰੇ ਵਿਚ ਰੱਖਣ ਦਾ ਪ੍ਰਬੰਧ ਕੀਤਾ।

ਰਸਾਲੂ ਦੇ ਜਨਮ ਵਾਲੇ ਦਿਨ ਹੀ ਸਲਵਾਨ ਦੇ ਅਸਤਬਲ ਵਿਚ ਇਕ ਵਛੇਰਾ ਜੰਮਿਆ ਸੀ, ਜਿਸ ਦਾ ਨਾਂ ‘ਫ਼ੌਲਾਦੀ’ ਰੱਖਿਆ ਗਿਆ ਸੀ। ਸ਼ਾਹੀ ਬਾਗ਼ ਵਿਚ ਉਸੇ ਦਿਨ ਇਕ ਤੋਤਾ ਵੀ ਜੰਮਿਆ ਸੀ। ਇਹ ਵਛੇਰਾ ਅਤੇ ਤੋਤਾ ਰਸਾਲੂ ਦੇ ਬਚਪਨ ਦੇ ਸਾਥੀ ਬਣੇ ਤੇ ਇਹ ਦੋਵੇਂ ਰਸਾਲੂ ਦੇ ਜੀਵਨ – ਸੰਘਰਸ਼ ਵਿਚ ਸਦਾ ਉਸ ਦੇ ਨਾਲ ਰਹੇ।

ਰਸਾਲੂ ਸ਼ੁਰੂ ਤੋਂ ਅਜ਼ਾਦ ਸੁਭਾਅ ਵਾਲਾ ਸੀ। ਇਸ ਕਰਕੇ ਉਹ ਗਿਆਰ੍ਹਵੇਂ ਵਰ੍ਹੇ ਵਿਚ ਹੀ ਭੋਰੇ ਤੋਂ ਬਾਹਰ ਆ ਗਿਆ। ਉਸ ਨੂੰ ਭੋਰੇ ਤੋਂ ਬਾਹਰ ਦਾ ਖੁੱਲ੍ਹਾ ਜਹਾਨ ਬਹੁਤ ਚੰਗਾ ਲੱਗਾ। ਰਸਾਲੂ ਸੁੰਦਰ ਤੇ ਜਵਾਨ ਸੀ। ਉਸ ਦੀ ਇਕ ਤੱਕਣੀ ਹੀ ਅਗਲੇ ਨੂੰ ਕੀਲ ਲੈਂਦੀ ਸੀ। ਪਹਿਲੇ ਦਿਨ ਹੀ ਜਦੋਂ ਉਹ ਇਕ ਨਦੀ ਵਿਚ ਇਸ਼ਨਾਨ ਕਰਨ ਗਿਆ ਤਾਂ ਚੰਦਨ ਦੇਈ ਨਾਂ ਦੀ ਇਕ ਰਾਜਕੁਮਾਰੀ ਉਸ ਵਲ ਖਿੱਚੀ ਗਈ।

ਰਸਾਲੂ ਸੰਜਮੀ ਵੀ ਸੀ, ਇਸ ਕਰਕੇ ਸੁੰਦਰਤਾ ਦੀ ਖਿੱਚ ਜਾਂ ਕੋਈ ਲਾਲਚ ਉਸ ਨੂੰ ਬੰਨ੍ਹ ਨਹੀਂ ਸਕਦੇ। ਕੁੱਝ ਦਿਨਾਂ ਪਿੱਛੋਂ ਹੀ ਰਸਾਲੂ ਦੀ ਸ਼ਿਕਾਇਤ ਰਾਜੇ ਸਲਵਾਨ ਕੋਲ ਪਹੁੰਚੀ ਕਿ ਉਹ ਪਾਣੀ ਭਰਨ ਆਈਆਂ ਕੁੜੀਆਂ ਦੇ ਘੜੇ ਗੁਲੇਲ ਨਾਲ ਤੋੜ ਦਿੰਦਾ ਹੈ। ਜੋਤਸ਼ੀਆਂ ਦੇ ਆਖਣ ਅਨੁਸਾਰ ਰਾਜੇ ਨੇ ਬਾਰ੍ਹਾਂ ਸਾਲ ਤੋਂ ਪਹਿਲਾਂ ਰਸਾਲੂ ਦਾ ਮੂੰਹ ਨਹੀਂ ਸੀ ਵੇਖਣਾ, ਇਸ ਕਰਕੇ ਉਸ ਨੇ ਹੁਕਮ ਦਿੱਤਾ ਕਿ ਕੁੜੀਆਂ ਨੂੰ ਪਾਣੀ ਭਰਨ ਲਈ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗਾਗਰਾਂ ਦਿੱਤੀਆਂ ਜਾਣ। ਤਦ ਰਸਾਲੂ ਨੇ ਫੌਲਾਦ ਦੇ ਤੀਰਾਂ ਨਾਲ ਗਾਗਰਾਂ ਦੇ ਨਿਸ਼ਾਨੇ ਵਿੰਨ੍ਹਣੇ ਸ਼ੁਰੂ ਕਰ ਦਿੱਤੇ। ਰਾਜੇ ਨੇ ਰਸਾਲੂ ਨੂੰ ਦਰਬਾਰ ਵਿੱਚ ਬੁਲਾਇਆ ਤੇ ਦੇਸ਼ ਨਿਕਾਲਾ ਦੇ ਦਿੱਤਾ। ਇਹ ਉਹੋ ਦਿਨ ਸੀ, ਜਦੋਂ ਬਾਰ੍ਹਾਂ ਵਰ੍ਹਿਆਂ ਪਿੱਛੋਂ ਰਸਾਲੂ ਨੇ ਆਪਣੇ ਪਿਤਾ ਨੂੰ ਪਹਿਲੀ ਵਾਰੀ ਮਿਲਣਾ ਸੀ।

ਰਸਾਲੂ ਨੇ ਉਸੇ ਰਾਤ ਸ਼ਹਿਰ ਛੱਡ ਦਿੱਤਾ। ਉਸ ਦੇ ਨਾਲ ਫ਼ੌਲਾਦੀ ਨਾਂ ਦਾ ਘੋੜਾ ਤੇ ਤੋਤਾ ਸਨ। ਪਹਿਲੀ ਰਾਤ ਉਸ ਦੇ ਨਾਲ ਹੋਰ ਸਾਥੀ ਵੀ ਸਨ। ਪਰ ਇਕ ਰਾਤ ਦੀਆਂ ਔਂਕੜਾਂ ਪਿੱਛੋਂ ਹੀ ਉਸ ਨੇ ਵੇਖ ਲਿਆ ਕਿ ਸ਼ੇਰ ਨਾਲ ਗਿੱਦੜਾਂ ਦਾ ਸਾਥ ਨਹੀਂ ਨਿਭਣਾ, ਇਸ ਕਰਕੇ ਉਸ ਨੇ ਦੋਹਾਂ ਸਾਥੀਆਂ ਨੂੰ ਵਾਪਸ ਭੇਜ ਦਿੱਤਾ।

ਲੰਮੇ ਸਫ਼ਰ ਝਾਗਦਾ ਰਸਾਲੂ ਗੁਜਰਾਤ ਦੇ ਇਲਾਕੇ ਵਲ ਚਲਾ ਗਿਆ। ਇਕ ਦਿਨ ਰਾਹ ਵਿੱਚ ਉਸ ਨੇ ਇਕ ਨਾਗ ਮੂਧਾ ਪਿਆ ਵੇਖਿਆ। ਨਾਗ ਦੀਆਂ ਅੱਖਾਂ ਵਿਚ ਰੇਤ ਪੈਣ ਕਰਕੇ ਉਹ ਬੜੀ ਤਕਲੀਫ਼ ਵਿਚ ਸੀ। ਰਸਾਲੂ ਨੇ ਉਸ ਦੀਆਂ ਅੱਖਾਂ ਵਿੱਚੋਂ ਰੇਤ ਕੱਢੀ ਅਤੇ ਉਹ ਉਸ ਦਾ ਮਿੱਤਰ ਬਣ ਗਿਆ। ਨਾਗ ਨੇ ਉਸ ਨੂੰ ਇਕ ਮਣੀ ਦਿੱਤੀ, ਜਿਹੜੀ ਹਰ ਤਰ੍ਹਾਂ ਦਾ ਜ਼ਹਿਰ ਚੂਸ ਲੈਂਦੀ ਸੀ।

