ਪ੍ਰਸ਼ਨ. ‘ਪੰਜਾਬ ਦੀਆਂ ‘ਲੋਕ-ਖੇਡਾਂ’ ਨਾਂ ਦੇ ਪਾਠ ਦਾ ਸੰਖੇਪ ਸਾਰ ਲਿਖੋ।
ਉੱਤਰ : ‘ਪੰਜਾਬ ਦੀਆਂ ਲੋਕ-ਖੇਡਾਂ’ ਨਾਂ ਦੇ ਪਾਠ ਵਿੱਚ ਲੋਕ-ਖੇਡਾਂ ਦੀ ਪਰਿਭਾਸ਼ਾ, ਇਹਨਾਂ ਦੇ ਮਹੱਤਵ, ਲੱਛਣਾਂ, ਵਰਗ-ਵੰਡ ਅਤੇ ਇਹਨਾਂ ਖੇਡਾਂ ਨੂੰ ਖੇਡਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲਦੀ ਹੈ।
ਲੋਕ-ਖੇਡਾਂ ਦੀ ਪਰਿਭਾਸ਼ਾ : ਖੇਡ-ਗੀਤਾਂ, ਕਾਰਜ-ਵਿਧੀ ਅਤੇ ਸਮਾਜ ਤੋਂ ਪਹਿਚਾਣੀਆਂ ਜਾਣ ਵਾਲੀਆਂ ਖੇਡਾਂ ਲੋਕ-ਖੇਡਾਂ ਅਖਵਾਉਂਦੀਆਂ ਹਨ ਕਿਉਂਕਿ ਇਹਨਾਂ ਦਾ ਸੰਚਾਰ ਪੁਸ਼ਤ-ਦਰ-ਪੁਸ਼ਤ ਹੁੰਦਾ ਸਾਡੇ ਤੱਕ ਪਹੁੰਚਿਆ ਹੈ।
ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ : ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਉਹ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਆਪਣੇ ਸਰੀਰ, ਵਿੱਤ ਅਤੇ ਸੁਭਾਅ ਅਨੁਸਾਰ ਮਨੁੱਖ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਣਾ ਇੱਕ ਸਹਿਜ ਕਰਮ ਹੈ। ਬੱਚੇ ਦੇ ਜਨਮ ਲੈਣ ਨਾਲ ਹੀ ਉਸ ਦੀ ਖੇਡ-ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਕੁਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਦਿੰਦਾ ਹੈ।
ਖੇਡਾਂ ਦੇ ਗੁਣ-ਲੱਛਣ : ਖੇਡਾਂ ਸਾਨੂੰ ਮਨੋਰੰਜਨ, ਸਰੀਰਿਕ ਤਾਕਤ ਅਤੇ ਸਾਡੀ ਰੂਹ ਨੂੰ ਖ਼ੁਸ਼ੀ ਤੇ ਖੇੜਾ ਪ੍ਰਦਾਨ ਕਰਦੀਆਂ ਹਨ। ਇਹ ਸਾਡਾ ਮਨੋਬਲ ਵਧਾਉਂਦੀਆਂ ਅਤੇ ਜੀਵਨ ਪ੍ਰਤੀ ਵਿਸ਼ਵਾਸ ਪੱਕਾ ਕਰਦੀਆਂ ਹਨ। ਇਹ ਸਾਨੂੰ ਹਰ ਤਰ੍ਹਾਂ ਦੇ ਮੁਕਾਬਲੇ ਵਿੱਚ ਜੂਝਣ ਲਈ ਤਿਆਰ ਹੀ ਨਹੀਂ ਕਰਦੀਆਂ ਸਗੋਂ ਹਾਰ ਨੂੰ ਵੀ ਖਿੜੇ ਮੱਥੇ ਸਹਾਰਨ ਦੀ ਸ਼ਕਤੀ ਦਿੰਦੀਆਂ ਹਨ। ਇਸ ਤਰ੍ਹਾਂ ਖੇਡਾਂ ਸਾਡੇ ਸਰੀਰ ਨੂੰ ਰਿਸ਼ਟ-ਪੁਸ਼ਟ, ਚੁਸਤ, ਫੁਰਤੀਲਾ ਅਤੇ ਸ਼ਕਤੀਸ਼ਾਲੀ ਬਣਾਉਂਦੀਆਂ ਹਨ। ਖੇਡਾਂ ਦੀ ਸਾਡੇ ਜੀਵਨ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੈ।
