CBSEClass 9th NCERT PunjabiEducationPunjab School Education Board(PSEB)

ਸਾਰ – ਮੁੜ ਵੇਖਿਆ ਪਿੰਡ

ਪ੍ਰਸ਼ਨ – ‘ਮੁੜ ਵੇਖਿਆ ਪਿੰਡ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ‘ਮੁੜ ਵੇਖਿਆ ਪਿੰਡ’ ਵਾਰਤਕ ਲੇਖ ਬਲਰਾਜ ਸਾਹਨੀ ਦੁਆਰਾ ਲਿਖਿਆ ਹੋਇਆ ਹੈ।

ਇਹ ਵਾਰਤਕ ਲੇਖ ਉਨ੍ਹਾਂ ਦੇ ਸਫ਼ਰਨਾਮਾ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿੱਚੋਂ ਲਿਆ ਗਿਆ ਹੈ। ਇਸ ਲੇਖ ਵਿੱਚ ਲੇਖਕ ਨੇ ਆਪਣੀ ਜਨਮ ਭੂਮੀ ਨਾਲ਼ ਜੁੜੀਆਂ ਹੋਈਆਂ ਯਾਦਾਂ ਨੂੰ ਮੁੜ ਕੇ ਤਾਜ਼ਾ ਕੀਤਾ ਹੈ। ਇਸ ਵਾਰਤਕ ਲੇਖ ਦਾ ਸੰਖੇਪ ਸਾਰ ਹੇਠ ਲਿਖਿਆ ਹੈ।

ਲੇਖਕ ਆਪਣੇ ਮਿੱਤਰ ਸਿਕੰਦਰ ਅਤੇ ਦੋ ਹੋਰ ਦੋਸਤਾਂ ਨਾਲ਼ 16 ਅਕਤੂਬਰ, 1962 ਨੂੰ ਆਪਣੇ ਪਿੰਡ ਭੇਰੇ ਜਾਣ ਲਈ ਤਿਆਰ ਹੋਇਆ।

ਚਾਲ਼ੀ ਸਾਲ ਪਹਿਲਾਂ ਜਦੋਂ ਉਸਨੇ ਆਪਣਾ ਪਿੰਡ ਵੇਖਿਆ ਸੀ, ਉਸ ਵਕਤ ਉਸਦੀ ਉਮਰ ਅੱਠ – ਨੌਂ ਸਾਲ ਦੀ ਸੀ। ਪਾਕਿਸਤਾਨ ਵਿੱਚ ਭੇਰਾ ਇੱਕ ਨਿੱਕਾ ਜਿਹਾ ਸ਼ਹਿਰ ਸੀ ਜਿਸ ਵਿੱਚ ਸਾਹਨੀਆਂ ਦਾ, ਕੋਹਲੀਆਂ ਦਾ, ਆਨੰਦਾ ਆਦਿ ਦਾ ਅਲੱਗ – ਅਲੱਗ ਮੁਹੱਲਾ ਸੀ। ਹਰ ਮੁਹੱਲੇ ਦਾ ਆਪਣਾ ਦਰਵਾਜ਼ਾ ਹੁੰਦਾ ਸੀ।

ਲੇਖਕ ਨੂੰ ਯਾਦ ਆਉਂਦਾ ਹੈ ਕਿ ਉਸ ਦੇ ਤਾਈ ਜੀ ਆਪਣੀਆਂ ਸਹੇਲੀਆਂ ਨਾਲ਼ ਜੇਹਲਮ ਦਰਿਆ ਇਸ਼ਨਾਨ ਕਰਨ ਲਈ ਜਾਂਦੇ ਸਨ।

ਕਦੇ – ਕਦੇ ਲੇਖਕ ਅਤੇ ਉਸ ਦਾ ਛੋਟਾ ਭਰਾ ਭੀਸ਼ਮ ਵੀ ਨਾਲ਼ ਤੁਰ ਪੈਂਦੇ ਸਨ। ਦਰਿਆ ਤੱਕ ਪਹੁੰਚਣ ਲਈ ਤਿੰਨ ਪੜਾਅ ਤਹਿ ਕਰਨੇ ਪੈਂਦੇ ਸਨ : ਚਿੜੀ – ਚੋਗ, ਘੜੀ – ਭੰਨ ਅਤੇ ਔਖਾ ਪੈਂਡਾ।