ਰਸਾਲੂ ਨੂੰ ਜਿੱਥੇ ਕਿਤੇ ਵੀ ਜ਼ੁਲਮ ਦਾ ਪਤਾ ਲਗਦਾ ਉਹ ਉੱਥੇ ਪਹੁੰਚ ਜਾਂਦਾ ਅਤੇ ਜ਼ਾਲਮ ਨੂੰ ਮਾਰ ਮੁਕਾਉਂਦਾ। ਇਕ ਵਾਰ ਉਹ ਸੂਆਂ ਦੇ ਹਰੇ – ਭਰੇ ਇਲਾਕੇ ਵਿੱਚ ਰਾਜਾ ਹਰੀ ਚੰਦ ਦੇ ਰਾਜ ਵਿੱਚ ਪੁੱਜਾ। ਇਕ ਸ਼ਾਮ ਹਰੀ ਚੰਦ ਦੀ ਧੀ ਸਰੂਪਾਂ ਸਹੇਲੀਆਂ ਨਾਲ ਬਾਗ਼ ਵਿਚ ਖੇਡ ਰਹੀ ਸੀ। ਰਸਾਲੂ ਸਰੂਪਾਂ ਨੂੰ ਦੇਖ ਕੇ ਉਸ ‘ਤੇ ਮੋਹਿਤ ਹੋ ਗਿਆ ਤੇ ਜਦੋਂ ਰਸਾਲੂ ਰਾਜੇ ਹਰੀ ਚੰਦ ਦੇ ਸ਼ਹਿਰ ਪੁੱਜਾ, ਤਾਂ ਪਤਾ ਲੱਗਾ ਕਿ ਰਾਜੇ ਨੇ ਸਰੂਪਾਂ ਦਾ ਵਿਆਹ ਉਸ ਸੂਰਬੀਰ ਨਾਲ ਕਰਨ ਦਾ ਐਲਾਨ ਕੀਤਾ ਹੈ, ਜਿਹੜਾ ਇਕ ਖ਼ਾਸ ਯੰਤਰ ਵਿਚ ਤੀਰ ਮਾਰ ਕੇ ਸੁਨਹਿਰੀ ਮੱਛਲੀ ਨੂੰ ਫੁੰਡੇਗਾ।

ਰਸਾਲੂ ਨੇ ਆਪਣੇ ਤੀਰ ਨਾਲ ਸੁਨਹਿਰੀ ਮੱਛਲੀ ਨੂੰ ਫੁੰਡ ਦਿੱਤਾ। ਰਾਜੇ ਹਰੀ ਚੰਦ ਨੇ ਰਸਾਲੂ ਨੂੰ ਬੜੇ ਆਦਰ ਨਾਲ ਬੁਲਾਇਆ ਅਤੇ ਆਪਣੀ ਧੀ ਦਾ ਵਿਆਹ ਕਰਨਾ ਮੰਨ ਲਿਆ। ਅਜੇ ਰਸਾਲੂ ਨਾਲ ਸਰੂਪਾਂ ਦੀ ਮੰਗਣੀ ਹੀ ਹੋਈ ਸੀ ਕਿ ਰਸਾਲੂ ਨੂੰ ਪਤਾ ਲੱਗਾ ਕਿ ਉਹ ਸੁਨਿਆਰੇ ਦੇ ਇਕ ਲੜਕੇ ਨੂੰ ਪਿਆਰ ਕਰਦੀ ਹੈ। ਰਸਾਲੂ ਨੇ ਰਾਜੇ ਹਰੀ ਚੰਦ ਨੂੰ ਸਮਝਾ ਕੇ ਸਰੂਪਾਂ ਦਾ ਵਿਆਹ ਸੁਨਿਆਰੇ ਨਾਲ ਕਰਵਾ ਦਿੱਤਾ।