ਸੱਭਿਆਚਾਰ ਦਾ ਅਨਿੱਖੜਵਾਂ ਅੰਗ : ਲੋਕ-ਖੇਡਾਂ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹਨਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਪੰਜਾਬੀਆਂ ਦਾ ਸੁਭਾਅ, ਰਹਿਣ-ਸਹਿਣ, ਖਾਣ-ਪੀਣ ਅਤੇ ਨੈਤਿਕ ਕਦਰਾਂ-ਕੀਮਤਾਂ ਇਹਨਾਂ ਲੋਕ-ਖੇਡਾਂ ਵਿੱਚ ਓਤਪੋਤ ਹਨ।
ਲੋਕ-ਖੇਡਾਂ ਦੀ ਖ਼ਾਸੀਅਤ: ਲੋਕ-ਖੇਡਾਂ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਇਹਨਾਂ ਖੇਡਾਂ ਦਾ ਸਮਾਂ ਅਤੇ ਸਥਾਨ ਵੀ ਨਿਸ਼ਚਿਤ ਨਹੀਂ। ਇਹਨਾਂ ਖੇਡਾਂ ਲਈ ਸਥਾਨਿਕ ਪੱਧਰ ‘ਤੇ ਮਿਲਦੀ ਸਮੱਗਰੀ ਨਾਲ ਹੀ ਕੰਮ ਚਲਾ ਲਿਆ ਜਾਂਦਾ ਹੈ।
ਬੱਚਿਆਂ ਵਿੱਚ ਨੈਤਿਕ ਗੁਣਾਂ ਦਾ ਪ੍ਰਵੇਸ਼: ਖੇਡਾਂ ਰਾਹੀਂ ਬੱਚਿਆਂ ਵਿੱਚ ਸਦਭਾਵਨਾ, ਨੇਕ-ਨੀਅਤੀ, ਇਨਸਾਫ਼, ਭਾਈਵਾਲੀ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਬੱਚੇ ਆਮ ਤੌਰ ‘ਤੇ ਛੂਹਣ ਵਾਲੀਆਂ ਖੇਡਾਂ ਖੇਡਦੇ ਸਨ। ਬੁੱਢੀ ਮਾਈ, ਭੰਡਾ-ਭੰਡਾਰੀਆਂ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੂਹੜਕੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ-ਕਾਠੀ, ਖ਼ਾਨ ਘੋੜੀ, ਅੰਨ੍ਹਾ ਝੋਟਾ, ਗੁੱਲੀ-ਡੰਡਾ, ਪਿੱਠੂ, ਪੀਚੋ-ਬੱਕਰੀ, ਅੱਡੀ-ਛੜੱਪਾ, ਕੂਕਾਂ-ਕਾਂਗੜੇ, ਰੋੜੇ-ਅਖਰੋਟ ਅਤੇ ਸੱਕਰ-ਭਿੱਜੀ ਆਦਿ ਬੱਚਿਆਂ ਦੀਆਂ ਲੋਕ-ਖੇਡਾਂ ਹਨ।
ਪੁੱਗਣ ਦਾ ਨਿਯਮ : ਖੇਡਣ ਵੇਲੇ ਕਿਸੇ ਨਾ ਕਿਸੇ ਨੇ ਦਾਈ/ਮੀਟੀ ਦੇਣੀ ਹੁੰਦੀ ਹੈ। ਸਭ ਤੋਂ ਪਹਿਲਾ ਮੀਟੀ ਦੇਣ ਲਈ ਪੁੱਗਣ ਦਾ ਨਿਯਮ ਹੈ। ਗੋਲ ਚੱਕਰ ਵਿੱਚ ਖੜੋਤੇ ਬੱਚਿਆਂ ਵਿੱਚ ਇੱਕ ਇਕੱਲੇ ਇਕੱਲੇ ਬੱਚੇ ਦੀ ਛਾਤੀ ‘ਤੇ ਆਪਣੀ ਉਂਗਲ ਛੁਹਾਉਂਦਾ ਇਹ ਛੰਦ ਬੋਲਦਾ ਹੈ:
ਈਂਗਣ ਮੀਂਗਣ ਤਲੀ ਤਲੀਂਘਣ
ਕਾਲ਼ਾ ਪੀਲ਼ਾ ਡੱਕਰਾ
…………………..
ਹੱਥ ਕੁਤਾੜੀ ਪੈਰ ਕੁਤਾੜੀ
ਨਿਕਲ ਬਾਲਿਆ ਤੇਰੀ ਬਾਰੀ ਆਈ ਐ।
ਆਖ਼ਰੀ ਸ਼ਬਦ ‘ਤੇ ਹੱਥ ਲੱਗਣ ਵਾਲਾ ਬੱਚਾ ਪੁੱਗ ਜਾਂਦਾ ਹੈ। ਇਹ ਛੰਦ ਵਾਰ-ਵਾਰ ਬੋਲਿਆ ਜਾਂਦਾ ਹੈ। ਪੁੱਗਣ ਲਈ ਇੱਕ ਹੋਰ ਵਿਧੀ ਵੀ ਹੈ। ਬੱਚੇ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਦੂਜੇ ਬੱਚੇ ਦਾ ਹੱਥ ਫੜ ਕੇ ਹੱਥਾਂ ਨੂੰ ਹਵਾ ਵਿੱਚ ਉਛਾਲਦੇ ਹਨ ਅਤੇ ਆਪਣੇ-ਆਪਣੇ ਹੱਥ ਪੁੱਠੇ-ਸਿੱਧੇ ਰੱਖਦੇ ਹਨ। ਜੇਕਰ ਪੁੱਗਣ ਵਾਲੇ ਤਿੰਨ-ਬੱਚੇ ਹੋਣ ਅਤੇ ਉਹਨਾਂ ਵਿੱਚੋਂ ਦੋ ਦੇ ਹੱਥ ਪੁੱਠੇ ਅਤੇ ਇੱਕ ਦਾ ਸਿੱਧਾ ਹੋਵੇ ਤਾਂ ਸਿੱਧੇ ਹੱਥਾਂ ਵਾਲ਼ਾ ਬੱਚਾ ਪੁੱਗੇਗਾ। ਇਸ ਤਰ੍ਹਾਂ ਵਾਰ-ਵਾਰ ਹੁੰਦਾ ਹੈ ਅਤੇ ਜਿਹੜਾ ਬੱਚਾ ਪਿੱਛੇ ਰਹਿ ਜਾਂਦਾ ਹੈ ਉਸ ਦੇ ਸਿਰ ਮੀਟੀ/ਵਾਰੀ ਆ ਜਾਂਦੀ ਹੈ।
ਆੜੀ ਮੜਿੱਕਣਾ : ਟੋਲੀਆਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਲਈ ਟੋਲੀਆਂ ਦੀ ਚੋਣ ਲਈ ਵੀ ਨਿਯਮ ਹੈ ਜਿਸ ਨੂੰ ‘ਆੜੀ ਮੜਿੱਕਣਾ’ ਕਹਿੰਦੇ ਹਨ। ਖੇਡਣ ਵਾਲੇ ਬੱਚਿਆਂ ਵਿੱਚੋਂ ਦੋ ਟੋਲੀਆਂ ਦੇ ਮੁਖੀ ਬਣ ਕੇ ਇੱਕ ਪਾਸੇ ਬੈਠ ਜਾਂਦੇ ਹਨ। ਬਾਕੀ ਬੱਚਿਆਂ ਵਿੱਚੋਂ ਦੋ-ਦੋ ਬੱਚੇ ਥੋੜੀ ਦੂਰ ਜਾ ਕੇ ਆਪਣੇ ਫਰਜ਼ੀ ਨਾਂ (ਜਿਵੇਂ ਸੋਨਾ, ਚਾਂਦੀ) ਰੱਖਦੇ ਹਨ ਅਤੇ ਗਲਵੱਕੜੀ ਪਾਈ ਆਉਂਦੇ ਤੇ ਟੋਲੀਆਂ ਦੇ ਮੁਖੀਆਂ ਨੂੰ ਕਹਿੰਦੇ ਹਨ:
ਕੋਈ ਲੈ ਲਓ ਚਾਂਦੀ
ਕੋਈ ਲੈ ਲਓ ਸੋਨਾ।
ਜੇਕਰ ਇੱਕ ਟੋਲੀ ਦਾ ਮੁਖੀ ਚਾਂਦੀ ਮੰਗ ਲਵੇ ਤਾਂ ਚਾਂਦੀ ਬਣਿਆ ਬੱਚਾ ਉਸ ਦੀ ਟੋਲੀ ਵਿੱਚ ਆ ਜਾਂਦਾ ਹੈ ਤੇ ਦੂਜਾ ਦੂਜੀ ਟੋਲੀ ਵਿੱਚ ਚਲੇ ਜਾਂਦਾ ਹੈ। ਇਸ ਤਰ੍ਹਾਂ ਬੱਚੇ ਵਾਰੀ-ਵਾਰੀ ਚੋਣ ਕਰਾਉਂਦੇ ਹਨ।
ਦਾਈ/ਮੀਟੀ ਨਾ ਦੇਣੀ ਅਤੇ ਪਿੱਤ/ਮੀਟੀ ਵਿਚਾਲੇ ਛੱਡਣੀ : ਛੂਹੇ ਜਾਣ ‘ਤੇ ਜੇਕਰ ਕੋਈ ਬੱਚਾ ਆਪਣੀ ਮੀਟੀ ਨਹੀਂ ਦਿੰਦਾ ਤਾਂ ਉਸ ਦੇ ਸਿਰ ਰੱਬ ਦਾ ਭਾਰ ਚੜ੍ਹਨ ਦਾ ਖ਼ਿਆਲ ਕੀਤਾ ਜਾਂਦਾ ਹੈ। ਜੇਕਰ ਕੋਈ ਬੱਚਾ ਆਪਣੀ ਮਿੱਤ/ਮੀਟੀ ਵਿਚਾਲੇ ਛੱਡ ਕੇ ਨੱਸਦਾ ਹੈ ਤਾਂ ਦੂਜੇ ਬੱਚੇ ਇਹ ਗੀਤ ਗਾਉਂਦੇ ਉਸ ਦੇ ਘਰ ਤੱਕ ਜਾਂਦੇ ਹਨ :
ਸਾਡੀ ਮਿੱਤ ਦੱਬਣਾ
ਘਰ ਦੇ ਚੂਹੇ ਚੱਬਣਾ
ਇੱਕ ਚੂਹਾ ਰਹਿ ਗਿਆ
ਸਿਪਾਹੀ ਫੜ ਕੇ ਲੈ ਗਿਆ
ਸਿਪਾਹੀ ਨੇ ਮਾਰੀ ਇੱਟ
ਚਾਹੇ ਰੋ ਚਾਹੇ ਪਿੱਟ।
ਮਨੋਰੰਜਨ ਦਾ ਸਾਧਨ ਅਤੇ ਭਾਈਚਾਰਿਕ ਸਾਂਝ : ਲੋਕ-ਖੇਡਾਂ ਪੁਰਾਤਨ ਕਾਲ ਤੋਂ ਹੀ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ। ਸਾਰੇ ਪਿੰਡ ਦੇ ਬੱਚੇ ਰਲ ਕੇ ਖੇਡਦੇ ਹਨ ਅਤੇ ਜਾਤ-ਪਾਤ, ਊਚ-ਨੀਚ ਤੇ ਅਮੀਰੀ-ਗ਼ਰੀਬੀ ਦਾ ਕੋਈ ਫ਼ਰਕ ਨਹੀਂ ਹੁੰਦਾ। ਭਾਈਚਾਰਿਕ ਸਾਂਝ ਏਨੀ ਹੁੰਦੀ ਸੀ ਕਿ ਸਾਰਾ ਪਿੰਡ ਰਲ ਕੇ ਖਿਡਾਰੀਆਂ ਦੀ ਖ਼ੁਰਾਕ ਦਾ ਪ੍ਰਬੰਧ ਕਰਦਾ ਸੀ। ਦੇਸੀ ਘਿਓ ਦੇ ਪੀਪੇ ਖਿਡਾਰੀਆਂ ਨੂੰ ਖਾਣ ਲਈ ਦਿੱਤੇ ਜਾਂਦੇ ਸਨ। ਇਹ ਗੱਭਰੂ ਪਿੰਡ ਦਾ ਮਾਣ ਹੁੰਦੇ ਸਨ ਅਤੇ ਵੱਖ-ਵੱਖ ਖੇਡਾਂ ਵਿੱਚ ਪਿੰਡ ਦਾ ਨਾਂ ਚਮਕਾਉਂਦੇ ਸਨ।
ਕੁਸ਼ਤੀਆਂ : ਪੁਰਾਣੇ ਸਮੇਂ ਤੋਂ ਹੀ ਕੁਸ਼ਤੀਆਂ ਪੰਜਾਬੀਆਂ ਲਈ ਖਿੱਚ ਭਰਪੂਰ ਰਹੀਆਂ ਹਨ। ਪਿੰਡਾਂ ਵਿੱਚ ਛਿੰਝਾਂ ਅਤੇ ਮੇਲਿਆਂ ‘ਤੇ ਜੁੜਦੇ ਕੁਸ਼ਤੀਆਂ ਦੇ ਦੰਗਲ ਪਿੰਡ ਦੇ ਲੋਕਾਂ ਨੂੰ ਵਧੇਰੇ ਸਾਹਸ ਪ੍ਰਦਾਨ ਕਰਦੇ ਰਹੇ ਹਨ। ਇਹਨਾਂ ਛਿੰਝਾਂ ਤੋਂ ਗੱਭਰੂਆਂ ਨੂੰ ਆਪਣੇ ਸਰੀਰਾਂ ਨੂੰ ਤਾਕਤਵਰ ਬਣਾਉਣ ਲਈ ਉਤਸ਼ਾਹ ਮਿਲਦਾ ਰਿਹਾ ਹੈ।
