ਸਾਡਾ ਚਿੜੀਆਂ ਦਾ ਚੰਬਾ – ਪ੍ਰਸ਼ਨ – ਉੱਤਰ
ਪ੍ਰਸ਼ਨ 1 . ‘ਸਾਡਾ ਚਿੜੀਆਂ ਦਾ ਚੰਬਾ’ ਸੁਹਾਗ ਵਿੱਚ ਵਿਆਹੀ ਗਈ ਧੀ ਦੇ ਪੇਕੇ ਘਰ ਦੇ ਮੋਹ ਵਿੱਚੋਂ ਨਿਕਲਣ ਦੀ ਪੀੜਾ ਕਿਵੇਂ ਪ੍ਰਗਟਾਈ ਗਈ ਹੈ ?
ਉੱਤਰ – ਇਸ ਸੁਹਾਗ ਵਿੱਚ ਵਿਆਹੀ ਗਈ ਧੀ ਦੇ ਪੇਕੇ ਘਰ ਦੇ ਮੋਹ ਵਿੱਚੋਂ ਨਿਕਲਣ ਦੀ ਪੀੜਾ ਦਰਸਾਉਣ ਲਈ ਧੀ ਦੇ ਮੂੰਹੋਂ ਬਾਬਲ ਬਾਪ ਅੱਗੇ ਤਰਲਾ ਕੀਤਾ ਗਿਆ ਹੈ ਕਿ ਉਹ ਕਿਸੇ ਨਾ ਕਿਸੇ ਬਹਾਨੇ ਸਹੁਰੇ ਘਰ ਭੇਜਣ ਦੀ ਥਾਂ ਆਪਣੇ ਘਰ ਹੀ ਰੱਖ ਲਵੇ।
ਇਸੇ ਕਰਕੇ ਉਹ ਪਹਿਲਾਂ ਬਾਬਲ ਨੂੰ ਕਹਿੰਦੀ ਹੈ ਕਿ ਉਸ ਦੇ ਮਹਿਲਾਂ ਤੇ ਬਾਗ਼ਾਂ ਵਿੱਚੋਂ ਉਸ ਦੇ ਡੋਲੇ ਦੇ ਲੰਘਣ ਜੋਗਾ ਰਾਹ ਨਹੀਂ।
ਪਰ ਜਦੋਂ ਉਸ ਦਾ ਇਹ ਬਹਾਨਾ ਨਹੀਂ ਚਲਦਾ, ਤਾਂ ਉਹ ਬਾਬਲ ਨੂੰ ਕਹਿੰਦੀ ਹੈ ਕਿ ਉਸ ਦੇ ਜਾਣ ਮਗਰੋਂ ਉਸ ਦੇ ਘਰ ਵਿੱਚ ਨਾ ਕੋਈ ਗੁੱਡੀਆਂ – ਪਟੋਲੇ ਖੇਡਣ ਵਾਲੀ ਰਹੇਗੀ, ਨਾ ਕੋਈ ਚਰਖਾ ਕੱਤਣ ਵਾਲੀ ਤੇ ਨਾ ਕੋਈ ਕਸੀਦਾ ਕੱਢਣ ਵਾਲੀ, ਇਸ ਕਰਕੇ ਉਹ ਉਸ ਨੂੰ ਸਹੁਰੇ ਘਰ ਨਾ ਤੋਰੇ ਤੇ ਆਪਣੇ ਘਰ ਹੀ ਰੱਖ ਲਵੇ।
ਪ੍ਰਸ਼ਨ 2 . ‘ਸਾਡਾ ਚਿੜੀਆਂ ਦਾ ਚੰਬਾ’ ਸੁਹਾਗ ਵਿੱਚ ਬਾਬਲ ਆਪਣੀ ਵਿਆਹੀ ਗਈ ਧੀ ਦੇ ਪੇਕੇ ਘਰ ਰਹਿਣ ਦੇ ਕਿਸੇ ਤਰਲੇ ਨੂੰ ਕਿਉਂ ਨਹੀਂ ਮੰਨ ਰਿਹਾ?