ਚਿੜੀ – ਚੋਗ ਦੇ ਨੇੜੇ ਮੈਦਾਨ ਵਿੱਚ ਤ੍ਰਿੰਞਣ ਦਾ ਮੇਲਾ ਲੱਗਦਾ, ਜਿਸ ਵਿੱਚ ਸਾਰੇ ਸ਼ਹਿਰ ਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਅਤੇ ਕਦੀ ਲੇਖਕ ਦੇ ਘਰ ਦੀ ਡਿਓਢੀ ਕੋਲ਼ ਰਾਤ ਨੂੰ ਇਹੀ ਮੇਲਾ ਲੱਗਦਾ ਜਿਸ ਵਿੱਚ ਉਸ ਦੀਆਂ ਦੋ ਭੈਣਾਂ ਅਤੇ ਮਾਤਾ ਦੀ ਪ੍ਰਧਾਨਗੀ ਹੁੰਦੀ।

ਲੇਖਕ ਨੂੰ ਬਚਪਨ ਵਿੱਚ ਕੀਤੀਆਂ ਸਾਰੀਆਂ ਸ਼ਰਾਰਤਾਂ ਯਾਦ ਆਉਂਦੀਆਂ ਹਨ। ਖੂਹਾਂ ਦਾ ਪਾਣੀ, ਖੇਤਾਂ ਵਿੱਚੋਂ ਪੁੱਟੀਆਂ ਤਾਜ਼ੀਆਂ ਮੂਲੀਆਂ ਅਤੇ ਗਾਜਰਾਂ, ਲੁਕਣਮੀਟੀ ਆਦਿ।

ਬੱਸ ਭੁਲੋਵਾਲ ਦੇ ਅੱਡੇ ‘ਤੇ ਪੌਣੇ ਘੰਟੇ ਲਈ ਰੁਕੀ, ਪਰ ਲੇਖਕ ਕੋਲ ਆਪਣਾ ਪਿੰਡ ਦੇਖਣ ਲਈ ਸਿਰਫ਼ ਤਿੰਨ ਹੀ ਘੰਟੇ ਸਨ । ਇਸ ਲਈ ਲੇਖਕ ਨੇ ਪ੍ਰਬੰਧਕ ਕੋਲ ਜਾ ਕੇ ਆਪਣੀ ਮਜਬੂਰੀ ਦੱਸੀ ਜਿਸ ਕਰਕੇ ਪ੍ਰਬੰਧਕ ਨੇ ਪੰਦਰਾਂ ਮਿੰਟਾਂ ਵਿੱਚ ਹੀ ਬੱਸ ਤੋਰ ਦਿੱਤੀ। ਲੇਖਕ ਨੂੰ ਭੋਰੇ ਦਾ ਆਲਾ – ਦੁਆਲਾ ਹਰਾ – ਭਰਾ ਅਤੇ ਰਮਣੀਕ ਦੇਖ ਕੇ ਬਹੁਤ ਤਸੱਲੀ ਹੋਈ।

ਰੇਲਵੇ ਸਟੇਸ਼ਨ ਤੋਂ ਉੱਤਰ ਕੇ ਭੋਰੇ ਆਉਂਦੇ ਵਕਤ ਸਾਹਨੀਆਂ ਦਾ ਮੁਹੱਲਾ ਸੱਭ ਤੋਂ ਪਹਿਲਾਂ ਆਉਂਦਾ ਸੀ।ਪਰ ਬੱਸ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ ਉੱਪਰ ਬਣਿਆ ਸੀ ਜਿਸ ਨੂੰ ਬਲੋਚੀ ਦਰਵਾਜ਼ਾ ਆਖਦੇ ਸਨ।

ਬਲੋਚੀ ਦਰਵਾਜ਼ੇ ਅੰਦਰ ਦਾਖ਼ਲ ਹੁੰਦਿਆਂ ਸਾਰ ਹੀ ਲੇਖਕ ਨੇ ਦੇਖਿਆ ਕਿ ਹਰ ਪਾਸੇ ਇਮਾਰਤਾਂ ਢੇਰੀ ਹੋਣ ਦੇ ਨਾਲ ਸਾਰਾ ਹੁਲੀਆ ਹੀ ਬਦਲੀ ਹੋ ਗਿਆ ਸੀ। ਗਲੀ ਦੀ ਨੁੱਕਰ ਵਿੱਚ ਖੂਹ ਦੇ ਨੇੜੇ ਉਸ ਦੇ ਚਾਚੇ ਦਾ ਘਰ ਸੀ।

