ਸਾਰ – ‘ਮੇਰੇ ਵੱਡੇ ਵਡੇਰੇ’

ਪ੍ਰਸ਼ਨ – ‘ਮੇਰੇ ਵੱਡੇ ਵਡੇਰੇ’ ਲੇਖ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ ।

ਉੱਤਰ – ਗਿਆਨੀ ਗੁਰਦਿੱਤ ਸਿੰਘ ਨੇ ਇਸ ਲੇਖ ਵਿੱਚ ਆਪਣੇ ਪੁਰਾਣੇ ਬਜ਼ੁਰਗਾਂ ਦੇ ਗੁਣਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਪੰਜਾਬ ਦੀ ਸ਼ਾਨ ਸਨ।

ਲੇਖਕ ਨੇ ਭਾਵੇਂ ਆਪ ਤਾਂ ਉਨ੍ਹਾਂ ਨੂੰ ਕਦੀ ਦੇਖਿਆ ਨਹੀਂ ਸੀ ਪਰ ਲੋਕਾਂ ਤੋਂ ਸੁਣਿਆ ਹੈ ਕਿ ਉਹ ਬੜੇ ਲੰਮੇ ਉੱਚੇ ਤੇ ਚੰਗੀ ਸਿਹਤ ਵਾਲੇ ਦਰਸ਼ਨੀ ਜਵਾਨ ਸਨ। 

ਲੇਖਕ ਦੇ ਦਾਦੇ ਚਾਰ ਭਰਾ ਸਨ। ਇਹ ਚਾਰੇ ਭਰਾ ਬੜੇ ਤਕੜੇ ਤੇ ਚੰਗੀ ਸਿਹਤ ਵਾਲੇ ਸਨ। ਖਾਣ – ਪੀਣ ਦੇ ਬੜੇ ਸ਼ੌਕੀਨ ਸਨ। ਇੱਕ ਵਾਰ ਉਹ ਨਜ਼ਦੀਕੀ ਪਿੰਡ ਵਿਆਹ ‘ਤੇ ਗਏ ਤਾਂ ਉਹ ਸਾਰਿਆਂ ਲਈ ਬਣਾਇਆ ਪ੍ਰਸ਼ਾਦ ਦਾ ਵੱਡਾ ਕੜਾਹਾ ਇਕੱਲੇ ਹੀ ਖਾ ਗਏ।

ਇਸ ਤੋਂ ਇਲਾਵਾ ਉਹ ਜ਼ੋਰ – ਅਜ਼ਮਾਈਸ਼ ਲਈ ਵੀ ਬੜੇ ਮਸ਼ਹੂਰ ਸਨ। ਇੱਕ ਵਾਰ ਇੱਕ ਪਹਿਲਵਾਨ ਨੇ ਪਿੰਡ ਆ ਕੇ ਕੁਸ਼ਤੀ ਲਈ ਵੰਗਾਰਿਆ ਤੇ ਰਸਦ ਮੰਗਣ ਲੱਗਾ। 

ਪਿੰਡ ਦੇ ਚੌਧਰੀ ਚੜ੍ਹਤ ਸਿੰਘ ਨੇ ਪਹਿਲਵਾਨ ਨੂੰ ਇੱਕ ਰਾਤ ਪਿੰਡ ਵਿੱਚ ਬਿਤਾਉਣ ਲਈ ਕਿਹਾ ਕਿ ਸਵੇਰੇ ਰਸਦ ਦੇ ਦੇਵਾਂਗੇ। ਰਾਤ ਨੂੰ ਚੜ੍ਹਤ ਸਿੰਘ ਨੇ ਬਾਬਿਆਂ ਦੇ ਇੱਕ ਭਰਾ ਪੁੰਨੂੰ ਨੂੰ ਕਿਹਾ ਕਿ ਜ਼ਰਾ ਪਹਿਲਵਾਨ ਦੀ ਆਕੜ ਭੰਨ ਦੇਵੇ। ਸਵੇਰੇ ਅਖਾੜੇ ਵਿੱਚ ਪੁੰਨੂੰ ਨੇ ਪਹਿਲਵਾਨ ਦੀ ਉਹ ਬੁਰੀ ਹਾਲਤ ਕੀਤੀ ਕਿ ਉਹ ਸ਼ਰਮਿੰਦਾ ਹੋ ਕੇ ਦੌੜ ਗਿਆ।

ਇੱਕ ਵਾਰ ਪਿੰਡ ਦੇ ਚੌਂਕ ਵਿੱਚ ਬਹੁਤ ਪੁਰਾਣਾ ਸ਼ਹਿਤੂਤ ਡਿੱਗ ਪਿਆ। ਕੁੱਝ ਲੋਕ ਉਸ ਨੂੰ ਛਾਂਗਣ ਬਾਰੇ ਸੋਚ ਰਹੇ ਸਨ। ਉਧਰੋਂ ਬਾਬਿਆਂ ਦਾ ਇੱਕ ਭਰਾ ਆਇਆ ਤੇ ਉਹ ਕਹਿਣ ਲੱਗਾ ਕਿ ਇਸ ਨੂੰ ਖਿੱਚ ਕੇ ਪਰੇ ਕਰ ਦਿੰਦੇ ਹਾਂ। ਦੇਖਦੇ – ਦੇਖਦੇ ਉਹ ਇੱਕ ਟਾਹਣ ਵਾਂਗ ਖਿੱਚ ਕੇ ਲੈ ਗਿਆ।

ਬਾਬਿਆਂ ਦੀ ਭੈਣ ਨੇ ਰਾਹ ਵਿੱਚ ਪਏ ਬੜੇ ਭਾਰੇ ਮੁਗਦਰ ਨੂੰ ਰਾਹ ਵਿੱਚੋਂ ਚੁੱਕ ਕੇ ਏਨੇ ਜ਼ੋਰ ਨਾਲ ਮਾਰਿਆ ਕਿ ਇੱਕ ਦੀਵਾਰ ਵੀ ਡਿੱਗ ਪਈ। ਬਾਬਿਆਂ ਦੀ ਭੈਣ ਆਪਣੇ ਪੁੱਤਰਾਂ ਨੂੰ ਹਰ ਰੋਜ਼ ਬਹੁਤ ਸਾਰਾ ਮੱਖਣ ਖਾਣ ਨੂੰ ਦਿੰਦੀ। 

ਲੇਖਕ ਆਪਣੇ ਵੱਡੇ ਬਜ਼ੁਰਗਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਸੋਚਦਾ ਕਿ ਉਹ ਕੋਈ ਦੇਵ ਦਾਨੋ ਹੀ ਨਾ ਹੋਣ।