ਉੱਤਰ – ਇਸ ਸੁਹਾਗ ਵਿੱਚ ਬਾਬਲ ਆਪਣੀ ਵਿਆਹੀ ਗਈ ਧੀ ਦੇ ਪੇਕੇ ਘਰ ਰਹਿਣ ਦੇ ਕਿਸੇ ਤਰਲੇ ਨੂੰ ਇਸ ਕਰਕੇ ਨਹੀਂ ਮੰਨਦਾ, ਕਿਉਂਕਿ ਉਹ ਸੰਸਾਰਿਕ ਰਸਮਾਂ – ਰੀਤਾਂ ਦਾ ਬੱਧਾ ਧੀ ਨੂੰ ਵਿਆਹੁਣ ਮਗਰੋਂ ਸਹੁਰੇ ਘਰ ਤੋਰਨ ਲਈ ਮਜਬੂਰ ਹੈ।
ਪ੍ਰਸ਼ਨ 3 . ‘ਸਾਡਾ ਚਿੜੀਆਂ ਦਾ ਚੰਬਾ’ ਸੁਹਾਗ ਵਿੱਚ ਧੀ ਆਪਣੇ ਬਾਬਲ ਦੇ ਘਰ ਨੂੰ ਵਡਿਆਉਂਦੀ ਹੈ। ਦੱਸੋ ਕਿਵੇਂ?
ਉੱਤਰ – ਇਸ ਸੁਹਾਗ ਵਿੱਚ ਧੀ ਆਪਣੇ ਬਾਬਲ ਦੇ ਘਰ ਨੂੰ ਬਾਗ਼ਾਂ ਵਿੱਚ ਘਿਰਿਆ ਮਹਿਲ ਕਹਿ ਕੇ ਵਡਿਆਉਂਦੀ ਹੈ।
ਪ੍ਰਸ਼ਨ 4 . ‘ਸਾਡਾ ਚਿੜੀਆਂ ਦਾ ਚੰਬਾ’ ਸੁਹਾਗ ਵਿੱਚ ਬਾਬਲ ਕਹਿੰਦਾ ਹੈ, ‘ਧੀਏ ਘਰ ਜਾ ਆਪਣੇ’ ਅਤੇ ਧੀ ਕਹਿੰਦੀ ਹੈ : ‘ਬਾਬਲ ਕਿਹੜੇ ਦੇਸ ਜਾਣਾ।’ ਇਸ ਸੁਹਾਗ ਵਿੱਚ ਦੱਸੇ ਗਏ ਇਨ੍ਹਾਂ ਦੋਹਾਂ ਸੰਸਾਰਾਂ ਬਾਰੇ ਨੋਟ ਲਿਖੋ।
ਉੱਤਰ – ਇਹ ਦੋਵੇਂ ਸੰਸਾਰ ਧੀ ਦਾ ਸਹੁਰਾ ਘਰ ਹੈ। ਬਾਬਲ ਧੀ ਦਾ ਸਹੁਰਾ ਘਰ ਆਪ ਲੱਭਦਾ ਹੈ, ਜਦ ਕਿ ਵਿਆਹ ਤੋਂ ਪਹਿਲਾਂ ਧੀ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਨੇ ਵਿਆਹ ਪਿੱਛੋਂ ਕਿਹੜੇ ਥਾਂ ਜਾ ਕੇ ਵੱਸਣਾ ਹੈ।
ਬਾਬਲ ਸੰਸਾਰਿਕ ਰਹੁ – ਰੀਤਾਂ ਦਾ ਬੱਝਾ ਧੀ ਨੂੰ ਸਹੁਰੇ ਘਰ ਤੋਰਨ ਲਈ ਮਜਬੂਰ ਹੁੰਦਾ ਹੈ। ਧੀ ਨੂੰ ਬੇਸ਼ਕ ਪੇਕੇ ਘਰ ਦਾ ਮੋਹ ਬਹੁਤ ਹੁੰਦਾ ਹੈ, ਪਰ ਉਸ ਨੂੰ ਵਿਆਹ ਅਤੇ ਸਹੁਰੇ ਘਰ ਦਾ ਚਾਅ ਹੁੰਦਾ ਹੈ।
ਪ੍ਰਸ਼ਨ 5 . ‘ਸਾਡਾ ਚਿੜੀਆਂ ਦਾ ਚੰਬਾ’ ਸੁਹਾਗ ਵਿੱਚ ਧੀ ਆਪਣੇ ਪੇਕੇ ਘਰੋਂ ਨਾ ਜਾਣ ਲਈ ਕਿਹੜੀਆਂ – ਕਿਹੜੀਆਂ ਦਲੀਲਾਂ ਦਿੰਦੀ ਹੈ?