ਬੜੀ ਹੀ ਮੁਸ਼ਕਲ ਨਾਲ਼ ਖੂਹ ਤਾਂ ਲੱਭ ਗਿਆ ਪਰ ਨੇੜੇ – ਤੇੜੇ ਨਾ ਕੋਈ ਗਲੀ ਸੀ ਤੇ ਨਾ ਕੋਈ ਮਕਾਨ। ਸਾਰੇ ਪਾਸੇ ਮਲਬੇ ਦੇ ਢੇਰ ਲੱਗੇ ਹੋਏ ਸਨ।

ਪੁੱਛਣ ਤੋਂ ਬਾਅਦ ਆਪਣੀ ਹੀ ਉਮਰ ਦੇ ਗੁਲਾਮ ਮੁਹੰਮਦ ਦਾ ਘਰ ਲੱਭਿਆ। ਲੇਖਕ ਦੁਆਰਾ ਆਪਣੀ ਪਹਿਚਾਣ ਕਰਵਾਉਣ ਅਤੇ ਪਿਤਾ ਦਾ ਨਾਂ ਦੱਸਣ ‘ਤੇ ਉਹ ਇੱਕ ਦੂਸਰੇ ਨੂੰ ਗਲ਼ ਲੱਗ ਕੇ ਮਿਲ਼ੇ।

ਗੁਲਾਮ ਮੁਹੰਮਦ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ। ਉਸ ਨੇ ਆਪਣਾ ਘਰ ਨਵਾਂ ਹੀ ਬਣਾਇਆ ਸੀ। ਉਸ ਦੇ ਪੁੱਤਰ ਅਨਵਰ ਨੇ ਆ ਕੇ ਲੇਖਕ ਨੂੰ ਮੱਥਾ ਟੇਕਿਆ।

ਉਹ ਅਠ੍ਹਾਰਾਂ ਕੁ ਵਰ੍ਹਿਆਂ ਦਾ ਨੌਜਵਾਨ ਸੀ। ਲੇਖਕ ਨੇ ਚੌਧਰੀ ਸਾਹਿਬ ਕੋਲੋਂ ਆਪਣੇ ਘਰ ਬਾਰੇ ਪੁੱਛਿਆ ਪਰ ਕੋਈ ਤਸੱਲੀ ਬਖ਼ਸ਼ ਜਵਾਬ ਨਾ ਮਿਲਿਆ। ਲੇਖਕ ਨੂੰ ਸ਼ੱਕ ਹੋਇਆ ਕਿ ਸ਼ਾਇਦ ਜਿਸ ਮਕਾਨ ਵਿੱਚ ਉਹ ਬੈਠਾ ਹੈ ਇਹੀ ਮਕਾਨ ਉਸਦਾ ਹੈ।

ਮਕਾਨ ਅੱਗੇ ਟਿੱਬੇ ਦੇਖ ਕੇ ਉਸ ਦਾ ਸ਼ੱਕ ਹੋਰ ਪੱਕਾ ਹੋ ਗਿਆ ਸੀ। ਇੱਕ ਪਾਸੇ ਲੇਖਕ ਨੂੰ ਤਸੱਲੀ ਵੀ ਸੀ ਕਿ ਉਸਦੀ ਖਾਨਦਾਨੀ ਚੀਜ਼ ਉਸ ਦੇ ਭਰਾ ਕੋਲ ਹੀ ਸੀ।

ਦੋਸਤਾਂ ਵੱਲੋਂ ਵਾਰ – ਵਾਰ ਕਹਿਣ ‘ਤੇ ਚੌਧਰੀ ਸਾਹਿਬ ਨੇ ਆਪਣੇ ਪੁੱਤਰ ਨੂੰ ਕਹਿ ਕੇ ਆਪਣੇ ਦੋਸਤ ਮੁਹੰਮਦ ਨੂੰ ਬੁਲਾ ਲਿਆ। ਪਰ ਦੋਸਤ ਮੁਹੰਮਦ ਨੂੰ ਵੀ ਲੇਖਕ ਦਾ ਘਰ ਯਾਦ ਨਹੀਂ ਆਇਆ। ਬੀਤੇ ਸਮੇਂ ਨੂੰ ਯਾਦ ਕਰਕੇ ਬੁੱਢੇ ਦੋਸਤ ਮੁਹੰਮਦ ਦੀਆਂ ਅੱਖਾਂ ਵਿੱਚੋਂ ਵੀ ਅੱਥਰੂ ਛਲਕਣ ਲੱਗੇ ਸਨ।

