ਸਾਢੇ ਤਿੰਨ ਹੱਥ……………ਖ਼ੁਦੀ ਤੇ ਗੁਮਾਨੁ।
ਆਪਿ ਨੂੰ ਪਛਾਣੁ : ਸ਼ਾਹ ਹੁਸੈਨ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਸਾਢੇ ਤਿੰਨ ਹੱਥ ਮਿਲਖ ਤੁਸਾਡਾ, ਏਡੀ ਤੂੰ ਤਾਣ ਨਾ ਤਾਣੁ।
ਸੁਇਨਾ ਰੁਪਾ ਤੇ ਮਾਲ ਖਜੀਨਾ, ਹੋਇ ਰਹਿਆ ਮਹਿਮਾਨੁ ।
ਕਹੈ ਹੁਸੈਨ ਫ਼ਕੀਰ ਨਿਮਾਣਾ, ਛਡਿ ਦੇ ਖ਼ੁਦੀ ਤੇ ਗੁਮਾਨੁ।
ਪ੍ਰਸੰਗ : ਇਹ ਕਾਵਿ-ਟੋਟਾ ਸਾਹਿਤ ਮਾਲਾ’ ਪੁਸਤਕ ਵਿੱਚ ਦਰਜ ਸ਼ਾਹ ਹੁਸੈਨ ਦੀ ਕਾਫ਼ੀ ‘ਆਪਿ ਨੂੰ ਪਛਾਣ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਆਪਣੇ ਸੂਫ਼ੀ ਵਿਚਾਰਾਂ ਨੂੰ ਅੰਕਿਤ ਨੂੰ ਅੰਕਿਤ ਕਰਦਾ ਹੋਇਆ ਮਨੁੱਖ ਨੂੰ ਪਰਮਾਤਮਾ ਦੇ ਮਿਲਾਪ ਲਈ ਆਪਣੇ ਆਪੇ ਦੀ ਪਛਾਣ ਕਰਨ ਅਤੇ ਮੌਤ ਤੇ ਕਬਰ ਦਾ ਡਰ ਦਿੰਦਿਆਂ ਸੰਸਾਰਿਕ ਪਦਾਰਥਾਂ ਦੇ ਅਡੰਬਰ ਦਾ ਤਿਆਗ ਕਰਨ ਲਈ ਕਹਿੰਦਾ ਹੈ। ਇਨ੍ਹਾਂ ਸਤਰਾਂ ਵਿੱਚ ਸ਼ਾਹ ਹੁਸੈਨ ਮਨੁੱਖ ਨੂੰ ਸੰਸਾਰਿਕ ਅਡੰਬਰਾਂ ਦਾ ਹੰਕਾਰ ਛੱਡ ਕੇ ਪ੍ਰਭੂ ਦਾ ਲੜ ਫੜਨ ਦੀ ਪ੍ਰੇਰਨਾ ਦਿੰਦਾ ਹੈ।
ਵਿਆਖਿਆ : ਹੇ ਮਨੁੱਖ ! ਤੇਰੇ ਲਈ ਸੰਸਾਰਿਕ ਪਦਾਰਥਾਂ ਦੀ ਮਾਲਕੀ ਦੇ ਵੱਡੇ ਪਸਾਰੇ ਪਸਾਰਨਾ ਕਿਸੇ ਅਰਥ ਨਹੀਂ ਕਿਉਂਕਿ ਕੇਵਲ ਸਾਢੇ ਤਿੰਨ ਹੱਥ ਕਬਰ ਦੀ ਜ਼ਮੀਨ ਹੀ ਤੇਰੀ ਅਸਲ ਮਲਕੀਅਤ ਹੈ, ਜਿਸ ਵਿੱਚ ਤੂੰ ਮਰਨ ਮਗਰੋਂ ਸਦਾ ਲਈ ਨਿਵਾਸ ਕਰਨਾ ਹੈ। ਤੂੰ ਜਿਹੜਾ ਬੇਅੰਤ ਸੋਨਾ, ਚਾਂਦੀ ਤੇ ਮਾਲ-ਖ਼ਜਾਨੇ ਇਕੱਠੇ ਕੀਤੇ ਹਨ, ਇਹ ਸਭ ਮਹਿਮਾਨ ਸਮਾਨ ਹਨ ਤੇ ਇਹ ਤੇਰੇ ਕੋਲ ਸਦਾ ਨਹੀਂ ਰਹਿਣੇ। ਤੇਰੀ ਮੌਤ ਹੋਣ ਨਾਲ ਤੇਰਾ ਇਨ੍ਹਾਂ ਨਾਲੋਂ ਸਾਥ ਟੁੱਟ ਜਾਣਾ ਹੈ। ਇਸ ਕਰਕੇ ਨਿਮਾਣਾ ਫ਼ਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਿ ਤੈਨੂੰ ਸੰਸਾਰਿਕ ਪਦਾਰਥਾਂ ਦੇ ਅਡੰਬਰਾਂ ਦੀ ਹਉਮੈਂ ਤੇ ਹੰਕਾਰ ਛੱਡ ਦੇਣਾ ਚਾਹੀਦਾ ਹੈ ਤੇ ਆਪਣੇ ਆਪੇ ਦੀ ਪਛਾਣ ਕਰਦਿਆਂ ਪ੍ਰਭੂ ਨਾਲ ਇਕਮਿਕਤਾ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ।