ਸਾਰ – ਦੁੱਲਾ ਭੱਟੀ
ਪ੍ਰਸ਼ਨ . ‘ਦੁੱਲਾ ਭੱਟੀ’ ਦੰਤ – ਕਥਾ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ – ਦੁੱਲੇ ਦਾ ਜਨਮ ਸਾਂਦਲ ਬਾਰ ਵਿਚ ਪਿਤਾ ਫ਼ਰੀਦ ਖਾਂ ਦੇ ਘਰ ਹੋਇਆ। ਉਸ ਦਾ ਪਰਿਵਾਰ ਭੱਟੀ ਰਾਜਪੂਤਾਂ ਨਾਲ ਸੰਬੰਧ ਰੱਖਦਾ ਸੀ, ਜਿਸ ਕਰਕੇ ਉਸ ਦਾ ਨਾਂ ‘ਦੁੱਲਾ ਭੱਟੀ’ ਕਰਕੇ ਮਸ਼ਹੂਰ ਹੋਇਆ।
ਦੁੱਲੇ ਦੇ ਪਿਓ – ਦਾਦੇ ਵੀ ਆਪਣੇ ਸਮੇਂ ਦੇ ਤਕੜੇ, ਅਣਖੀਲੇ ਤੇ ਬਹਾਦਰ ਆਦਮੀ ਸਨ। ਉਨ੍ਹਾਂ ਨੇ ਮੁਗ਼ਲਾਂ ਦੀ ਧੌਂਸ ਨਾ ਮੰਨੀ ਅਤੇ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਕਿਹਾ ਜਾਂਦਾ ਹੈ ਕਿ ਜਦੋਂ ਅਕਬਰ ਲਾਹੌਰ ਆਇਆ, ਤਾਂ ਉਸ ਨੇ ਫੌਜ ਭੇਜ ਕੇ ਇਹਨਾਂ ਬਾਗੀਆਂ ਨੂੰ ਸੱਦਿਆ ਅਤੇ ਕਤਲ ਕਰਵਾ ਦਿੱਤਾ। ਫਿਰ ਆਮ ਲੋਕਾਂ ਵਿੱਚ ਦਹਿਸ਼ਤ ਪਾਉਣ ਲਈ ਦੁੱਲੇ ਦੇ ਪਿਓ – ਦਾਦੇ ਦੀਆਂ ਖੱਲਾਂ ਵਿੱਚ ਤੂੜੀ ਭਰਵਾ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਟੰਗਵਾ ਦਿੱਤੀਆਂ ਸਨ। ਇਸ ਘਟਨਾ ਬਾਰੇ ਜਾਣ ਕੇ ਦੁੱਲੇ ਦੇ ਮਨ ਵਿੱਚ ਮੁਗ਼ਲ ਹਕੂਮਤ ਦੇ ਵਿਰੁੱਧ ਰੋਹ ਪੈਦਾ ਹੋਣ ਲੱਗਾ।
ਕਿਹਾ ਜਾਂਦਾ ਹੈ ਕਿ ਜਦੋਂ ਦੁੱਲੇ ਦਾ ਜਨਮ ਹੋਇਆ, ਉਨ੍ਹੀ – ਦਿਨੀਂ ਅਕਬਰ ਦੀ ਇਕ ਰਾਜਪੂਤ ਰਾਣੀ ਦੀ ਕੁੱਖੋਂ ਸਲੀਮ ਨੇ ਜਨਮ ਲਿਆ, ਜੋ ਪਿੱਛੋਂ ਸ਼ਹਿਜ਼ਾਦਾ ‘ਸ਼ੇਖੂ’ ਵਜੋਂ ਵੀ ਜਾਣਿਆ ਗਿਆ। ਸਲੀਮ ਕਾਫ਼ੀ ਕਮਜ਼ੋਰ ਸੀ, ਪਰ ਬਾਦਸ਼ਾਹ ਉਸ ਨੂੰ ਬਲਵਾਨ ਸੂਰਮਾ ਬਣਾਉਣਾ ਚਾਹੁੰਦਾ ਸੀ। ਹਕੀਮਾਂ ਦੀ ਸਲਾਹ ਉੱਤੇ ਉਸ ਨੂੰ ਉਸ ਲਈ ਇਕ ਸਿਹਤਮੰਦ ਰਾਜਪੂਤ ਚੁੰਘਾਵੀ ਦਾ ਪ੍ਰਬੰਧ ਕਰਨਾ ਪਿਆ। ਬਾਦਸ਼ਾਹ ਨੇ ਦੁੱਲੇ ਦੀ ਮਾਂ ਨੂੰ ਚੁੰਘਾਵੀ ਵਜੋਂ ਮਹਿਲਾਂ ਵਿਚ ਸੱਦ ਲਿਆ। ਇਸ ਪ੍ਰਕਾਰ ਦੁੱਲਾ ਅਤੇ ਸ਼ਹਿਜ਼ਾਦਾ ਸਲੀਮ ਇੱਕੋ ਮਾਂ ਦਾ ਦੁੱਧ ਚੁੰਘ ਕੇ ਪਲੇ। ਉਹ ਇਕੱਠੇ ਖੇਡਦੇ ਅਤੇ ਸ਼ਸਤਰ ਸਿੱਖਦੇ ਰਹੇ।
ਜਦੋਂ ਸ਼ਹਿਜ਼ਾਦਾ ਸਲੀਮ ਜਵਾਨ ਹੋਇਆ ਤਾਂ ਕਿਸੇ ਕਾਰਨ ਉਸ ਦੀ ਆਪਣੇ ਬਾਪ ਅਕਬਰ ਨਾਲ ਅਣਬਣ ਹੋ ਗਈ। ਦੱਸਿਆ ਜਾਂਦਾ ਹੈ ਕਿ ਉਸ ਨੇ ਦੁੱਲੇ ਨੂੰ ਸਾਂਦਲ ਬਾਰ ਦੇ ਇਲਾਕੇ ਵਿਚ ਅਕਬਰ ਵਿਰੁੱਧ ਗੜਬੜ ਫੈਲਾਉਣ ਲਈ ਉਕਸਾਇਆ।
ਬਾਗ਼ੀ ਸੁਭਾਅ ਵਾਲੇ ਦੁੱਲੇ ਦੇ ਮਨ ਵਿੱਚ ਆਪਣੇ ਪਿਓ – ਦਾਦੇ ਦੇ ਕਤਲ ਦਾ ਬਦਲਾ ਲੈਣ ਦੀ ਭਾਵਨਾ ਪ੍ਰਬਲ ਸੀ। ਉਸ ਨੇ ਸਰਕਾਰੀ ਮਾਮਲਾ ਤਾਂ ਕੀ ਦੇਣਾ ਸੀ, ਸਗੋਂ ਆਉਂਦੇ ਜਾਂਦੇ ਸ਼ਾਹੀ ਕਾਫ਼ਲਿਆਂ ਨੂੰ ਵੀ ਲੁੱਟ ਲੈਂਦਾ ਸੀ। ਇਕ ਵਾਰੀ ਉਸ ਨੇ ਲਾਹੌਰ ਜਾ ਰਹੇ ਇਕ ਘੋੜਿਆਂ ਦੇ ਵਪਾਰੀ ਤੋਂ ਘੋੜੇ ਖੋਹ ਲਏ ਤੇ ਇਕ ਵਾਰੀ ਬਾਦਸ਼ਾਹ ਲਈ ਤੋਹਫ਼ੇ ਲਿਜਾ ਰਹੇ ਇਕ ਵਪਾਰੀ ਤੋਂ ਸੱਭ ਕੁੱਝ ਖੋਹ ਕੇ ਤੇ ਉਸ ਦਾ ਸਿਰ ਵੱਢ ਕੇ ਬਾਦਸ਼ਾਹ ਨੂੰ ਭੇਜ ਦਿੱਤਾ ਸੀ।
ਲੁੱਟ ਦਾ ਇਹ ਮਾਲ ਉਹ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਹਾਕਮਾਂ ਦੇ ਜ਼ੁਲਮ ਅਤੇ ਅਨਿਆਂ ਤੋਂ ਤੰਗ ਆਏ ਲੋਕ ਦੁੱਲੇ ਦੇ ਹਮਦਰਦ ਅਤੇ ਪ੍ਰਸ਼ੰਸਕ ਬਣ ਗਏ।
