ਸਾਈਬਰ ਅਪਰਾਧ – ਪੈਰਾ ਰਚਨਾ

ਜਿਹੜੇ ਜੁਰਮ ਵਿਚ ਕੰਪਿਊਟਰ ਜਾਂ ਮੋਬਾਈਲ ਫ਼ੋਨ ਸ਼ਾਮਿਲ ਹੋਵੇ, ਉਸਨੂੰ ‘ਸਾਈਬਰ ਅਪਰਾਧ’ ਕਿਹਾ ਜਾਂਦਾ ਹੈ। ਅਜੋਕੇ ਸਮੇਂ ਵਿਚ ਜਿੱਥੇ ਟੈਕਨੋਲੋਜੀ ਦੀਆਂ ਕਾਢਾਂ ਨੇ ਜੀਵਨ ਵਿਚ ਨਵੇਂ ਪਸਾਰ ਖੋਲ੍ਹੇ ਹਨ, ਉੱਥੇ ਇਨ੍ਹਾਂ ਦੀ ਦੁਰਵਰਤੋਂ ਵੀ ਵੱਡੇ ਪੱਧਰ ‘ਤੇ ਹੋ ਰਹੀ ਹੈ। ਅੱਜ – ਕੱਲ੍ਹ ਖ਼ੁਦਗਰਜ਼ ਤੇ ਸ਼ਰਾਰਤੀ ਅਨਸਰਾਂ ਦੁਆਰਾ ਗਿਣ – ਮਿਥ ਕੇ ਕੰਪਿਊਟਰ ਅਤੇ ਮੋਬਾਈਲ ਉੱਤੇ ਅਸ਼ਲੀਲ, ਲੱਚਰ ਤੇ ਭੜਕਾਊ ਸ਼ਬਦਾਵਲੀ ਅਤੇ ਤਸਵੀਰਾਂ ਭੇਜ ਕੇ ਸਮਾਜਿਕ ਵਾਤਾਵਰਨ ਨੂੰ ਪਲੀਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਈਬਰ ਕਰਾਈਮ ਦੇ ਅਧੀਨ ਕਿਸੇ ਦੇ ਈ – ਮੇਲ ਖਾਤੇ ਨੂੰ ਹਾਈਜੈਕ ਕਰਨ ਤੇ ਬੈਂਕ ਖ਼ਾਤਿਆਂ ਨਾਲ ਛੇੜ – ਛਾੜ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਅਪਰਾਧੀ ਲੋਕਾਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਵੀ ਕਰਦੇ ਹਨ ਤੇ ਨਾਲ – ਨਾਲ ਵੱਡੀਆਂ ਲਾਟਰੀਆਂ ਦੇ ਛਲਾਵਿਆਂ ਨਾਲ ਭੋਲੇ – ਭਾਲੇ ਲੋਕਾਂ ਨੂੰ ਆਪਣੇ ਸ਼ਿਕਾਰ ਵੀ ਬਣਾਉਂਦੇ ਹਨ।

ਕਈ ਵਾਰੀ ਸਮਾਜ ਦੋਖੀ ਅਨਸਰਾਂ ਦੁਆਰਾ ਈ – ਮੇਲ, ਫੇਸਬੁੱਕ, ਟਵਿੱਟਰ, ਵਟਸਐਪ ਤੇ ਮੋਬਾਈਲ ਦੁਆਰਾ ਲੋਕਾਂ ਨੂੰ ਡਰਾਇਆ, ਧਮਕਾਇਆ ਤੇ ਭੜਕਾਇਆ ਜਾਂਦਾ ਹੈ। ਏ. ਟੀ. ਐੱਮ. ਤੋਂ ਧੋਖੇ ਨਾਲ ਪੈਸੇ ਕਢਾਏ ਜਾਂਦੇ ਹਨ ਅਤੇ ਕਰੈਡਿਟ ਕਾਰਡ ਤੇ ਡੈਬਿਟ ਕਾਰਡ ਦੀ ਧੋਖੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਠਗਿਆ ਜਾਂਦਾ ਹੈ। ਇਸ ਤਰ੍ਹਾਂ ਦੇ ਵਧਦੇ ਅਪਰਾਧਾਂ ਕਰਕੇ ਹੀ ਸਰਕਾਰ ਨੂੰ ਸਾਈਬਰ ਅਪਰਾਧ ਕਾਨੂੰਨ ਅਤੇ ਸਾਈਬਰ ਥਾਣਿਆਂ ਦੀ ਸਥਾਪਨਾ ਕਰਨੀ ਪਈ ਹੈ। ਅਜਿਹੇ ਅਪਰਾਧਾਂ ਤੋਂ ਬਚਣ ਲਈ ਸਾਨੂੰ ਕਿਸੇ ਨਾਲ ਵੀ ਆਪਣਾ ਗੁਪਤ ਪਾਸਵਰਡ ਸਾਂਝਾ ਨਹੀਂ ਕਰਨਾ ਚਾਹੀਦਾ ਤੇ ਥੌੜ੍ਹੇ – ਥੌੜ੍ਹੇ ਚਿਰ ਮਗਰੋਂ ਆਪਣਾ ਪਾਸਵਰਡ ਬਦਲਦੇ ਰਹਿਣਾ ਚਾਹੀਦਾ ਹੈ। ਸਾਈਬਰ ਕੈਫ਼ੇ ਵਿੱਚੋਂ ਨਿਕਲਣ ਤੋਂ ਪਹਿਲਾਂ ਆਪਣੀ ਆਈ. ਡੀ. ਨੂੰ ਲਾਗ ਆਊਟ ਕਰ ਦੇਣਾ ਚਾਹੀਦਾ ਹੈ। ਰਾਸ਼ਟਰੀ ਤੇ ਅੰਤਰਰਾਸ਼ਟਰੀ ਧੋਖੇਬਾਜ਼ਾਂ ਦੇ ਭੁਚਲਾਉ ਸੰਦੇਸ਼ਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਆਪਣੀ ਨਿੱਜੀ ਵਾਕਫੀ ਤੇ ਫੋਟੋਆਂ ਅਣਜਾਣ ਲੋਕਾਂ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ। ਸੋਸ਼ਲ ਨੈਟਵਰਕਾਂ ਦੀ ਸਾਵਧਾਨੀ ਨਾਲ ਵਰਤੋਂ ਕਰਕੇ ਹੀ ਸਾਈਬਰ ਅਪਰਾਧ ਦੇ ਸ਼ਿਕਾਰ ਬਣਨ ਤੋਂ ਬਚ ਸਕਦੇ ਹਾਂ।