ਸਾਡੇ ਸ਼ਹਿਰ ਦੀਆਂ ਲੋਕਲ ਬੱਸਾਂ – ਪੈਰਾ ਰਚਨਾ
ਸਾਡੇ ਸ਼ਹਿਰ ਵਿਚ ਬਹੁਤ ਸਾਰੀਆਂ ਲੋਕਲ ਬੱਸਾਂ ਚਲਦੀਆਂ ਹਨ। ਇਨ੍ਹਾਂ ਦਾ ਪ੍ਰਬੰਧ ਸ਼ਹਿਰ ਦੀ ਮਿਊਂਸਿਪਲ ਕਾਰਪੋਰੇਸ਼ਨ ਦੇ ਹੱਥ ਹੈ। ਇਨ੍ਹਾਂ ਰਾਹੀਂ ਜਿੱਥੇ ਕਾਰਪੋਰੇਸ਼ਨ ਲੋਕ – ਸੇਵਾ ਦੇ ਆਪਣੇ ਕਰਤੱਵ ਨੂੰ ਨਿਭਾਉਂਦੀ ਹੈ, ਉੱਥੇ ਬਹੁਤ ਸਾਰੀ ਆਮਦਨ ਵੀ ਪ੍ਰਾਪਤ ਕਰਦੀ ਹੈ। ਇਨ੍ਹਾਂ ਦਾ ਕੇਂਦਰੀ ਅੱਡਾ ਜਨਰਲ ਬੱਸ ਸਟੈਂਡ ਦਾ ਪਿਛਲਾ ਪਾਸਾ ਹੈ।
ਇੱਥੋਂ ਲੋਕਲ ਬੱਸਾਂ ਜਿੱਥੇ ਸ਼ਹਿਰ ਦੇ ਵੱਖ – ਵੱਖ ਹਿੱਸਿਆਂ, ਜਿਵੇਂ ਰੇਲਵੇ ਸਟੇਸ਼ਨ, ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਬਸਤੀ ਸ਼ੇਖ, ਬਸਤੀ ਦਾਨਸ਼ਮੰਦਾਂ,ਬਸਤੀ ਬਾਵਾ ਖੇਲ, ਸ਼ਹੀਦ ਭਗਤ ਸਿੰਘ ਕਾਲੌਨੀ, ਪੀ . ਏ . ਪੀ., ਲੰਮਾ ਪਿੰਡ, ਗੜ੍ਹਾ ਤੇ ਕਰਤਾਰਪੁਰ, ਕਪੂਰਥਲਾ, ਛਾਉਣੀ, ਰਾਮਾਮੰਡੀ, ਪਰਾਗਪੁਰ, ਚਿੱਟੀ, ਮਿੱਠਾਪੁਰ, ਨਕੋਦਰ ਆਦਿ ਵੱਲ ਵੀ ਚਲਦੀਆਂ ਹਨ। ਹਰ ਲੋਕਲ ਬੱਸ ਉੱਪਰ ਉਸ ਦਾ ਨੰਬਰ ਹੁੰਦਾ ਹੈ, ਜੋ ਉਸ ਦੇ ਰੂਟ ਨੂੰ ਦਰਸਾਉਂਦਾ ਹੈ। ਸ਼ਹਿਰ ਦੀ ਲੋਕਲ ਬੱਸ ਸਵਾਰੀਆਂ ਨੂੰ ਜਿੱਥੇ ਥੋੜ੍ਹੀ – ਥੋੜ੍ਹੀ ਦੂਰ ਉੱਤੇ ਚੜ੍ਹਨ ਅਤੇ ਉਤਰਣ ਦੀ ਸਹੂਲਤ ਦਿੰਦੀ ਹੈ, ਉੱਥੇ ਇਸ ਦਾ ਕਿਰਾਇਆ ਰਿਕਸ਼ੇ, ਟਾਂਗੇ ਤੇ ਆਟੋ – ਰਿਕਸ਼ਾ ਆਦਿ ਦੇ ਮੁਕਾਬਲੇ ਬਹੁਤ ਘੱਟ ਹੈ, ਜਿਸ ਕਰਕੇ ਇਹ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ। ਲੋਕ ਥਾਂ – ਥਾਂ ਬਣੇ ਇਸ ਦੇ ਸਟਾਪਾਂ ਉੱਪਰ ਖੜ੍ਹੇ ਇਸ ਦੀ ਉਡੀਕ ਕਰਦੇ ਹਨ। ਉਤਰਨ ਵਾਲੀਆਂ ਸਵਾਰੀਆਂ ਤੇਜ਼ੀ ਨਾਲ ਅਗਲੇ ਦਰਵਾਜ਼ੇ ਥਾਣੀ ਉੱਤਰ ਜਾਂਦੀਆਂ ਹਨ ਤੇ ਚੜ੍ਹਨ ਵਾਲੀਆਂ ਪਿਛਲੇ ਦਰਵਾਜ਼ੇ ਥਾਣੀ ਚੜ੍ਹ ਜਾਂਦੀਆਂ ਹਨ।
ਇਕ ਮਿੰਟ ਰੁਕਣ ਮਗਰੋਂ ਹੀ ਇਹ ਚੱਲ ਪੈਂਦੀ ਹੈ। ਕੰਡਕਟਰ ਤੇਜ਼ੀ ਨਾਲ ਟਿਕਟਾਂ ਕੱਟਦਾ ਹੈ। ਝੱਟ ਹੀ ਅਗਲਾ ਸਟਾਪ ਆ ਜਾਂਦਾ ਹੈ। ਲੋਕ ਤੇਜ਼ੀ ਨਾਲ ਉਤਰਦੇ ਤੇ ਚੜ੍ਹਦੇ ਹਨ। ਕਈਆਂ ਨੂੰ ਸੀਟ ਨਹੀਂ ਮਿਲਦੀ, ਉਹ ਖੜ੍ਹੇ ਹੋ ਜਾਂਦੇ ਹਨ। ਜਿਨ੍ਹਾਂ ਨੂੰ ਅੰਦਰ ਵੜਨਾ ਨਹੀਂ ਮਿਲਦਾ, ਉਹ ਦਰਵਾਜ਼ੇ ਨਾਲ ਹੀ ਲਮਕ ਜਾਂਦੇ ਹਨ। ਆਮ ਕਰਕੇ ਸਾਡੇ ਸ਼ਹਿਰ ਦੀ ਹਰ ਬੱਸ ਅੰਦਰੋਂ ਗੰਦੀ ਹੁੰਦੀ ਹੈ ਤੇ ਉਸ ਦੇ ਸ਼ੀਸ਼ੇ ਟੁੱਟੇ ਹੋਏ ਹੁੰਦੇ ਹਨ। ਕਾਰਪੋਰੇਸ਼ਨ ਨੂੰ ਇਨ੍ਹਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਨੂੰ ਵੀ ਬੱਸ ਚੜ੍ਹਦਿਆਂ ਤੇ ਉਤਰਦਿਆਂ ਕਤਾਰ ਬਣਾਉਣੀ ਚਾਹੀਦੀ ਹੈ ਤੇ ਅੰਦਰ ਗੰਦ ਨਹੀਂ ਪਾਉਣਾ ਚਾਹੀਦਾ।