ਸਾਡੇ ਜੀਵਨ ਵਿੱਚ ਪੰਛੀ – ਪੈਰਾ ਰਚਨਾ

ਪੰਛੀ ਕੁਦਰਤ ਦਾ ਅਨਮੋਲ ਧਨ ਹਨ। ਇਹ ਸਾਡੇ ਆਲੇ – ਦੁਆਲੇ ਦੇ ਜੀਵ – ਸੰਸਾਰ ਦਾ ਮਹੱਤਵਪੂਰਨ ਹਿੱਸਾ ਹਨ। ਇਹ ਆਪਣੀਆਂ ਵੰਨਗੀਆਂ, ਰੰਗਾਂ, ਉਡਾਰੀਆਂ ਤੇ ਸੁਰੀਲੀਆਂ ਅਵਾਜ਼ਾਂ ਨਾਲ ਸਾਡੇ ਵਾਤਾਵਰਨ ਨੂੰ ਬੇਹੱਦ ਸੁਆਦਲਾ ਤੇ ਰੋਚਕ ਬਣਾ ਦਿੰਦੇ ਹਨ।

ਕਈ ਪੰਛੀ ਬਹੁਤ ਹੀ ਸੁੰਦਰ ਹੁੰਦੇ ਹਨ, ਜੋ ਕੁਦਰਤ ਦੀ ਆਭਾ ਨੂੰ ਚਾਰ ਚੰਨ ਲਾ ਦਿੰਦੇ ਹਨ। ਅਸੀਂ ਆਪਣੇ ਆਲੇ – ਦੁਆਲੇ ਅਨੇਕਾਂ ਪੰਛੀ ਦੇਖ ਸਕਦੇ ਹਾਂ, ਜਿਹੜੇ ਆਪਣੇ ਰੰਗਾਂ ਜਾਂ ਆਕਾਰਾਂ ਕਰਕੇ ਹੀ ਵੱਖਰੇ ਨਹੀਂ ਹੁੰਦੇ, ਸਗੋਂ ਸੁਭਾਵਾਂ ਕਰਕੇ ਹੀ ਵੱਖਰੇ ਹੁੰਦੇ ਹਨ। ਇਹ ਆਮ ਕਰਕੇ ਰੁੱਖਾਂ ਜਾਂ ਛੱਤਾਂ ਵਿਚ ਤੀਲਿਆਂ ਦੇ ਘਰ ਬਣਾ ਕੇ ਰਹਿੰਦੇ ਹਨ।

ਬਿਜੜੇ ਵਰਗਾ ਪੰਛੀ ਆਪਣਾ ਘਰ ਬਹੁਤ ਕਲਾਕਾਰੀ ਨਾਲ ਬਣਾਉਂਦਾ ਹੈ। ਪੰਛੀ ਆਪਣੇ ਘਰਾਂ ਵਿੱਚ ਜੋੜਿਆਂ ਦੀ ਸ਼ਕਲ ਵਿਚ ਰਹਿੰਦੇ ਹਨ ਤੇ ਮਦੀਨ ਪੰਛੀ ਬੱਚੇ ਪੈਦਾ ਕਰਨ ਲਈ ਆਂਡੇ ਦਿੰਦਾ ਹੈ। ਕਈ ਮਾਸਾਹਾਰੀ ਪੰਛੀ ਛੋਟੇ ਪੰਛੀਆਂ ਉਨ੍ਹਾਂ ਦੇ ਆਂਡਿਆਂ ਨੂੰ ਖਾ ਵੀ ਜਾਂਦੇ ਹਨ। ਪੰਛੀ ਆਮ ਕਰਕੇ ਦਾਣੇ, ਕੀੜੇ – ਮਕੌੜੇ ਤੇ ਮਾਸ ਖਾਂਦੇ ਹਨ।

ਬਹੁਤ ਸਾਰੇ ਪੰਛੀ ਮਨੁੱਖ ਦੇ ਮਿੱਤਰ ਹਨ, ਜਿਹੜੇ ਹਾਨੀਕਾਰਕ ਕੀੜਿਆਂ ਨੂੰ ਖਾ ਕੇ ਫ਼ਸਲਾਂ ਦਾ ਬਚਾਅ ਕਰਦੇ ਹਨ। ਗਿਰਝਾਂ ਮੁਰਦੇ ਪਸ਼ੂਆਂ ਨੂੰ ਖਾ ਕੇ ਮੁਕਾ ਦਿੰਦੀਆਂ ਹਨ। ਕਈ ਪੰਛੀ ਪਰਵਾਸੀ ਵੀ ਹੁੰਦੇ ਹਨ, ਜੋ ਮੌਸਮ ਦੇ ਬਦਲਣ ਨਾਲ ਹਜ਼ਾਰਾਂ ਮੀਲ ਉੱਡਦੇ ਹੋਏ ਸਾਡੇ ਇਲਾਕੇ ਵਿੱਚ ਸਥਿਤ ਕਿਸੇ ਝੀਲ ਕੰਢੇ ਆ ਕੇ ਉੱਤਰਦੇ ਤੇ ਸਾਡੇ ਜੀਵਨ ਵਿੱਚ ਰੁਮਾਂਚ ਤੇ ਰੰਗੀਨੀ ਪੈਦਾ ਕਰਦੇ ਹਨ।