ਹੁਣ ਰਸਾਲੂ ਅੱਗੇ ਤੁਰ ਪਿਆ ਤੇ ਆਪਣੇ ਰਾਹ ਵਿੱਚ ਆਉਂਦੇ ਕਈ ਰਾਕਸ਼ਾਂ ਅਤੇ ਨਾਗਾਂ ਦਾ ਨਾਸ਼ ਕੀਤਾ। ਇਸ ਸਮੇਂ ਉਸ ਨੂੰ ਖ਼ਬਰ ਮਿਲੀ ਕਿ ਰਾਜਾ ਸਿਰਕੱਪ ਲੋਕਾਂ ਉੱਤੇ ਬਹੁਤ ਜ਼ੁਲਮ ਕਰ ਰਿਹਾ ਹੈ। ਸਿਰਕੱਪ ਦੇ ਸ਼ਹਿਰ ਜਾਂਦਿਆਂ ਰਾਹ ਵਿੱਚ ਉਸ ਨੇ ਇਕ ਤਾਜ਼ੀ ਲਾਸ਼ ਵੇਖੀ। ਰਸਾਲੂ ਨੇ ਕਬਰ ਪੁੱਟ ਕੇ ਉਸ ਨੂੰ ਦਫ਼ਨਾਉਣਾ ਚਾਹਿਆ। ਪਰ ਉਸ ਵੇਲੇ ਲਾਸ਼ ਬੋਲ ਪਈ।

ਲਾਸ਼ ਸਿਰਕੱਪ ਦੇ ਭਰਾ ਸਿਰਮੁੱਖ ਦੀ ਸੀ। ਉਸ ਨੇ ਦੱਸਿਆ ਕਿ ਰਾਜਾ ਸਿਰਕੱਪ ਕਪਟੀ ਰਾਜਾ ਹੈ। ਉਹ ਸਿਰਾਂ ਦੀ ਬਾਜ਼ੀ ਲਾ ਕੇ ਚੌਪੜ ਖੇਡਦਾ ਹੈ ਤੇ ਹੇਰਾ – ਫੇਰੀ ਨਾਲ ਚੌਪੜ ਜਿੱਤ ਕੇ ਹਾਰਨ ਵਾਲੇ ਨੂੰ ਮਾਰ ਦਿੰਦਾ ਹੈ। ਇਸ ਮਾਮਲੇ ਵਿਚ ਉਸ ਨੇ ਆਪਣੇ ਭਰਾ ਸਿਰਮੁੱਖ ਦਾ ਵੀ ਲਿਹਾਜ ਨਹੀਂ ਕੀਤਾ ਅਤੇ ਉਸ ਦਾ ਰਾਜ ਹੜੱਪ ਲਿਆ ਹੈ। ਲਾਸ਼ ਨੇ ਦੱਸਿਆ ਕਿ ਸਿਰਕੱਪ ਕੋਲ ਇੱਕ ਚੂਹਾ ਹੈ, ਜਿਹੜਾ ਚੌਪੜ ਖੇਡਣ ਸਮੇਂ ਉਸ ਦੀ ਮੱਦਦ ਕਰਦਾ ਹੈ। ਜੇ ਰਸਾਲੂ ਆਪਣੇ ਨਾਲ ਬਿੱਲੀ ਲੈ ਜਾਵੇ, ਤਾਂ ਚੂਹਾ ਡਰਦਾ ਮਾਰਾ ਬਾਹਰ ਹੀ ਨਹੀਂ ਆਵੇਗਾ। ਉਸ ਨੇ ਇਹ ਵੀ ਕਿਹਾ ਕਿ ਸਿਰਕੱਪ ਨਾਲ ਚੌਪੜ ਖੇਡਦਿਆਂ ਉਹ ਪਾਸਾ ਆਪਣਾ ਵਰਤੇ। ਇਹ ਸੁਣ ਕੇ ਰਸਾਲੂ ਸਿਰਕੱਪ ਦਾ ਖ਼ਾਤਮਾ ਕਰਨ ਲਈ ਉਸ ਦੇ ਸ਼ਹਿਰ ਵਲ ਚਲ ਪਿਆ।

