ਸਾਰ : ਘਰ ਜਾ ਆਪਣੇ


ਪ੍ਰਸ਼ਨ : ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ‘ਘਰ ਜਾ ਆਪਣੇ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਘਰ ਜਾ ਆਪਣੇ’ ਕਹਾਣੀ ਗੁਲਜ਼ਾਰ ਸਿੰਘ ਸੰਧੂ ਦੀ ਰਚਨਾ ਹੈ। ਇਸ ਕਹਾਣੀ ਦਾ ਸਾਰ ਇਸ ਪ੍ਰਕਾਰ ਹੈ :

ਜੀਤੋ ਦੇ ਬਾਪੂ ਦਾ ਵਿਆਹ ਚਾਲੀ ਕੁ ਸਾਲ ਪਹਿਲਾਂ ਹੋਇਆ ਸੀ ਅਤੇ ਇਸ ਤੋਂ ਬਾਅਦ ਇਸ ਘਰ ਵਿੱਚ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ। ਹੁਣ ਮਸਾਂ-ਮਸਾਂ ਜੀਤੋ ਦੇ ਭਰਾ ਦੇ ਵਿਆਹ ਕਰਾਉਣ ਦੀ ਉਮਰ ਹੋਈ ਸੀ ਪਰ ਉਹ ਵਿਆਹ ਲਈ ਨਹੀਂ ਸੀ ਮੰਨਦਾ। ਜੀਤੋ ਦੇ ਚਾਚੇ-ਚਾਚੀਆਂ, ਮਾਮੇ-ਮਾਮੀਆਂ, ਜੀਤੋ ਦੀਆਂ ਦੂਰੋਂ-ਨੇੜਿਓਂ ਲੱਗਦੀਆਂ ਭਰਜਾਈਆਂ ਅਤੇ ਜੀਤੋ ਦੀਆਂ ਆਪਣੀਆਂ ਸਹੇਲੀਆਂ ਉਸ ਦੇ ਭਰਾ ਨੂੰ ਉਲਾਂਭੇ ਦਿੰਦੀਆਂ ਸਨ ਕਿ ਉਹ ਉਹਨਾਂ ਨੂੰ ਇਕੱਠੇ ਮਿਲ ਬੈਠਣ ਦਾ ਮੌਕਾ ਨਹੀਂ ਸੀ ਦਿੰਦਾ। ਪਰ ਜੀਤੋ ਦਾ ਵੀਰ ਵਿਆਹ ਲਈ ਮੰਨਣ ਵਿੱਚ ਹੀ ਨਹੀਂ ਸੀ ਆਉਂਦਾ।

ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਜੀਤੋ ਦਾ ਵਿਆਹ ਰਚਾ ਦਿੱਤਾ। ਇਸ ਤਰ੍ਹਾਂ ਮਿਲ ਬੈਠਣ ਦਾ ਮੌਕਾ ਮਿਲਦਾ ਸੀ ਅਤੇ ਸਭ ਦਾ ਭਾਰ ਹੌਲਾ ਹੁੰਦਾ ਸੀ। ਜੀਤੋ ਨੂੰ ਸਤਾਰ੍ਹਵਾਂ ਸਾਲ ਲੱਗ ਗਿਆ ਸੀ। ਉਸ ਲਈ ਮੁੰਡਾ ਲੱਭ ਲਿਆ ਗਿਆ ਅਤੇ ਘਰ ਵਿੱਚ ਉਸ ਦਾ ਵਿਆਹ ਕਰਨ ਦੀਆਂ ਸਲਾਹਾਂ ਹੋਣ ਲੱਗੀਆਂ।

ਜੀਤੋ ਦਾ ਵਿਆਹ ਸਿਰ ‘ਤੇ ਆ ਗਿਆ ਸੀ। ਇਸ ਘਮਸਾਣ ਵਿੱਚ ਉਸ ਦੇ ਭਰਾ ਦੀ ਮੱਤ ਮਾਰੀ ਗਈ। ਜੀਤੋ ਦੇ ਮਾਪਿਆਂ ਦੀ ਘਰ ਦੇ ਕੰਮਾਂ ਵਿੱਚ ਹੀ ਮੱਤ ਮਾਰੀ ਗਈ ਸੀ। ਬਾਹਰ ਦਾ ਸਾਰਾ ਕੰਮ ਜੀਤੋ ਦੇ ਭਰਾ ਨੇ ਕਰਨਾ ਸੀ। ਬਰਾਤ ਢੁਕਣ ਵਿੱਚ ਇੱਕ ਦਿਨ ਬਾਕੀ ਸੀ। ਬਰਾਤ ਦੇ ਖਾਣੇ ਲਈ ਨਾਲ ਦੇ ਪਿੰਡਾਂ ‘ਚੋਂ ਮੇਜ਼-ਕੁਰਸੀਆਂ ਇਕੱਠੀਆਂ ਕਰਨੀਆਂ ਸਨ। ਪਿਰਚ-ਪਿਆਲੀਆਂ ਆਦਿ ਸਮਾਨ ਵੱਡੇ ਸ਼ਹਿਰ ਤੋਂ ਮਿਲ਼ਨਾ ਸੀ। ਮੁੰਡੇ ਵਾਲਿਆਂ ਦੀ ਚਿੱਠੀ ਆਈ ਸੀ ਕਿ ਉਹ ਬਿਸਤਰੇ ਨਹੀਂ ਲਿਆ ਰਹੇ। ਪਿੰਡ ਵਿੱਚੋਂ ਬਿਸਤਰੇ ਇਕੱਠੇ ਕਰਨ ਦਾ ਕੰਮ ਹੋਰ ਵੀ ਔਖਾ ਸੀ। ਵਿਆਹ ਵਾਲੇ ਘਰ ਲਈ ਤਾਂ ਕੋਈ ਚੀਜ਼ ਸੌਖਿਆਂ ਮਿਲਦੀ ਵੀ ਨਹੀਂ ਕਿਉਂਕਿ ਮੇਲੀ ਤੇ ਬਰਾਤੀ ਇਸ ਨੂੰ ਇੱਕ ਦਿਨ ਵਿੱਚ ਹੀ ਖ਼ਰਾਬ ਕਰ ਦਿੰਦੇ ਹਨ।

ਸ਼ਾਮ ਨੂੰ ਨਾਨਕੇ ਨਾਨਕੀ ਛੱਕ ਲੈ ਕੇ ਪਹੁੰਚ ਗਏ ਸਨ। ਜੀਤੋ ਦੀਆਂ ਭੂਆ ਵੀ ਕੱਪੜੇ-ਲੱਤੇ ਲੈ ਕੇ ਆ ਗਈਆਂ। ਸਾਰੇ ਅੰਗ-ਸਾਕ ਬਣਦਾ-ਸਰਦਾ ਕੰਨਿਆਦਾਨ ਲੈ ਕੇ ਜੀਤੋ ਦੇ ਪਿੰਡ ਪਹੁੰਚ ਗਏ ਸਨ। ਜੀਤੋ ਨੇ ਇੱਥੇ ਹੀ ਆਪਣਾ ਬਚਪਨ ਗੁਜ਼ਾਰਿਆ ਸੀ, ਸਹੇਲ ਹੰਢਾਏ ਸਨ, ਗੁੱਡੀਆਂ-ਪਟੋਲਿਆਂ ਨਾਲ ਖੇਡਿਆ ਸੀ, ਤ੍ਰਿੰਞਣਾਂ ਵਿੱਚ ਬਹਿ ਕੇ ਕੱਤਿਆ ਸੀ ਅਤੇ ਤੀਆਂ ਦੀਆਂ ਪੀਂਘਾਂ ਝੂਟੀਆਂ ਸਨ। ਇਸ ਸਭ ਕੁਝ ਬਾਰੇ ਸੋਚ ਕੇ ਜੀਤੋ ਉਦਾਸ ਹੋ ਗਈ ਸੀ। ਦੂਜੇ ਦਿਨ ਸਵੇਰੇ ਤਿੰਨ ਵਜੇ ਜੀਤੋ ਨੂੰ ਉੱਠਾ ਦਿੱਤਾ ਗਿਆ। ਉਸ ਨੂੰ ਫੇਰਿਆਂ ਵਾਲਾ ਲਾਲ ਸੂਟ ਪਹਿਨਾਇਆ ਗਿਆ, ਲਾਲ ਪਰਾਂਦਾ ਉਸ ਦੀ ਗੁੱਤ ਵਿੱਚ ਗੁੰਦਿਆ ਗਿਆ ਅਤੇ ਉਸ ਨੂੰ ਗਹਿਣਿਆਂ ਨਾਲ ਸ਼ਿੰਗਾਰ ਦਿੱਤਾ ਗਿਆ। ਇਹ ਸਭ ਕੁਝ ਦੇਖ ਕੇ ਜੀਤੋ ਨੂੰ ਰੋਣਾ ਆ ਗਿਆ। ਰੋਂਦੀ ਕੁਰਲਾਂਦੀ ਜੀਤੋ ਨੂੰ ਚੁੱਪ ਕਰਵਾ ਕੇ ਅਨੰਦ-ਕਾਰਜ ਵਾਸਤੇ ਬਿਠਾ ਦਿੱਤਾ ਗਿਆ। ਉਸ ਨੂੰ ਪਰਨਾ ਕੇ ਲੈ ਜਾਣ ਵਾਲਾ ਉਸ ਦੇ ਬਰਾਬਰ ਬੈਠਾ ਸੀ। ਅਨੰਦ ਕਾਰਜ ਕਰਵਾਉਣ ਵਾਲਾ ਭਾਈ ਜੀਤੋ ਨੂੰ ਹਰ ਕੰਮ ਵਿੱਚ ਪਤੀ ਪਰਮੇਸ਼ਰ ਦੀ ਸਲਾਹ ਲੈਣ, ਉਸ ਨੂੰ ਪੁੱਛੇ ਬਿਨਾਂ ਕੋਈ ਕੰਮ ਨਾ ਕਰਨ ਅਤੇ ਉਸ ਨੂੰ ਖ਼ੁਸ਼ ਰੱਖਣ ਲਈ ਨਿਮਰਤਾ ਅਤੇ ਸਹਿਣਸ਼ੀਲਤਾ ਵਰਗੇ ਗੁਣ ਪੈਦਾ ਕਰਨ ਦੀ ਸਿੱਖਿਆ ਦੇ ਰਿਹਾ ਸੀ।

ਭਾਈ ਜੀ ਨੇ ਬਾਬਾ ਫ਼ਰੀਦ ਜੀ ਦੇ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ…….. ਵਾਲੇ ਸਲੋਕ ਦੀਆਂ ਤੁਕਾਂ ਅਜਿਹੇ ਵੈਰਾਗ ਵਿੱਚ ਕਹੀਆਂ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸਭ ਕੁਆਰੀਆਂ ਕੁੜੀਆਂ ਉਦਾਸ ਹੋ ਗਈਆਂ। ਉਹਨਾਂ ਨੂੰ ਆਪਣਾ ਆਉਣ ਵਾਲਾ ਸਮਾਂ ਚੇਤੇ ਆ ਗਿਆ। ਉਹਨਾਂ ਦੇ ਮਾਪੇ ਅਤੇ ਭੈਣ-ਭਰਾ ਵੀ ਉਦਾਸ ਸਨ। ਜੀਤੋ ਤਾਂ ਆਪਣੀ ਅੰਮੜੀ ਦੇ ਵਿਹੜੇ ਅਤੇ ਤ੍ਰਿੰਵਣ ਦੀਆਂ ਸਹੇਲੀਆਂ ਤੋਂ ਦੂਰ ਜਾ ਰਹੀ ਸੀ।

ਜਦ ਇੱਕ ਹਰਮੋਨੀਅਮ ਵਾਲੇ ਗਵੱਈਏ ਨੇ ਇੱਕ ਫ਼ਿਲਮੀ ਗੀਤ ਦੀ ਤਰਜ਼ ‘ਤੇ ਦਰਦਮਈ ਸ਼ਬਦਾਂ ਵਿੱਚ ਸਹੁਰੇ ਘਰ ਜਾਣ ਵਾਲੀ ਕੁੜੀ ਦੇ ਆਉਣ ਵਾਲ਼ੇ ਸਮੇਂ ਦਾ ਦਰਦਮਈ ਸ਼ਬਦਾਂ ਵਿੱਚ ਚਿੱਤਰ ਖਿੱਚਣਾ ਸ਼ੁਰੂ ਕਰ ਦਿੱਤਾ ਤਾਂ ਸੰਗਤ ਵਿੱਚ ਛਾਈ ਹੋਈ ਉਦਾਸੀ ਹੋਰ ਤੀਬਰ ਹੋ ਗਈ। ਜੀਤੋ ਦਾ ਭਰਾ ਵੀ ਇਹ ਸਭ ਕੁਝ ਸੁਣ ਰਿਹਾ ਸੀ। ਉਸ ਨੇ ਗਾਉਣ ਵਾਲੇ ਨੂੰ ਝਿੜਕਵੇਂ ਜਿਹੇ ਲਹਿਜੇ ਵਿੱਚ ਆਖ ਕੇ ਉਸ ਦਾ ਗਾਣਾ ਬੰਦ ਕਰਵਾ ਦਿੱਤਾ। ਉਹ ਕਿਸੇ ਤਰ੍ਹਾਂ ਵੀ ਇਹ ਪ੍ਰਗਟ ਨਹੀਂ ਸੀ ਹੋਣ ਦੇਣਾ ਚਾਹੁੰਦਾ ਕਿ ਉਸ ਦਾ ਦਿਲ ਵੀ ਕਮਜ਼ੋਰ ਅਤੇ ਜਜ਼ਬਾਤੀ ਹੈ। ਉਹ ਆਪਣੀਆਂ ਅੱਖਾਂ ਵਿੱਚ ਆਉਣ ਵਾਲ਼ੇ ਹੰਝੂ ਰੋਕ ਕੇ ਆਪਣੀ ਦ੍ਰਿੜ੍ਹਤਾ ਕਾਇਮ ਰੱਖਣੀ ਚਾਹੁੰਦਾ ਸੀ।

ਅਨੰਦ-ਕਾਰਜ ਦੀ ਰਸਮ ਪੂਰੀ ਹੋ ਗਈ। ਸਭ ਅੱਖਾਂ ਪੂੰਝਦੇ ਭੋਗ ਦਾ ਪ੍ਰਸਾਦ ਲੈ ਕੇ ਦੁਪਹਿਰ ਦੀ ਰੋਟੀ ਦੇ ਪ੍ਰਬੰਧ ਵਿੱਚ ਲੱਗ ਪਏ। ਜੀਤੋ ਦੇ ਭਰਾ ਨੇ ਉਸ ਨੂੰ ਬੁੱਕਲ ਵਿੱਚ ਲੈ ਕੇ ਮਹਾਰਾਜ ਦੀ ਹਜ਼ੂਰੀ ਤੋਂ ਉਠਾਇਆ ਅਤੇ ਘਰ ਦੇ ਅੰਦਰਲੇ ਕਮਰੇ ਵਿੱਚ ਜਾ ਬਿਠਾਇਆ। ਜੀਤੋ ਨੇ ਰੋ-ਰੋ ਕੇ ਆਪਣੀਆਂ ਅੱਖਾਂ ਸੁਜਾ ਲਈਆਂ ਸਨ। ਜੀਤੋ ਦੇ ਭਰਾ ਨੇ ਉਸ ਨੂੰ ਝਿੜਕਦਿਆਂ ਕਿਹਾ, “ਮੂਰਖ਼ ਨਹੀਂ ਬਣੀਂਦਾ, ਚੁੱਪ ਕਰ।”

ਪਹਿਲਾਂ ਬਰਾਤ, ਫਿਰ ਮੇਲੀ ਅਤੇ ਪਿੰਡ ਦੇ ਭਾਈਚਾਰੇ ਤੇ ਕੰਮੀਆਂ ਕਮੀਣਾ ਨੇ ਵੀ ਰੋਟੀ ਖਾ ਲਈ। ਫਟਾ-ਫਟ ਖੱਟ ਵਿਛਾਈ ਗਈ ਅਤੇ ਬਰਾਤੀ ਤੇ ਪਿੰਡ ਵਾਲ਼ੇ ਖੱਟ ਦੀ ਸ਼ਲਾਘਾ ਕਰਦੇ ਚਲੇ ਗਏ। ਜੀਤੋ ਨੂੰ ਵਿਦਾ ਕਰਨ ਦੀ ਤਿਆਰੀ ਅਰੰਭ ਹੋ ਗਈ। ਭਾਈਚਾਰੇ ਤੇ ਅੰਗਾਂ-ਸਾਕਾਂ
ਨੇ ਲਾੜੇ ਨੂੰ ਸਲਾਮੀਆਂ ਪਾਈਆਂ। ਜੀਤੋ ਦੀ ਮਾਂ ਨੇ ਜੀਤੋ ਦੇ ਪਰਾਹੁਣੇ ਨੂੰ ਬੜੇ ਪਿਆਰ ਨਾਲ ਪਿਆਰ ਦਿੱਤਾ ਤੇ ਉਸ ਦੀ ਝੋਲੀ ਸਲਾਮੀ ਦੇ ਗਿਆਰਾਂ ਰੁਪਏ ਪਾਏ। ਸ਼ਰੀਕੇ ਵਿੱਚੋਂ ਜੀਤੋ ਦੀਆਂ ਭੈਣਾਂ ਲੱਗਦੀਆਂ ਕੁੜੀਆਂ ਨਵੇਂ ਜੀਜੇ ਨੂੰ ਮਖੌਲ ਕਰਨ ਲੱਗੀਆਂ।

ਗੁਆਂਢੀ ਪਿੰਡ ਤੋਂ ਚੱਲ ਕੇ ਆਈ ਜੀਤੋ ਦੀ ਇੱਕ ਗੂੜੀ ਸਹੇਲੀ, ਜੋ ਪੰਜਵੀਂ ਜਮਾਤ ਵਿੱਚ ਉਸ ਦੀ ਜਮਾਤਣ ਸੀ, ਜੀਤੋ ਦੇ ਭਰਾ ਕੋਲ ਆ ਕੇ ਰੋਣ ਲੱਗ ਪਈ। ਕਾਰਨ ਪੁੱਛਣ ‘ਤੇ ਉਸ ਨੇ ਜੀਤੋ ਦੇ ਭਰਾ ਨੂੰ ਕਿਹਾ ਕਿ ਉਸ ਨੂੰ ਜੀਤੋ ਨਾਲ ਸਹੁਰੀਂ ਜਾਣਾ ਚਾਹੀਦਾ ਹੈ। ਪਰ ਜੀਤੋ ਦੇ ਭਰਾ ਨੇ ਉਸ ਨੂੰ ਉਸੇ ਤਰ੍ਹਾਂ ਝਿੜਕ ਕੇ ਭੇਜ ਦਿੱਤਾ ਜਿਵੇਂ ਉਹ ਜੀਤੋ ਨੂੰ ਭੇਜ ਦਿਆ ਕਰਦਾ ਸੀ। ਉਸ ਨੇ ਆਪਣੀ ਮਾਂ ਦੀ ਗੱਲ ਵੀ ਅਣਸੁਣੀ ਕਰ ਦਿੱਤੀ। ਜੀਤੋ ਦੇ ਭਰਾ ਨੇ ਆਪਣੇ ਸਭ ਤੋਂ ਛੋਟੇ ਭਰਾ ਨੂੰ ਜੀਤੋ ਨਾਲ ਭੇਜਣ ਬਾਰੇ ਆਖ ਕੇ ਸਭ ਨੂੰ ਪਰੇ ਹਟਾ ਦਿੱਤਾ। ਫਿਰ ਜੀਤੋ ਦੇ ਭਰਾ ਨੇ ਤਾਏ ਦੀ ਵੱਡੀ ਧੀ (ਜੋ ਬੜੇ ਮਾਣ ਨਾਲ ਉਸ ਨੂੰ ਮਨਾਉਣ ਆਈ ਸੀ) ਨੂੰ ਵੀ ਨਾਂਹ ਕਰ ਦਿੱਤੀ।

ਜੰਞ ਵਿਦਾ ਹੋਣ ਲਈ ਬੱਸ ਵਿੱਚ ਜਾ ਬੈਠੀ। ਜੀਤੋ ਦਾ ਪਰਾਹੁਣਾ ਵੀ ਕਾਰ ਵਿੱਚ ਬੈਠ ਗਿਆ। ਪਰ ਜੀਤੋ ਰੋਣੋਂ ਨਹੀਂ ਸੀ ਹਟਦੀ। ਉਹ ਘਰ ਤੋਂ ਕਾਰ ਵੱਲ ਪੈਰ ਪੁੱਟਣ ਦਾ ਨਾਂ ਨਹੀਂ ਸੀ ਲੈਂਦੀ। ਉਸ ਨੇ ਕਿਸੇ ਦੀ ਵੀ ਸਲਾਮੀ ਆਪਣੇ ਪੱਲੇ ਨਹੀਂ ਸੀ ਪੁਆਈ ਸਗੋਂ ਇਹ ਪੈਸੇ ਨੈਣ ਹੀ ਸੰਭਾਲ ਰਹੀ ਸੀ। ਜੀਤੋ ਦੇ ਭਰਾ ਦਾ ਵਿਚਾਰ ਸੀ ਕਿ ਜਦ ਜੀਤੋ ਕਾਰ ਵਿੱਚ ਬੈਠ ਕੇ ਜਾਣ ਲੱਗੇਗੀ ਤਾਂ ਉਹ ਉਸ ਨੂੰ ਸਲਾਮੀ ਪਾ ਕੇ ਪਿਆਰ ਨਾਲ ਤੋਰ ਦਏਗਾ। ਜੀਤੋ ਦੇ ਤਾਇਆਂ-ਚਾਚਿਆਂ ਅਤੇ ਪਿਓ ਨੇ ਵੀ ਜੀਤੋ ਦੇ ਭਰਾ ਨੂੰ ਸਮਝਾਇਆ ਕਿ ਉਸ ਨੂੰ ਜੀਤੋ ਨਾਲ਼ ਜਾਣ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੇਕਰ ਨਿਆਣੀ ਕੁੜੀ ਜ਼ਿਦ ਕਰਦੀ ਹੈ ਤਾਂ ਉਸ ਦਾ ਕਿਹਾ ਵੀ ਮੰਨ ਲਿਆ ਜਾਣਾ ਚਾਹੀਦਾ ਹੈ। ਜੀਤੋ ਦੇ ਭਰਾ ਨੇ ਨਾ ਹਾਂ ਕੀਤੀ ਅਤੇ ਨਾ ਹੀ ਨਾਂਹ ਸਗੋਂ ਉਹ ਪੱਥਰ ਬਣ ਕੇ ਖਲੋਤਾ ਰਿਹਾ। ਜੰਞ ਦੇ ਵਿਦਾ ਹੋਣ ਵਿੱਚ ਦੇਰ ਹੋ ਰਹੀ ਸੀ। ਪਰ ਜੀਤੋ ਕਾਰ ਵੱਲ ਪੈਰ ਵੀ ਨਹੀਂ ਸੀ ਪੁੱਟ ਰਹੀ। ਜੀਤੋ ਦਾ ਭਰਾ ਰੋਂਦੀ ਕੁਰਲਾਉਂਦੀ ਅਤੇ ਸਾਲੂ ਵਿੱਚ ਵਲ੍ਹੇਟੀ ਜੀਤੋ ਨੂੰ ਆਪਣੇ ਕਲਾਵੇ ਵਿੱਚ ਚੁੱਕ ਕੇ ਲੈ ਆਇਆ ਅਤੇ ਉਸ ਨੂੰ ਕਾਰ ਵਿੱਚ ਬਿਠਾ ਦਿੱਤਾ। ਜੀਤੋ ਦੇ ਵੱਡੇ ਤਾਏ ਅਤੇ ਛੋਟੇ ਚਾਚੇ ਨੇ ਬੜੇ ਪਿਆਰ ਨਾਲ ਜੀਤੋ ਨੂੰ ਦਿਲਾਸਾ ਦਿੱਤਾ ਅਤੇ ਸਲਾਮੀ ਪਾ ਕੇ ਪਰੇ ਹਟ ਗਏ। ਜੀਤੋ ਦਾ ਭਰਾ ਵੀ ਆਪਣੀ ਨਿੱਕੀ ਜਿਹੀ ਭੈਣ ਨੂੰ ਸਲਾਮੀ ਪਾਉਣ ਲਈ ਬਟੂਆ ਫਰੋਲਣ ਲੱਗਾ। ਜੀਤੋ ਤੇ ਉਸ ਦੀਆਂ ਸਹੇਲੀਆਂ ਦੇ ਰੋ-ਰੋ ਕੇ ਲਾਲ ਹੋਏ ਮੂੰਹ ਦੇਖ ਕੇ ਉਸ ਦਾ ਮਨ ਭਾਰੀ ਹੋ ਗਿਆ। ਫਿਰ ਉਸ ਨੂੰ ਆਪਣਾ ਚੇਤਾ ਆਇਆ ਕਿ ਕਿਵੇਂ ਉਹ ਵਿਆਹ ਲਈ ਤਿਆਰ ਹੁੰਦਾ-ਹੁੰਦਾ ਵਿਆਹ ਤੋਂ ਡਰ ਜਾਂਦਾ ਸੀ। ਜਿਸ ਕੁੜੀ ਨੂੰ ਉਹ ਨੇੜਿਓਂ ਨਹੀਂ ਸੀ ਜਾਣਦਾ ਉਸ ਨੂੰ ਕਿਵੇਂ ਅਪਣਾ ਸਕਦਾ ਸੀ। ਹਾਲਾਂ ਕਿ ਉਸ ਦੀ ਵਹੁਟੀ ਨੇ ਭਾਰਤੀ ਮਰਯਾਦਾ ਅਨੁਸਾਰ ਉਸ ਦੀ ਦਾਸੀ ਬਣ ਕੇ ਹੀ ਰਹਿਣਾ ਸੀ। ਪਰ ਹੁਣ ਤਾਂ ਉਸ ਤੋਂ ਅੱਠ-ਦਸ ਵਰ੍ਹੇ ਛੋਟੀ ਉਸ ਦੀ ਭੈਣ ਕਿਸੇ ਅਨਜਾਣ ਮੁੰਡੇ ਕੋਲ ਉਸ ਦੀ ਦਾਸੀ ਬਣਨ ਲਈ ਦੂਰ ਜਾ ਰਹੀ ਸੀ ਜਿੱਥੇ ਸ਼ਾਇਦ ਉਸ ਨੂੰ ਛੇਤੀ ਮਿਲਨ ਲਈ ਵੀ ਨਹੀਂ ਸੀ ਜਾਇਆ ਜਾ ਸਕਣਾ, ਜਿੱਥੇ ਜੀਤੋ ਦੀ ਕੋਈ ਸਹੇਲੀ ਨਹੀਂ ਸੀ ਅਤੇ ਜਿੱਥੇ ਉਸ ਨੇ ਆਪਣੀ ਮਨ-ਮਰਜ਼ੀ ਨਾਲ਼ ਥੋੜ੍ਹੇ ਕੀਤੇ ਕੋਈ ਗੱਲ ਨਹੀਂ ਸੀ ਕਰ ਸਕਣੀ। ਇਹ ਸਭ ਕੁਝ ਸੋਚ ਕੇ ਉਹ ਉਦਾਸ ਹੋ ਗਿਆ।