ਉੱਤਰ – ਧੀ ਆਪਣੇ ਪੇਕੇ ਘਰੋਂ ਨਾ ਜਾਣ ਲਈ ਆਪਣੇ ਬਾਬਲ ਨੂੰ ਪਹਿਲਾਂ ਤਾਂ ਇਹ ਕਹਿੰਦੀ ਹੈ ਕਿ ਉਸ ਦੇ ਮਹਿਲਾਂ ਤੇ ਬਾਗ਼ਾਂ ਵਿੱਚੋਂ ਉਸ ਦਾ ਡੋਲਾ ਬਾਹਰ ਨਿਕਲਣ ਜੋਗਾ ਰਾਹ ਹੀ ਨਹੀਂ।
ਜਦੋਂ ਉਸ ਦੀ ਇਹ ਦਲੀਲ ਨਹੀਂ ਚਲਦੀ ਤਾਂ ਉਹ ਆਪਣੇ ਬਾਪ ਨੂੰ ਕਹਿੰਦੀ ਹੈ ਕਿ ਉਸ ਦੇ ਘਰੋਂ ਜਾਣ ਮਗਰੋਂ ਉਸ ਦੇ ਘਰ ਵਿੱਚ ਨਾ ਕੋਈ ਗੁੱਡੀਆਂ ਪਟੋਲੇ ਖੇਡਣ ਵਾਲੀ ਰਹੇਗੀ, ਨਾ ਚਰਖਾ ਕੱਤਣ ਵਾਲੀ ਤੇ ਨਾ ਹੀ ਕਸੀਦਾ ਕੱਢਣ ਵਾਲੀ।
ਪ੍ਰਸ਼ਨ 6. ‘ਸਾਡਾ ਚਿੜੀਆਂ ਦਾ ਚੰਬਾ’ ਸੁਹਾਗ ਵਿੱਚ ਬਾਬਲ ਤੇ ਧੀ ਦੇ ਵਾਰਤਾਲਾਪ ਨੂੰ ਵਾਰਤਕ ਵਿੱਚ ਲਿਖੋ।
ਉੱਤਰ – ਧੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਸ ਦੇ ਘਰ ਵਿੱਚ ਉਨ੍ਹਾਂ ਦਾ ਡੇਰਾ ਚਿੜੀਆਂ ਦੇ ਝੁਰਮੁਟ ਵਾਂਗ ਹੈ, ਜੋ ਕਿ ਆਖ਼ਰ ਉੱਡ ਜਾਵੇਗਾ ਤੇ ਪਤਾ ਨਹੀਂ ਕਿਹੜੇ ਦੇਸ ਚਲਾ ਜਾਵੇਗਾ।
ਵਿਆਹ ਪਿੱਛੋਂ ਡੋਲੇ ਪਈ ਧੀ ਪੇਕੇ ਘਰ ਦੇ ਮੋਹ ਕਾਰਨ ਜਾਣਾ ਨਹੀਂ ਚਾਹੁੰਦੀ ਤੇ ਆਪਣੇ ਬਾਬਲ ਅੱਗੇ ਤਰਲਾ ਕਰਦੀ ਹੈ ਉਸ ਦੇ ਮਹਿਲਾਂ ਦੀ ਤੰਗ ਗਲ਼ੀ ਵਿੱਚੋਂ ਉਸ ਦਾ ਡੋਲਾ ਨਹੀਂ ਲੰਘਦਾ, ਇਸ ਕਰਕੇ ਉਹ ਉਸਨੂੰ ਘਰ ਹੀ ਰੱਖ ਲਵੇ।
ਬਾਬਲ ਕਹਿੰਦਾ ਹੈ ਕਿ ਉਹ ਇੱਕ ਇੱਟ ਪੁਟਾ ਕੇ ਉਸ ਦੇ ਡੋਲੇ ਦੇ ਲੰਘਣ ਜੋਗਾ ਰਾਹ ਬਣਾ ਦਿੰਦਾ ਹੈ। ਉਹ ਰਾਜ਼ੀ ਖੁਸ਼ੀ ਆਪਣੇ ਸਹੁਰੇ ਘਰ ਜਾਵੇ।