ਰਾਜਾ ਸਿਰਕੱਪ ਦੇ ਸ਼ਹਿਰ ਦੇ ਬਾਹਰ ਇਕ ਘੁਮਿਆਰ ਦਾ ਘਰ ਸੀ। ਉਸ ਵੇਲੇ ਘੁਮਿਆਰ ਨੇ ਆਪਣੇ ਆਵੇ ਨੂੰ ਪਕਾਉਣ ਲਈ ਅੱਗ ਲਾਈ ਸੀ। ਆਵੇ ਦੇ ਆਲੇ – ਦੁਆਲੇ ਇਕ ਬਿੱਲੀ ਰੋਂਦੀ ਫਿਰਦੀ ਸੀ ਕਿਉਂਕਿ ਉਸ ਦੇ ਬਲੂੰਗੜੇ ਆਵੇ ਵਿਚ ਸਨ। ਰਸਾਲੂ ਨੂੰ ਬੜਾ ਤਰਸ ਆਇਆ। ਘੁਮਿਆਰ ਨੇ ਦੱਸਿਆ ਕਿ ਜੇ ਉਹ ਹੁਣ ਅੱਗ ਬੁਝਾਵੇਗਾ, ਤਾਂ ਬਲੂੰਗੜੇ ਤਾਂ ਬਚ ਸਕਦੇ ਹਨ, ਪਰ ਉਸ ਦੇ ਸਾਰੇ ਭਾਂਡੇ ਤਬਾਹ ਹੋ ਜਾਣਗੇ। ਰਸਾਲੂ ਨੇ ਘੁਮਿਆਰ ਨੂੰ ਭਾਂਡਿਆਂ ਦੀ ਕੀਮਤ ਦੇ ਕੇ ਅੱਗ ਬੁਝਵਾ ਦਿੱਤੀ।

ਆਪਣੇ ਬੱਚੇ ਬਚਾਉਣ ਦੀ ਖੁਸ਼ੀ ਵਿੱਚ ਬਿੱਲੀ ਨੇ ਇਕ ਬਲੂੰਗੜਾ ਰਸਾਲੂ ਨੂੰ ਦਿੱਤਾ ਤੇ ਉਹ ਬਲੂੰਗੜੇ ਨੂੰ ਲੈ ਕੇ ਰਾਜਾ ਸਿਰਕੱਪ ਦੀ ਨਗਰੀ ਵਿਚ ਪੁੱਜਾ। ਸਿਰਕੱਪ ਨੂੰ ਉਸ ਦੇ ਸੂਹੀਆਂ ਨੇ ਰਸਾਲੂ ਦੇ ਆਉਣ ਵਾਰੇ ਦੱਸ ਦਿੱਤਾ ਸੀ। ਉਸ ਨੇ ਰਸਾਲੂ ਦੇ ਰਾਹ ਵਿੱਚ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਨਿਸਫਲ। ਰਾਜੇ ਸਿਰਕੱਪ ਦੇ ਮਹਿਲੀਂ ਪਹੁੰਚ ਕੇ ਉਸ ਨੇ ਉਸ ਨੂੰ ਚੌਪੜ ਖੇਡਣ ਲਈ ਲਲਕਾਰਿਆ। ਸਿਰਕੱਪ ਨੇ ਰਸਾਲੂ ਨੂੰ ਕਿਹਾ ਕਿ ਉਹ ਇਕ ਦਿਨ ਅਰਾਮ ਕਰੇ। ਅਗਲੇ ਦਿਨ ਚੌਪੜ ਖੇਡਣਗੇ।

ਸਿਰਕੱਪ ਨੇ ਰਸਾਲੂ ਨੂੰ ਜ਼ਹਿਰੀਲੀ ਹਵਾੜ ਵਾਲੇ ਕਮਰੇ ਵਿਚ ਠਹਿਰਾਇਆ। ਰਸਾਲੂ ਨੇ ਬਾਸ਼ਕ ਨਾਗ ਦੀ ਦਿੱਤੀ ਮਣੀ ਬਾਹਰ ਕੱਢ ਕੇ ਰੱਖੀ, ਜਿਸ ਨੇ ਸਾਰਾ ਜ਼ਹਿਰ ਚੂਸ ਲਿਆ। ਸਿਰਕੱਪ ਨੇ ਉਸ ਨੂੰ ਖਾਣੇ ਵਿਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਹੋਰ ਵੀ ਚਾਲਾਂ ਚੱਲੀਆਂ ਪਰ ਰਸਾਲੂ ਦੀ ਹੁਸ਼ਿਆਰੀ ਅੱਗੇ ਉਸ ਦੀ ਇਕ ਵੀ ਚਾਲ ਨਾ ਚੱਲੀ।