ਦੁੱਲੇ ਦਾ ਚਾਚਾ ਜਲਾਲਦੀਨ ਉਸ ਨਾਲ ਵੈਰ ਰੱਖਦਾ ਸੀ। ਉਸ ਨੇ ਦੁੱਲੇ ਦੇ ਖ਼ਿਲਾਫ਼ ਅਕਬਰ ਅੱਗੇ ਜਾ ਸ਼ਿਕਾਇਤ ਕੀਤੀ। ਅਕਬਰ ਨੇ ਦੁੱਲੇ ਨੂੰ ਫੜਨ ਲਈ ਆਪਣੀ ਫ਼ੌਜ ਭੇਜੀ। ਇਲਾਕੇ ਦੇ ਲੋਕ ਦੁੱਲੇ ਨੂੰ ਬਚਾਉਣਾ ਚਾਹੁੰਦੇ ਸਨ। ਇਕ ਗਵਾਲਣ ਨੇ ਦੁੱਲੇ ਨੂੰ ਬਚਾਉਣ ਲਈ ਫੌਜ ਦੇ ਸੈਨਾਪਤੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਫ਼ੌਜ ਨੇ ਦੁੱਲੇ ਦੇ ਪਿੰਡ ਉੱਤੇ ਧਾਵਾ ਬੋਲ ਦਿੱਤਾ ਤੇ ਉਸ ਦੇ ਪਰਿਵਾਰ ਨੂੰ ਕੈਦੀ ਬਣਾ ਲਿਆ। ਇਹ ਖ਼ਬਰ ਪਾ ਕੇ ਦੁੱਲੇ ਨੇ ਆਪਣੇ ਸਾਥੀਆਂ ਸਮੇਤ ਫ਼ੌਜ ਨੂੰ ਆ ਲਲਕਾਰਿਆ।
ਇਕ ਵਾਰ ਤਾਂ ਉਸ ਨੇ ਸ਼ਾਹੀ ਫ਼ੌਜ ਨੂੰ ਭਾਜੜਾਂ ਪਾ ਦਿੱਤੀਆਂ। ਇਸ ਲੜਾਈ ਵਿਚ ਦੁੱਲੇ ਦਾ ਪੁੱਤਰ ਵੀ ਬਹਾਦਰੀ ਨਾਲ ਲੜਿਆ। ਅਕਬਰ ਦੀਆਂ ਫ਼ੌਜਾਂ ਨੇ ਧੋਖੇ ਨਾਲ ਦੁੱਲੇ ਨੂੰ ਘੇਰੇ ਵਿੱਚ ਲੈ ਲਿਆ ਤੇ ਲਾਹੌਰ ਲਿਜਾ ਕੇ ਉਸ ਨੂੰ ਫਾਂਸੀ ਦੇ ਦਿੱਤੀ।
ਦੁੱਲਾ ਭੱਟੀ ਦੇ ਜੀਵਨ ਨਾਲ ਕਈ ਪਰਉਪਕਾਰੀ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਇਕ ਵਾਰੀ ਉਸ ਨੇ ਕਿਸੇ ਗਰੀਬ ਘਰ ਦੀ ਕੁਡ਼ੀ ਨੂੰ ਧੀ ਬਣਾ ਕੇ ਉਸ ਦੇ ਵਿਆਹ ਦਾ ਪੁੰਨ ਖੱਟਿਆ ਸੀ। ਇਸ ਦਾ ਹਵਾਲਾ ਲੋਹੜੀ ਨੂੰ ਗਾਏ ਜਾਂਦੇ ਹੇਠ ਲਿਖੇ ਲੋਕ – ਗੀਤਾਂ ਵਿਚ ਮਿਲਦਾ ਹੈ –
ਸੁੰਦਰ ਮੁੰਦਰੀਏ, ਹੋ।
ਤੇਰਾ ਕੌਣ ਵਿਚਾਰਾ, ਹੋ।
ਦੁੱਲਾ ਭੱਟੀ ਵਾਲਾ, ਹੋ।
ਦੁੱਲੇ ਦੀ ਧੀ ਵਿਆਹੀ, ਹੋ।
ਸ਼ੇਰ ਸ਼ੱਕਰ ਪਾਈ, ਹੋ।
ਕੁਡ਼ੀ ਦੇ ਬੋਝੇ ਪਾਈ, ਹੋ।
ਕੁਡ਼ੀ ਦਾ ਲਾਲ ਪਟਾਕਾ, ਹੋ।
ਕੁਡ਼ੀ ਦਾ ਸਾਲੂ ਪਾਟਾ, ਹੋ।
ਸਾਲੂ ਕੌਣ ਸਮੇਟੇ, ਹੋ।
ਚਾਚਾ ਗਾਲੀ ਦੇਸੇ, ਹੋ।
ਚਾਚੇ ਚੂਰੀ ਕੁੱਟੀ, ਹੋ।
ਜ਼ਿੰਮੀਂਦਾਰਾਂ ਲੁੱਟੀ, ਹੋ।