ਦੋਸਤ ਸਿਕੰਦਰ ਦੇ ਕਹਿਣ ‘ਤੇ ਲੇਖਕ ਬਾਹਰ ਚੱਕਰ ਲਗਾਉਣ ਲਈ ਨਿਕਲ ਪਿਆ। ਅਚਾਨਕ ਲੇਖਕ ਇੱਕ ਓਪਰੀ ਜਿਹੀ ਗਲ਼ੀ ਵਿੱਚ ਆ ਗਿਆ। ਉਸ ਨੂੰ ਯਾਦ ਆਇਆ ਕਿ ਉਹ ਛੋਟਾ ਹੁੰਦਾ ਇਸ ਗਲ਼ੀ ਵਿੱਚ ਖੇਡਦਾ ਹੁੰਦਾ ਸੀ। ਸਿਕੰਦਰ ਦੇ ਕਹਿਣ ‘ਤੇ ਲੇਖਕ ਨੂੰ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਚੱਕਰ ਮਾਰਨ ਲਈ ਕਿਹਾ ਤਾਂ ਲੇਖਕ ਇੱਕ ਘਰ ਦੇ ਅੱਗੇ ਜਾ ਕੇ ਖਲੋ ਗਿਆ। ਉਸ ਘਰ ਵਿੱਚ ਲੇਖਕ ਬਚਪਨ ਵਿੱਚ ਖੇਡਦਾ ਹੁੰਦਾ ਸੀ। ਉਸ ਦਾ ਦੋਸਤ ਵੀ ਉਸ ਘਰ ਵਿੱਚ ਰਹਿੰਦਾ ਹੁੰਦਾ ਸੀ।

ਪੌੜੀਆਂ ਕੋਲ ਚਾਦਰ ਲਪੇਟ ਕੇ ਪਏ ਆਦਮੀ ਕੋਲੋਂ ਇਜਾਜ਼ਤ ਲੈ ਕੇ ਲੇਖਕ ਪੌੜੀਆਂ ਚੜ੍ਹ ਕੇ ਕੋਠੇ ਉੱਪਰ ਪਹੁੰਚ ਗਿਆ। ਉਸ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਘਰ ਦੀ ਉੱਪਰਲੀ ਡਿਓਢੀ ਦੇਖੀ।

ਸੱਜੇ ਪਾਸੇ ਵਾਲੀ ਰਸੋਈ ਦੇਖ ਕੇ ਉਹ ਚੀਕ ਉੱਠਿਆ ‘ਓਹ, ਓਹ ਸਾਡਾ ਘਰ। ਉਸ ਕਮਰੇ ਵਿੱਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ, ਓਹ ਸਾਡੀ ਰਸੋਈ।’

ਇੰਨੀ ਗੱਲ ਕਹਿ ਕੇ ਲੇਖਕ ਜਜ਼ਬਾਤੀ ਹੋ ਕੇ ਰੋਂਦਾ ਹੋਇਆ ਮਿੱਟੀ ਨਾਲ਼ ਪੋਚੇ ਫਰਸ਼ ਉੱਪਰ ਢੇਰੀ ਹੋ ਗਿਆ।

ਲੇਖਕ ਦੇ ਦੋਸਤਾਂ ਨੇ ਉਸ ਨੂੰ ਹੌਂਸਲਾ ਦੇਣ ਦਾ ਯਤਨ ਵੀ ਕੀਤਾ, ਪਰ ਲੇਖਕ ਆਪਣੇ ਆਪ ‘ਤੇ ਕਾਬੂ ਨਾ ਪਾ ਸਕਿਆ। ਉਹ ਆਪਣੀ ਮਰ ਚੁੱਕੀ ਭੈਣ ਨੂੰ ਯਾਦ ਕਰਕੇ ਰੋ ਰਿਹਾ ਸੀ। ਉਸ ਨੂੰ ਆਪਣੇ ਆਪ ਉੱਤੇ ਸ਼ਰਮ ਵੀ ਆ ਰਹੀ ਸੀ ਕਿ ਉਹ ਬੇਗਾਨੇ ਦੇਸ, ਬੇਗਾਨੇ ਥਾਂ ਅਤੇ ਬੇਗਾਨੇ ਲੋਕਾਂ ਦੇ ਵਿੱਚ ਇਹ ਕੀ ਕਰ ਰਿਹਾ ਸੀ ?