ਕਬੱਡੀ : ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ ਅਤੇ ਇਸ ਤੋਂ ਪੰਜਾਬੀਆਂ ਦਾ ਸੁਭਾਅ ਅਤੇ ਸਰੀਰਿਕ ਬਲ ਪ੍ਰਗਟ ਹੁੰਦਾ ਹੈ। ਲੰਮੀ ਕੌਡੀ, ਗੂੰਗੀ ਕੌਡੀ ਅਤੇ ਸੌਂਚੀ ਪੱਕੀ ਆਦਿ ਕਬੱਡੀ ਦੀਆਂ ਹੀ ਕਿਸਮਾਂ ਹਨ ਜੋ ਬਹੁਤ ਹਰਮਨ-ਪਿਆਰੀਆਂ ਰਹੀਆਂ ਹਨ। ਅੱਜ-ਕੱਲ੍ਹ ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ।
‘ਖਿੱਦੋ ਖੂੰਡੀ’ ਅਤੇ ‘ਲੂਣ-ਤੇਲ ਲੱਲ੍ਹੇ’: ਖਿੱਦੋ-ਖੂੰਡੀ’ ਅਤੇ ‘ਲੂਣ-ਤੇਲ ਲੱਲ੍ਹੇ’ ਬੜੀਆਂ ਦਿਲਚਸਪ ਖੇਡਾਂ ਸਨ। ਇਹ ਲੀਰਾਂ ਦੀਆਂ ਖਿੱਦੋਆਂ ਅਤੇ ਕਿੱਕਰਾਂ/ਬੇਰੀਆਂ ਦੇ ਖੂੰਡਿਆਂ ਨਾਲ ਖੇਡੀਆਂ ਜਾਂਦੀਆਂ ਸਨ। ਖਿੱਦੋ-ਖੂੰਡੀ ਦੀ ਥਾਂ ਹੁਣ ਹਾਕੀ ਨੇ ਮੱਲ ਲਈ ਹੈ ਅਤੇ ਲੂਣ-ਤੇਲ ਲੱਲ੍ਹੇ ਕ੍ਰਿਕਟ ਵਿੱਚ ਸਮਾ ਗਏ ਹਨ।
ਲੱਲ੍ਹਿਆਂ ਦੀ ਖੇਡ ਪਿੰਡ ਤੋਂ ਬਾਹਰ ਕਿਸੇ ਮੋਕਲੀ ਥਾਂ ‘ਤੇ ਖੇਡੀ ਜਾਂਦੀ ਸੀ। ਸਾਰੇ ਖਿਡਾਰੀ ਤਿੰਨ-ਤਿੰਨ ਚਾਰ-ਚਾਰ ਮੀਟਰ ਦੀ ਵਿੱਥ ਤੇ ਤਿੰਨ- ਚਾਰ ਇੰਚ ਲੰਮੇ, ਚੌੜੇ ਅਤੇ ਡੂੰਘੇ ਟੋਏ ਪੁੱਟਦੇ ਸਨ ਜਿਨ੍ਹਾਂ ਨੂੰ ਲੱਲ੍ਹੇ ਕਿਹਾ ਜਾਂਦਾ ਸੀ। ਇਹਨਾਂ ਲੱਲ੍ਹਿਆਂ ਵਿੱਚ ਉਹ ਆਪਣੇ ਖੂੰਡਿਆਂ ਦੇ ਬਲ ਖੜ੍ਹੇ ਹੋ ਜਾਂਦੇ ਸਨ । ਲੀਰਾਂ ਦੀ ਬਣੀ ਖਿੱਦੋ ਨੂੰ ਇੱਕ ਜਣਾ ਜ਼ੋਰ ਨਾਲ ਟੱਲਾ ਮਾਰਦਾ ਸੀ ਅਤੇ ਮੀਟੀ ਦੇਣ ਵਾਲਾ ਖਿੱਦੋ ਨੂੰ ਨੱਸ ਕੇ ਫੜਦਾ ਸੀ ਅਤੇ ਨੇੜੇ ਦੇ ਖਿਡਾਰੀ ਨੂੰ ਜ਼ੋਰ ਨਾਲ ਮਾਰਦਾ। ਜਿਸ ਖਿਡਾਰੀ ਨੂੰ ਖਿੱਦੋ ਛੂੰਹਦੀ ਉਸ ਦੇ ਸਿਰ ਦਾਈ/ਮੀਟੀ ਆ ਜਾਂਦੀ ਸੀ।
ਅੱਡੀ-ਛੜੱਪਾ : ਕੁੜੀਆਂ ਦੀ ਹਰਮਨ-ਪਿਆਰੀ ਖੇਡ ਅੱਡੀ-ਛੜੱਪਾ ਜਾਂ ਅੱਡੀ-ਟੱਪਾ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ। ਹਰ ਟੋਲੀ ਵਿੱਚ ਚਾਰ-ਪੰਜ ਕੁੜੀਆਂ ਹੁੰਦੀਆਂ ਹਨ। ਇਸ ਖੇਡ ਰਾਹੀਂ ਕੁੜੀਆਂ ਦੌੜਨ, ਉੱਚੀਆਂ ਛਾਲਾਂ ਮਾਰਨ ਅਤੇ ਸਰੀਰ ਨੂੰ ਜ਼ਬਤ ਵਿੱਚ ਰੱਖਣ ਦਾ ਅਭਿਆਸ ਕਰਦੀਆਂ ਹਨ।
ਸੱਕਰ-ਭਿੱਜੀ : ਸ਼ੱਕਰ-ਭਿੱਜੀ ਮੁੰਡੇ-ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ ਜੋ ਦੋ ਟੋਲੀਆਂ ਵਿੱਚ ਖੇਡੀ ਜਾਂਦੀ ਹੈ। ਹਰ ਟੋਲੀ ਵਿੱਚ ਚਾਰ-ਪੰਜ ਖਿਡਾਰੀ ਹੁੰਦੇ ਹਨ। ਜਿਸ ਟੋਲੀ ਦੀ ਵਾਰੀ ਹੋਵੇ ਉਸ ਦੇ ਖਿਡਾਰੀ ਇੱਕ-ਦੂਜੇ ਦਾ ਲੱਕ ਫੜ ਕੇ ਅਤੇ ਕੁੱਬੇ ਹੋ ਕੇ ਖੜ੍ਹੇ ਹੋ ਜਾਂਦੇ ਹਨ। ਦੂਜੀ ਟੋਲੀ ਦਾ ਇੱਕ ਖਿਡਾਰੀ ਦੌੜਦਾ ਆਉਂਦਾ ਹੈ ਅਤੇ ਪਲਾਕੀ ਮਾਰ ਕੇ ਝੁਕ ਕੇ ਕਤਾਰ ਵਿੱਚ ਖੜ੍ਹੇ ਖਿਡਾਰੀਆਂ ਦੀ ਪਿੱਠ ‘ਤੇ ਬੈਠਦਾ ਹੈ। ਜਦ ਸਾਰੇ ਖਿਡਾਰੀ ਚੜ੍ਹ ਜਾਣ ਤਾਂ ਉਹ ਵੀ ਇੱਕ-ਦੂਜੇ ਦਾ ਲੱਕ ਫੜ ਕੇ ਆਪਣੀਆਂ ਲੱਤਾਂ ਹੇਠਲੇ ਖਿਡਾਰੀਆਂ ਦੇ ਢਿੱਡਾਂ ਦੁਆਲੇ ਵਲਦੇ ਹਨ। ਹੇਠਲੀ ਟੋਲੀ ਵਾਲਿਆਂ ਵੱਲੋਂ ਝੁਕ-ਝੁਕ ਕੇ ਉੱਪਰਲੀ ਟੋਲੀ ਵਾਲਿਆਂ ਦੇ ਪੈਰ ਧਰਤੀ ‘ਤੇ ਲਾਉਣ ਦਾ ਯਤਨ ਕੀਤਾ ਜਾਂਦਾ ਹੈ। ਜੇਕਰ ਉੱਪਰਲੀ
ਟੋਲੀ ਵਿੱਚੋਂ ਕਿਸੇ ਦੇ ਪੈਰ ਧਰਤੀ ਨਾਲ ਲੱਗ ਜਾਣ ਤਾਂ ਹੇਠਲੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ। ਪਰ ਜੇਕਰ ਅਜਿਹਾ ਨਹੀਂ ਹੁੰਦਾ ਅਤੇ ਹੇਠਲੀ ਟੋਲੀ ਖੜ੍ਹੀ-ਖੜ੍ਹੀ ਥੱਕ ਜਾਂਦੀ ਹੈ ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ — ‘ਸੱਕਰ ਭਿੱਜੀ ਕਿ ਨਾ? ਜੇਕਰ ਹੇਠਲੀ ਟੋਲੀ ਦੇ ਖਿਡਾਰੀ ਹਾਂ ਕਹਿ ਦੇਣ ਤਾਂ ਉਹਨਾਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ ਅਤੇ ਹੇਠਲੇ ਉੱਪਰ ਆ ਕੇ ਸਵਾਰੀ ਕਰਦੇ ਹਨ।
‘ਡੰਡਾ-ਡੁਕ’, ‘ਡੰਡ-ਪਲਾਂਗੜਾ’ ਜਾਂ ‘ਪੀਲ-ਪਲੀਂਘਣ’ : ਇਹ ਖੇਡ ਗਰਮੀਆਂ ਦੀ ਰੁੱਤ ਵਿੱਚ ਆਮ ਤੌਰ ‘ਤੇ ਪਿੱਪਲਾਂ, ਬੋਹੜਾਂ, ਟਾਹਲੀਆਂ ਆਦਿ ਦਰਖ਼ਤਾਂ ‘ਤੇ ਖੇਡੀ ਜਾਂਦੀ ਸੀ। ਖਿਡਾਰੀ ਦਰਖ਼ਤਾਂ ‘ਤੇ ਚੜ੍ਹ ਜਾਂਦੇ ਸਨ। ਇੱਕ ਖਿਡਾਰੀ ਬੱਚਾ ਦਰਖ਼ਤ ਤੋਂ ਹੇਠਾਂ ਆ ਕੇ ਗੋਲ ਚੱਕਰ ਵਿੱਚ ਰੱਖਿਆ ਡੇਢ ਦੋ ਫੁੱਟ ਦਾ ਡੰਡਾ ਚੁੱਕਦਾ ਅਤੇ ਇਸ ਨੂੰ ਖੱਬੀ ਲੱਤ ਥੱਲਿਓਂ ਘੁਮਾ ਕੇ ਦੂਰ ਸੁੱਟ ਦਿੰਦਾ ਤੇ ਮੁੜ ਦਰਖ਼ਤ ‘ਤੇ ਚੜ ਜਾਂਦਾ। ਦਾਈ ਦੇਣ ਵਾਲਾ ਇਹ ਡੰਡਾ ਮੁੜ ਗੋਲ ਚੱਕਰ ਵਿੱਚ ਰੱਖ ਖਿਡਾਰੀਆਂ ਨੂੰ ਛੂਹਣ ਲਈ ਦਰਖ਼ਤ ‘ਤੇ ਚੜ੍ਹ ਜਾਂਦਾ। ਦਰਖ਼ਤ ‘ਤੇ ਚੜ੍ਹੇ ਖਿਡਾਰੀ ਟਾਹਣੀਆਂ ਨਾਲ ਲਮਕਦੇ ਹੇਠਾਂ ਛਾਲਾਂ ਮਾਰਦੇ ਦੌੜ ਕੇ ਡੰਡੇ ਨੂੰ ਚੁੰਮਦੇ। ਦਾਈ ਦੇਣ ਵਾਲਾ ਜਿਸ ਖਿਡਾਰੀ ਨੂੰ ਡੰਡਾ ਚੁੰਮਣ ਤੋਂ ਪਹਿਲਾਂ ਛੂਹ ਲੈਂਦਾ ਉਸ ਸਿਰ ਦਾਈ ਆ ਜਾਂਦੀ।
ਬਾਂਦਰ-ਕੀਲਾ : ਬਾਂਦਰ-ਕੀਲਾ ਮੁੰਡੇ-ਕੁੜੀਆਂ ਰਲ ਕੇ ਖੇਡਦੇ ਹਨ। ਮੈਦਾਨ ਵਿੱਚ ਇੱਕ ਕੀਲਾ ਗੱਡਿਆ ਜਾਂਦਾ ਹੈ ਜਿਸ ਨਾਲ ਤਿੰਨ-ਚਾਰ ਮੀਟਰ ਰੱਸੀ ਬੰਨ੍ਹੀ ਜਾਂਦੀ ਹੈ। ਕੀਲੇ ਦੇ ਆਲੇ-ਦੁਆਲੇ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਹਨ। ਵਾਰੀ ਦੇਣ ਵਾਲਾ ਰੱਸੀ ਦਾ ਸਿਰਾ ਫੜ ਕੇ ਕੀਲੇ ਦੁਆਲੇ ਟਪੂਸੀਆਂ ਮਾਰਦਾ ਘੁੰਮਦਾ ਅਤੇ ਜੁੱਤੀਆਂ ਦੀ ਰਾਖੀ ਕਰਦਾ ਹੈ। ਦਾਈ ਦੇਣ ਵਾਲਾ ਰੱਸੀ ਦਾ ਸਿਰਾ ਛੱਡੇ ਬਿਨਾ ਉਹਨਾਂ ਨੂੰ ਆਪਣੇ ਹੱਥਾਂ-ਪੈਰਾਂ ਨਾਲ ਛੂੰਹਦਾ ਹੈ। ਛੂਹਣ ਸਮੇਂ ਉਹ ਆਪਣੇ ਹੱਥੋਂ ਰੱਸੀ ਨਹੀਂ ਛੱਡ ਸਕਦਾ। ਜੇਕਰ ਉਹ ਕਿਸੇ ਨੂੰ ਛੂਹ ਲੈਂਦਾ ਉਸਦੇ ਸਿਰ ਦਾਈ/ਵਾਰੀ ਆ ਜਾਂਦੀ ਹੈ। ਜੇਕਰ ਉਹ ਕਿਸੇ ਨੂੰ ਨਾ ਛੂਹ ਸਕਦਾ ਤਾਂ ਸਾਰੀਆਂ ਜੁੱਤੀਆਂ ਚੁਕੇ ਜਾਣ ਮਗਰੋਂ ਉਹ ਕਿੱਲੇ ਵਾਲੀ ਥਾਂ ਤੋਂ ਪੱਚੀ-ਤੀਹ ਮੀਟਰ ਦੂਰ ਨਿਯਤ ਕੀਤੀ ਥਾਂ ‘ਤੇ ਖੜ੍ਹਾ ਹੋ ਜਾਂਦਾ ਹੈ। ਬਾਕੀ ਖਿਡਾਰੀ ਜੁੱਤੀਆਂ ਲੈ ਕੇ ਕੀਲੇ ਕੋਲ ਕਤਾਰ ਵਿੱਚ ਖਲੋ ਜਾਂਦੇ ਹਨ। ਦਾਈ ਦੇਣ ਵਾਲਾ ਜ਼ੋਰ ਨਾਲ
‘ਚੰਮ ਦੀਆਂ ਰੋਟੀਆਂ,
ਚਿੱਚੜਾਂ ਦੀ ਦਾਲ,
ਖਾ ਲਓ ਮੁੰਡਿਓ
ਸੁਆਦਾਂ ਨਾਲ’ ਆਖਦਾ
ਅਤੇ ਸ਼ੂਟ ਵੱਟ ਕੇ ਦੌੜਦਾ ਹੈ। ਜਿੰਨੀ ਦੇਰ ਤੱਕ ਉਹ ਕੀਲੇ ਦੀ ਰੱਸੀ ਨੂੰ ਨਹੀਂ ਫੜ੍ਹਦਾ ਖਿਡਾਰੀਆਂ ਵੱਲੋਂ ਉਸ ਦੇ ਸਿਰ ‘ਤੇ ਜੁੱਤੀਆਂ ਪੈਂਦੀਆਂ ਰਹਿੰਦੀਆਂ। ਕੀਲੇ ਦੁਆਲੇ ਮੁੜ ਜੁੱਤੀਆਂ ਰੱਖੇ ਜਾਣ ‘ਤੇ ਖੇਡ ਫਿਰ ਸ਼ੁਰੂ ਹੁੰਦੀ।
ਹੋਰ ਖੇਡਾਂ : ਗੁੱਲੀ-ਡੰਡਾ, ਲੂਣ-ਮਿਆਣੀ, ਕੂਕਾਂ-ਕਾਂਗੜੇ, ਸੱਕਰ-ਭਿੱਜੀ ਅਤੇ ਟਿਬਲਾ-ਟਿਬਲੀ ਆਦਿ ਗੱਭਰੂਆਂ ਦੀਆਂ ਬਹੁਤ ਦਿਲਚਸਪ ਖੇਡਾਂ ਹਨ। ਬਾਰਾਂ ਬੀਕਰੀ, ਬਾਰਾਂ ਟਾਹਣੀ, ਸ਼ਤਰੰਜ, ਚੋਪੜ, ਤਾਸ਼, ਬੋੜਾ ਖੂਹ ਅਤੇ ਖੱਡਾ ਆਦਿ ਬੈਠ ਕੇ ਕੇ ਖੇਡਣ ਵਾਲੀਆਂ ਖੇਡਾਂ ਹਨ। ਜਿਨ੍ਹਾਂ ਨੂੰ ਸਾਡੇ ਵੱਡੇ-ਵਡੇਰੇ ਉਤਸ਼ਾਹ ਨਾਲ ਖੇਡਦੇ ਰਹੇ ਹਨ।
ਲੋਕ-ਖੇਡਾਂ ਦਾ ਅਲੋਪ ਹੋਣਾ : ਅਨੇਕਾਂ ਲੋਕ-ਖੇਡਾਂ ਸਾਡੇ ਜੀਵਨ ਵਿੱਚੋਂ ਅਲੋਪ ਹੋ ਰਹੀਆਂ ਹਨ। ਹੁਣ ਨਾ ਤਾਂ ਪਿੰਡਾਂ ਵਿੱਚ ਖੇਡਾਂ ਦੇ ਪਿੜ ਜੁੜਨ ਵਾਲੀਆਂ ਜੂਹਾਂ ਰਹੀਆਂ ਹਨ ਅਤੇ ਨਾ ਹੀ ਕਿਸੇ ਕੋਲ ਖੇਡਣ ਦੀ ਵਿਹਲ ਹੈ। ਇਹਨਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ।
ਇਸ ਤਰ੍ਹਾਂ ‘ਪੰਜਾਬ ਦੀਆਂ ਲੋਕ-ਖੇਡਾਂ’ ਨਾਂ ਦੇ ਪਾਠ ਵਿੱਚ ਲੋਕ-ਖੇਡਾਂ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ।