ਸਾਰ : ਕੁੱਖ ਵਿੱਚੋਂ ਧੀ ਦਾ ਤਰਲਾ


ਕੁੱਖ ਵਿੱਚੋਂ ਧੀ ਦਾ ਤਰਲਾ : ਸੁਜਾਨ ਸਿੰਘ ‘ਸੁਜਾਨ’


‘ਕੁੱਖ ਵਿੱਚੋਂ ਧੀ ਦਾ ਤਰਲਾ’ ਗੀਤ ਕਵੀ ਸੁਜਾਨ ਸਿੰਘ ‘ਸੁਜਾਨ’ ਦੀ ਲਿਖੀ ਹੋਈ ਹੈ। ਇਸ ਵਿੱਚ ਕਵੀ ਨੇ ਅਣਜੰਮੀ ਧੀ ਦੀ ਆਪਣੀ ਮਾਂ ਅੱਗੇ ਕੀਤੀ ਜਾ ਰਹੀ ਫ਼ਰਿਆਦ ਨੂੰ ਪੇਸ਼ ਕੀਤਾ ਹੈ, ਜੋ ਮੁੰਡੇ ਦੇ ਲਾਲਚ ਵਿੱਚ ਆਪਣੀ ਧੀ ਨੂੰ ਮਾਰਨ ਤੇ ਤੁਲੀ ਹੋਈ ਹੈ। ਧੀ ਆਪਣੀ ਮਾਂ ਨੂੰ ਫ਼ਰਿਆਦ ਕਰਦੀ ਹੋਈ ਕਹਿ ਰਹੀ ਹੈ ਕਿ ਜੇਕਰ ਉਹ ਇੱਕ ਕੁੜੀ ਹੈ ਤਾਂ ਇਸ ਵਿੱਚ ਉਸਦਾ ਕੀ ਕਸੂਰ ਹੈ। ਸਾਡੇ ਗੁਰੂ ਸਾਹਿਬਾਨ ਨੇ ਵੀ ਗੁਰਬਾਣੀ ਵਿੱਚ ਔਰਤ ਦਾ ਸਤਿਕਾਰ ਕੀਤਾ ਹੈ।

ਧੀ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਧੀਆਂ ਤਾਂ ਪੁੱਤਰਾਂ ਤੋਂ ਵੱਧ ਕੇ ਮਾਪਿਆਂ ਦਾ ਸੁੱਖ ਚਾਹੁੰਦੀਆਂ ਹਨ। ਜੇਕਰ ਉਹ ਨਾ ਰਹੀ ਤਾਂ ਵੀਰ ਦੇ ਰੱਖੜੀ ਕੌਣ ਬੰਨ੍ਹੇਗਾ? ਧੀ ਤੋਂ ਬਿਨਾਂ ਮਾਂ ਦੇ ਵਿਹੜੇ ਵਿੱਚ ਕੌਣ ਗਿੱਧਾ ਤੇ ਕਿੱਕਲੀ ਪਾਵੇਗਾ? ਉਸ ਤੋਂ ਬਿਨਾਂ ਉਸ ਦਾ ਘਰ ਬਾਰ ਸਭ ਸੁੰਨੇ ਹੀ ਰਹਿ ਜਾਣਗੇ। ਉਸਦੇ ਵਿਹੜੇ ਵਿੱਚ ਕੋਈ ਬਰਾਤ ਨਹੀਂ ਆਵੇਗੀ ਤੇ ਨਾ ਹੀ ਕੋਈ ਸ਼ਗਨਾਂ ਦੇ ਗੀਤ ਗਾਵੇਗਾ। ਕਵੀ ਦੱਸਦਾ ਹੈ ਕਿ ਧੀਆਂ ਦੀ ਹੋਣ ਤੋਂ ਬਿਨਾਂ ਤੀਆਂ ਅਤੇ ਰੱਖੜੀ ਵਰਗੇ ਤਿਉਹਾਰ ਤਾਂ ਲੋਕ ਭੁੱਲ ਜਾਣਗੇ। ਮਾਂ ਤੇ ਧੀ ਦਾ ਰਿਸ਼ਤਾ ਬੜਾ ਅਨਮੋਲ ਹੈ। ਇਹ ਇੱਕ ਦੂਜੇ ਦਾ ਦੁੱਖ ਸਾਂਝਾ ਕਰਦੀਆਂ ਹਨ।