ਧੀ ਫ਼ਿਰ ਤਰਲਾ ਕਰਦੀ ਹੈ ਕਿ ਉਸ ਦੇ ਬਾਗ਼ਾਂ ਵਿੱਚੋਂ ਡੋਲਾ ਲੰਘਣ ਜੋਗਾ ਰਾਹ ਨਹੀਂ।
ਬਾਬਲ ਕਹਿੰਦਾ ਹੈ ਕਿ ਉਹ ਇੱਕ ਟਾਹਲੀ ਵਢਾ ਕੇ ਉਸ ਦੇ ਡੋਲੇ ਦੇ ਲੰਘਣ ਜੋਗਾ ਰਾਹ ਬਣਾ ਦਿੰਦਾ ਹੈ। ਉਹ ਰਾਜ਼ੀ ਖੁਸ਼ੀ ਆਪਣੇ ਸਹੁਰੇ ਘਰ ਹੀ ਜਾਵੇ।
ਧੀ ਫ਼ਿਰ ਤਰਲਾ ਕਰਦੀ ਹੈ ਕਿ ਉਸ ਦੇ ਬਾਬਲ ਦੇ ਘਰੋਂ ਜਾਣ ਮਗਰੋਂ ਉਸ ਦੇ ਘਰ ਵਿੱਚ ਕੋਈ ਗੁੱਡੀਆਂ – ਪਟੋਲੇ ਖੇਡਣ ਵਾਲੀ ਨਹੀਂ ਰਹੇਗੀ, ਇਸ ਕਰਕੇ ਉਹ ਉਸ ਨੂੰ ਘਰ ਹੀ ਰੱਖ ਲਵੇ।
ਬਾਬਲ ਉੱਤਰ ਦਿੰਦਾ ਹੈ ਕਿ ਉਸ ਦੇ ਜਾਣ ਮਗਰੋਂ ਉਸ ਦੀਆਂ ਪੋਤਰੀਆਂ ਗੁੱਡੀਆਂ – ਪਟੋਲੇ ਖੇਡਣਗੀਆਂ, ਇਸ ਕਰਕੇ ਉਹ ਰਾਜ਼ੀ ਖੁਸ਼ੀ ਆਪਣੇ ਸਹੁਰੇ ਘਰ ਹੀ ਜਾਵੇ।
ਧੀ ਹੋਰ ਤਰਲਾ ਮਾਰਦੀ ਹੈ ਕਿ ਉਹਦੇ ਜਾਣ ਮਗਰੋਂ ਉਸ ਦੇ ਬਾਬਲ ਦੇ ਘਰ ਵਿੱਚ ਕੋਈ ਚਰਖਾ ਕੱਤਣ ਵਾਲੀ ਨਹੀਂ ਰਹਿ ਜਾਵੇਗੀ।
ਬਾਬਲ ਕਹਿੰਦਾ ਹੈ ਕਿ ਉਸ ਦੇ ਜਾਣ ਮਗਰੋਂ ਉਸ ਦੀਆਂ ਪੋਤਰੀਆਂ ਚਰਖ਼ਾ ਕੱਤਣਗੀਆਂ। ਇਸ ਕਰਕੇ ਉਹ ਆਪਣੇ ਘਰ ਹੀ ਜਾਵੇ।
ਧੀ ਅੰਤਿਮ ਤਰਲਾ ਕਰਦੀ ਹੋਈ ਕਹਿੰਦੀ ਹੈ ਕਿ ਉਸ ਦੇ ਜਾਣ ਮਗਰੋਂ ਉਸ ਦਾ ਅਧੂਰਾ ਰਹਿ ਗਿਆ ਕਸੀਦਾ ਕੌਣ ਪੂਰਾ ਕਰੇਗਾ?
ਬਾਬਲ ਉੱਤਰ ਦਿੰਦਾ ਹੈ ਕਿ ਉਸ ਦੇ ਜਾਣ ਮਗਰੋਂ ਉਸ ਦੀਆਂ ਪੋਤਰੀਆਂ ਕਸੀਦਾ ਕੱਢਣਗੀਆਂ। ਇਸ ਕਰਕੇ ਉਹ ਰਾਜ਼ੀ ਖੁਸ਼ੀ ਆਪਣੇ ਸਹੁਰੇ ਘਰ ਹੀ ਜਾਵੇ।