ਅਗਲੇ ਦਿਨ ਸਿਰਕੱਪ ਤੇ ਰਸਾਲੂ ਚੌਪੜ ਖੇਡਣ ਬੈਠੇ। ਸਿਰਕੱਪ ਨੇ ਰਸਾਲੂ ਦਾ ਧਿਆਨ ਉਖੇੜਨ ਲਈ ਸੋਹਣੀਆਂ ਇਸਤਰੀਆਂ ਆਲੇ – ਦੁਆਲੇ ਘੁਮਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰ ਰਸਾਲੂ ਅਡੋਲ ਰਿਹਾ। ਰਸਾਲੂ ਕੋਲ ਬਿੱਲੀ ਦਾ ਬਲੂੰਗੜਾ ਹੋਣ ਕਰਕੇ ਚੂਹਾ ਵੀ ਸਿਰਕੱਪ ਦੀ ਮੱਦਦ ਨਾ ਕਰ ਸਕਿਆ। ਰਸਾਲੂ ਨੇ ਆਪਣੇ ਪਾਸੇ ਨਾਲ ਚੌਪੜ ਖੇਡੀ ਤੇ ਸਿਰਕੱਪ ਹਾਰ ਗਿਆ। ਉਸ ਵੇਲੇ ਸਿਰਕੱਪ ਨੂੰ ਖ਼ਬਰ ਮਿਲੀ ਕਿ ਉਸ ਦੇ ਘਰ ਇਕ ਕੁੜੀ ਨੇ ਜਨਮ ਲਿਆ ਹੈ।

ਸਿਰਕੱਪ ਨੇ ਕੁਡ਼ੀ ਨੂੰ ਨਹਿਸ਼ ਦੱਸ ਕੇ ਮਾਰਨ ਦਾ ਹੁਕਮ ਦਿੱਤਾ। ਪਰ ਰਸਾਲੂ ਨੇ ਕਿਹਾ ਕਿ ਉਹ ਕੁਡ਼ੀ ਭਾਗਾਂ ਵਾਲੀ ਹੈ, ਇਸ ਕਰਕੇ ਉਸ ਨੂੰ ਨਾ ਮਾਰਿਆ ਜਾਵੇ। ਜਦੋਂ ਉਹ ਵੱਡੀ ਹੋ ਜਾਵੇਗੀ ਤਾਂ ਉਹ ਉਸ ਨਾਲ ਵਿਆਹ ਕਰਵਾਏਗਾ। ਸਿਰਕੱਪ ਨੇ ਇਹ ਗੱਲ ਮੰਨ ਲਈ। ਰਸਾਲੂ ਸਿਰਕੱਪ ਨੂੰ ਮਾਰਨ ਲੱਗਾ ਤਾਂ ਉਸ ਨੇ ਨਵੀਂ ਜੰਮੀ ਧੀ ਦਾ ਵਾਸਤਾ ਪਾ ਕੇ ਆਪਣੀ ਜਾਨ ਦੀ ਖ਼ੈਰ ਮੰਗੀ। ਤਦ ਰਾਜੇ ਰਸਾਲੂ ਨੇ ਸਿਰਕੱਪ ਨੂੰ ਮਾਫ਼ ਕਰ ਦਿੱਤਾ। ਸਿਰਕੱਪ ਨੇ ਅੱਗੋਂ ਨੇਕੀ ਨਾਲ ਰਾਜ ਕਰਨ ਦਾ ਪ੍ਰਣ ਕੀਤਾ।

ਸਿਰਕੱਪ ਦੀ ਨਵੀਂ ਜੰਮੀ ਧੀ ਦਾ ਨਾਂ ਕੋਕਲਾਂ ਰੱਖਿਆ ਗਿਆ। ਰਾਜਾ ਰਸਾਲੂ ਕੋਕਲਾਂ ਲਈ ਇਕ ਸੁੰਦਰ ਮਹਿਲ ਉਸਾਰਨ ਲਈ ਕਿਸੇ ਚੰਗੀ ਥਾਂ ਦੀ ਭਾਲ ਵਿੱਚ ਘੁੰਮਣ ਲੱਗਾ। ਰਾਹ ਵਿੱਚ ਉਸ ਨੂੰ ਇਕ ਸੱਪਣੀ ਮਿਲੀ। ਸੱਪਣੀ ਨੇ ਰਸਾਲੂ ਨੂੰ ਡੰਗਣਾ ਚਾਹਿਆ ਪਰ ਰਸਾਲੂ ਨੇ ਉਸ ਨੂੰ ਮਾਰ ਦਿੱਤਾ। ਸੱਪਣੀ ਨੇ ਰਸਾਲੂ ਨੂੰ ਸਰਾਪ ਦਿੱਤਾ। ਰਸਾਲੂ ਨੇ ਉਸ ਸਰਾਪ ਤੋਂ ਮੁਕਤੀ ਪ੍ਰਾਪਤ ਕਰਨ ਲਈ ਬਾਰ੍ਹਾਂ ਸਾਲ ਹੋਰ ਕੋਕਲਾਂ ਤੋਂ ਦੂਰ ਰਹਿਣਾ ਪੈਣਾ ਸੀ