ਉਦਾਸ ਜਿਹੇ ਮਨ ਨਾਲ ਜੀਤੋ ਦੇ ਵੀਰ ਨੇ ਆਪਣੇ ਬਟੂਏ ਵਿੱਚੋਂ ਸਾਰੇ ਦੇ ਸਾਰੇ ਪੈਸੇ ਬਿਨਾਂ ਗਿਣਨ ਤੋਂ ਕੱਢੇ ਅਤੇ ਜੀਤੋ ਦੇ ਹੱਥ ‘ਤੇ ਧਰ ਦਿੱਤੇ। ਚੰਗੀ ਭਲੀ ਚੁੱਪ ਹੋਈ ਜੀਤੋ ਇਕਦਮ ਫਿੱਸ ਪਈ। ਉਸ ਨੇ ਆਪਣੀ ਹਥੇਲੀ ‘ਤੇ ਖਿੱਲਰੇ ਰੁਪਏ ਕਾਰ ਦੇ ਬਾਹਰ ਸੁੱਟ ਦਿੱਤੇ ਅਤੇ ਆਪਣੇ ਵੀਰ ਨੂੰ ਜੱਫੀ ਪਾ ਕੇ ਰੋਣ ਲੱਗੀ। ਜੀਤੋ ਦੇ ਭਰਾ ਨੂੰ ਗੱਚ ਆ ਗਿਆ। ਉਸ ਨੇ ਡ੍ਰਾਈਵਰ ਨੂੰ ਕਾਰ ਸਟਾਰਟ ਕਰਨ ਦਾ ਇਸ਼ਾਰਾ ਕੀਤਾ। ਉਸ ਨੇ ਭਾਰੇ ਜਿਹੇ ਮਨ ਨਾਲ ਆਪਣੇ ਛੋਟੇ ਭਰਾ ਨੂੰ ਜੀਤੋ ਕੋਲੋਂ ਉਠਾ ਕੇ ਆਪਣੇ ਬਾਪੂ ਨੂੰ ਫੜਾਇਆ ਅਤੇ ਉਹ ਆਪ ਜੀਤੋ ਦੇ ਨਾਲ ਵਾਲੀ ਸੀਟ ‘ਤੇ ਬੈਠ ਗਿਆ। ਜੀਤੋ ਦੇ ਪਿਓ ਨੇ ਆਪਣੇ ਪੁੱਤਰ ਅਥਵਾ ਜੀਤੋ ਨੇ ਵੱਡੇ ਵੀਰ ਨੂੰ ਕੱਪੜੇ ਬਦਲਨ ਲਈ ਕਿਹਾ ਜੋ ਸਬਜ਼ੀ ਨਾਲ ਖ਼ਰਾਬ ਹੋ ਗਏ ਸਨ। ਪਰ ਉਸ ਨੇ ਬਾਪ ਦੇ ਬੋਲਾਂ ਨੂੰ ਅਣਸੁਣੇ ਕਰ ਕੇ ਰੋਂਦੀ ਜੀਤੋ ਨੂੰ ਚੁੱਪ ਕਰਨ ਲਈ ਕਿਹਾ ਅਤੇ ਉਹਨਾਂ ਹੀ ਕੱਪੜਿਆਂ ਨਾਲ ਜੀਤੋ ਨਾਲ ਤੁਰ ਗਿਆ।

ਇਸ ਤਰ੍ਹਾਂ ‘ਘਰ ਜਾ ਆਪਣੇ’ ਕਹਾਣੀ ਆਪਣੇ ਸਮੇਂ ਦੇ ਵਿਆਹ ਦੇ ਮਾਹੌਲ ਅਤੇ ਆਪਸੀ ਰਿਸ਼ਤਿਆਂ ਨੂੰ ਪ੍ਰਗਟ ਕਰਦੀ ਹੈ।