ਰਸਾਲੂ ਨੇ ਜਵਾਨ ਹੋਈ ਕੋਕਲਾਂ ਨੂੰ ਮਹਿਲ ਵਿਚ ਲੈ ਆਂਦਾ। ਪਰ ਉਹ ਸੱਪਣੀ ਦੇ ਸਰਾਪ ਤੋਂ ਬਚਣ ਲਈ ਉਸ ਤੋਂ ਪਰੇ ਰਹਿ ਰਿਹਾ ਸੀ। ਇਕ ਦਿਨ ਹੋਡੀ ਨਾਂ ਦਾ ਰਾਜਾ ਕੋਕਲਾਂ ਦੇ ਮਹਿਲ ਕੋਲੋਂ ਲੰਘਿਆ। ਉਹ ਕੋਕਲਾਂ ਨੂੰ ਵੇਖ ਕੇ ਉਸ ਦੇ ਰੂਪ ਤੇ ਮੋਹਿਤ ਹੋ ਗਿਆ। ਕੋਕਲਾਂ ਵੀ ਉਸ ਨੂੰ ਦਿਲ ਦੇ ਬੈਠੀ। ਤੋਤੇ ਤੋਂ ਹੋਡੀ ਤੇ ਕੋਕਲਾਂ ਦੀ ਕਰਤੂਤ ਦੀ ਸੂਹ ਪਾ ਕੇ ਰਾਜੇ ਰਸਾਲੂ ਨੂੰ ਬੜਾ ਗੁੱਸਾ ਆਇਆ। ਉਸ ਨੇ ਹੋਡੀ ਨੂੰ ਮਾਰ ਦਿੱਤਾ ਤੇ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਕੋਕਲਾਂ ਵੀ ਮਹਿਲ ਉੱਤੋਂ ਛਾਲ ਮਾਰ ਕੇ ਮਰ ਗਈ।

ਕੋਕਲਾਂ ਦੀ ਮੌਤ ਮਗਰੋਂ ਰਾਜਾ ਰਸਾਲੂ ਬੜਾ ਉਦਾਸ ਰਹਿਣ ਲੱਗਾ। ਉਹ ਰਾਵਲਪਿੰਡੀ ਦੇ ਇਲਾਕੇ ਵਲ ਆ ਗਿਆ, ਜਿੱਥੇ ਇਕ ਭਿਆਨਕ ਡੈਣ ਰਹਿੰਦੀ ਸੀ। ਲੋਕਾਂ ਦੀ ਪੁਕਾਰ ਸੁਣ ਕੇ ਰਸਾਲੂ ਡੈਣ ਨੂੰ ਮਾਰਨ ਲਈ ਤੁਰ ਪਿਆ। ਕਾਫ਼ੀ ਦੂਰ ਜਾ ਕੇ ਉਸ ਨੂੰ ਡੈਣ ਮਿਲੀ। ਪਰ ਇਸ ਤੋਂ ਪਹਿਲਾਂ ਕਿ ਰਸਾਲੂ ਡੈਣ ਨੂੰ ਮਾਰਦਾ, ਉਸ ਨੇ ਮੰਤਰ ਪੜ੍ਹ ਕੇ ਉਸ (ਰਸਾਲੂ) ਨੂੰ ਘੋੜੇ ਸਮੇਤ ਪੱਥਰ ਬਣਾ ਦਿੱਤਾ। ਲੋਕਾਂ ਦਾ ਵਿਸ਼ਵਾਸ ਹੈ ਕਿ ਫਿਰ ਜਦੋਂ ਵੀ ਧਰਤੀ ਉੱਤੇ ਜ਼ੁਲਮ ਵਧੇਗਾ ਤਾਂ ਰਸਾਲੂ ਸੁਰਜੀਤ ਹੋ ਜਾਵੇਗਾ ਅਤੇ ਜ਼ਾਲਮਾਂ ਦਾ ਨਾਸ਼ ਕਰੇਗਾ।